ਵਾਰਦਾਤ ਨੂੰ ਅੰਜਾਮ ਦੇ ਕੇ ਭੱਜੇ ਚੋਰ ਨਾਲ ਵਾਪਰਿਆ ਭਿਆਨਕ ਹਾਦਸਾ
ਤਾਮਿਲਨਾਡੂ 'ਚ 53 ਸਾਲਾ ਮਹਿਲਾ ਪ੍ਰੋਫੈਸਰ ਨੂੰ ਲੁੱਟਣ ਲਈ ਉਸ 'ਤੇ ਜਾਨਲੇਵਾ ਹਮਲਾ ਕੀਤਾ। ਇੱਥੇ ਇੱਕ ਬਦਮਾਸ਼ ਨੇ ਸੜਕ 'ਤੇ ਪੈਦਲ ਜਾ ਰਹੀ ਔਰਤ ਨੂੰ ਲੱਕੜ ਦੇ ਸਲੈਬ ਨਾਲ ਬੁਰੀ ਤਰ੍ਹਾਂ ਮਾਰਿਆ ਜਿਸ ਕਾਰਨ ਉਹ ਜ਼ਮੀਨ 'ਤੇ ਡਿੱਗ ਕੇ ਬੇਹੋਸ਼ ਹੋ ਗਈ। ਇਹ ਘਟਨਾ ਐਤਵਾਰ ਨੂੰ ਤ੍ਰਿਚੀ 'ਚ ਵਾਪਰੀ, ਜਿਸ ਦਾ ਵੀਡੀਓ ਹੁਣ ਸਾਹਮਣੇ ਆਇਆ ਹੈ।
ਵੀਡੀਓ 'ਚ ਦੇਖਿਆ ਜਾ ਰਿਹਾ ਹੈ ਕਿ ਇਕ ਵਿਅਕਤੀ ਔਰਤ ਨੂੰ ਖਿੱਚ ਕੇ ਲੈ ਜਾ ਰਿਹਾ ਹੈ। ਫਿਰ ਥੋੜ੍ਹੀ ਦੂਰ ਜਾ ਕੇ ਉਸ ਨੂੰ ਛੱਡ ਦਿੱਤਾ। ਇਸ ਤੋਂ ਬਾਅਦ ਮੁਲਜ਼ਮ ਔਰਤ ਦਾ ਮੋਬਾਈਲ, ਪੈਸੇ ਅਤੇ ਸਕੂਟਰ ਦੀ ਚਾਬੀ ਖੋਹ ਕੇ ਉਸ 'ਤੇ ਹੀ ਫ਼ਰਾਰ ਹੋ ਗਿਆ। ਵਾਰਦਾਤ ਨੂੰ ਅੰਜਾਮ ਦੇ ਕੇ ਭੱਜੇ ਇਸ ਬੇਰਹਿਮ ਚੋਰ ਨਾਲ ਰਾਹ ਵਿਚ ਹੀ ਹਾਦਸਾ ਵਾਪਰ ਗਿਆ।
ਇਹ ਵੀ ਪੜ੍ਹੋ: 22 ਮਾਰਚ ਨੂੰ ਵਿਧਾਨ ਸਭਾ ਦਾ ਘਿਰਾਓ ਕਰੇਗੀ ਪੰਜਾਬ ਕਾਂਗਰਸ
ਜਦੋਂ ਔਰਤ ਨੂੰ ਹੋਸ਼ ਆਇਆ ਤਾਂ ਉਸ ਨੇ ਪੁਲਿਸ ਨੂੰ ਇਸ ਬਾਰੇ ਸ਼ਿਕਾਇਤ ਕੀਤੀ।ਪੁਲਿਸ ਨੇ ਦੱਸਿਆ ਕਿ ਔਰਤ ਦਾ ਨਾਮ ਸੀਤਾਲਕਸ਼ਮੀ ਹੈ। ਉਹ ਇਥੇ ਇੱਕ ਯੂਨੀਵਰਸਿਟੀ ਵਿੱਚ ਪ੍ਰੋਫੈਸਰ ਹੈ। ਘਟਨਾ ਤੋਂ ਬਾਅਦ ਔਰਤ ਬੇਹੋਸ਼ ਹੋ ਗਈ ਸੀ। ਜਿਵੇਂ ਹੀ ਉਸ ਨੂੰ ਹੋਸ਼ ਆਇਆ ਤਾਂ ਉਸ ਨੇ ਪੁਲਿਸ ਨੂੰ ਸੂਚਨਾ ਦਿੱਤੀ, ਇਸ ਤੋਂ ਤੁਰੰਤ ਬਾਅਦ ਪੁਲਿਸ ਮੌਕੇ 'ਤੇ ਪਹੁੰਚੀ ਅਤੇ ਔਰਤ ਤੋਂ ਪੁੱਛਗਿੱਛ ਕੀਤੀ। ਉਥੇ ਮੌਜੂਦ ਲੋਕਾਂ ਨੇ ਘਟਨਾ ਦੀ ਵੀਡੀਓ ਬਣਾ ਲਈ ਸੀ, ਜਿਸ ਨਾਲ ਦੋਸ਼ੀ ਨੂੰ ਫੜਨ 'ਚ ਮਦਦ ਮਿਲੀ। ਹਾਲਾਂਕਿ ਔਰਤ ਹੁਣ ਠੀਕ ਹੈ। ਇਸ ਦੇ ਨਾਲ ਹੀ ਪੁਲਿਸ ਨੇ ਦੋਸ਼ੀ ਖ਼ਿਲਾਫ਼ ਮਾਮਲਾ ਦਰਜ ਕਰ ਲਿਆ ਹੈ।
ਪੁਲਿਸ ਨੇ ਦੱਸਿਆ ਕਿ ਦੋਸ਼ੀ ਦੀ ਪਹਿਚਾਣ ਸੇਂਥਿਲ ਕੁਮਾਰ ਵਜੋਂ ਹੋਈ ਹੈ। ਜਦੋਂ ਉਹ ਉਸ ਨੂੰ ਫੜਨ ਲਈ ਗਏ ਤਾਂ ਪਤਾ ਲੱਗਾ ਕਿ ਜਦੋਂ ਉਹ ਔਰਤ ਤੋਂ ਖੋਹ ਕਰ ਕੇ ਭੱਜ ਰਿਹਾ ਸੀ ਤਾਂ ਉਸ ਨਾਲ ਹਾਦਸਾ ਵਾਪਰ ਗਿਆ ਸੀ। ਉਸ ਦੀ ਲੱਤ 'ਤੇ ਸੱਟ ਲੱਗਣ ਕਾਰਨ ਕਾਫੀ ਜ਼ਖ਼ਮੀ ਹੋ ਗਿਆ ਹੈ। ਠੀਕ ਹੁੰਦੇ ਹੀ ਉਸ ਨੂੰ ਗ੍ਰਿਫਤਾਰ ਕਰ ਲਿਆ ਜਾਵੇਗਾ।