
ਜੂਨ ਦੇ ਪਹਿਲੇ ਹਫ਼ਤੇ 'ਚ ਦਸਤਕ ਦੇਣ ਦੀ ਸੰਭਾਵਨਾ
ਮੌਸਮ ਵਿਭਾਗ ਨੇ ਦੇਸ਼ ਵਿਚ ਇਸ ਸਾਲ ਮਈ ਦੇ ਆਖ਼ਰੀ ਜਾਂ ਜੂਨ ਦੇ ਪਹਿਲੇ ਹਫ਼ਤੇ ਵਿਚ ਮਾਨਸੂਨ ਦੇ ਦਸਤਕ ਦੇਣ ਦੇ ਆਧਾਰ ਤੇ ਪਿਛਲੇ ਤਿੰਨ ਸਾਲ ਦੀ ਤਰ੍ਹਾਂ ਇਸ ਸਾਲ ਵੀ ਸਾਧਾਰਨ ਮੀਂਹ ਪੈਣ ਦੀ ਸੰਭਾਵਨਾ ਪ੍ਰਗਟਾਈ ਹੈ।ਮੌਸਮ ਵਿਭਾਗ ਦੀ ਇਸ ਭਵਿੱਖਬਾਣੀ ਤੋਂ ਬਾਅਦ ਖੇਤੀਬਾੜੀ ਸਕੱਤਰ ਐਸ.ਕੇ. ਪਟਨਾਇਕ ਨੇ ਕਿਹਾ ਕਿ ਇਸ ਨਾਲ ਦੇਸ਼ ਦੀ ਅਨਾਜ ਪੈਦਾਵਾਰ ਦਾ ਨਵਾਂ ਰੀਕਾਰਡ ਬਣੇਗਾ ਅਤੇ ਅਨਾਜ ਦੀ ਪੈਦਾਵਾਰ ਇਸ ਸਾਲ ਦੇ 27 ਕਰੋੜ 75 ਲੱਖ ਟਨ ਦੇ ਰੀਕਾਰਡ ਨੂੰ ਵੀ ਪਾਰ ਕਰ ਜਾਵੇਗੀ। ਦਖਣੀ-ਪਛਮੀ ਮਾਨਸੂਨ ਭਾਰਤ ਦੀ ਖੇਤੀ ਸਮੇਤ ਅਰਥਚਾਰੇ ਲਈ ਜੀਵਨ ਰੇਖਾ ਵਾਂਗ ਹੈ। ਦੇਸ਼ ਦੀ 50 ਫ਼ੀ ਸਦੀ ਆਬਾਦੀ ਖੇਤੀ 'ਤੇ ਨਿਰਭਰ ਕਰਦੀ ਹੈ ਅਤੇ ਇਸ ਦਾ ਖੇਤੀ ਅਤੇ ਸਬੰਧਤ ਖੇਤਰਾਂ ਦਾ ਯੋਗਦਾਨ 15 ਫ਼ੀ ਸਦੀ ਤਕ ਹੈ। ਮੌਸਮ ਵਿਭਾਗ ਦੇ ਮਹਾਨਿਦੇਸ਼ਕ ਕੇ.ਜੇ. ਸੁਰੇਸ਼ ਨੇ ਅੱਜ ਇਸ ਸਾਲ ਦੇ ਮੌਸਮ ਬਾਰੇ ਦਸਦੇ ਹੋਏ ਇਹ ਜਾਣਕਾਰੀ ਦਿਤੀ। ਸੁਰੇਸ਼ ਨੇ ਪਹਿਲੇ ਪੜਾਅ ਵਿਚ ਅਪ੍ਰੈਲ ਤੋਂ ਜੂਨ ਤਕ ਦੇ ਮੌਸਮ ਦਾ ਹਾਲ ਬਿਆਨ ਕਰਦੇ ਹੋਏ ਪੱਤਰਕਾਰਾਂ ਨੂੰ ਦਸਿਆ ਕਿ ਇਸ ਸਾਲ ਦੱਖਣ-ਪੱਛਮ ਵਾਲਾ ਮਾਨਸੂਨ ਮਈ ਦੇ ਅਖ਼ੀਰ ਜਾਂ ਜੂਨ ਦੇ ਪਹਿਲੇ ਹਫ਼ਤੇ ਵਿਚ ਕੇਰਲ ਸਮੁੰਦਰੀ ਕੰਢੇ ਦਸਤਕ ਦੇਵੇਗੀ।
weather forecasting
ਉਨ੍ਹਾਂ ਦਸਿਆ ਕਿ ਮਾਨਸੂਨ ਦੇ ਸਰਗਰਮ ਹੋਣ ਤੋਂ ਬਾਅਦ ਇਸ ਦੀ ਅਸਲੀ ਅਨੁਮਾਨਿਤ ਮਾਤਰਾ ਬਾਰੇ ਆਉਣ ਵਾਲੇ ਜੂਨ ਮਹੀਨੇ ਦੇ ਦੂਜੇ ਹਫ਼ਤੇ ਵਿਚ ਦਸਿਆ ਜਾ ਸਕੇਗਾ। ਉਸੀ ਸਮੇਂ ਦੇਸ਼ ਦੇ ਵੱਖੋ-ਵੱਖਰੇ ਹਿੱਸਿਆਂ ਵਿਚ ਮੀਂਹ ਦੇ ਪੱਧਰ ਦੀ ਭਵਿੱਖਬਾਣੀ ਕੀਤੀ ਜਾ ਸਕੇਗੀ। ਸੁਰੇਸ਼ ਨੇ ਦਸਿਆ ਕਿ ਪਹਿਲੇ ਪੜਾਅ ਦੀ ਭਵਿੱਖਬਾਣੀ ਦੇ ਮੁਤਾਬਕ ਇਸ ਸਾਲ ਸਧਾਰਨ ਮੀਂਹ ਹੋਣ ਦੀ ਸੰਭਾਵਨਾ 97 ਫ਼ੀ ਸਦੀ ਹੈ । ਮਾਨਸੂਨ ਮਿਸ਼ਨ ਜਲਵਾਯੂ ਭਵਿੱਖਬਾਣੀ ਪ੍ਰਣਾਲੀ ਦੇ ਆਧਾਰ 'ਤੇ ਉਨ੍ਹਾਂ ਦਸਿਆ ਕਿ ਸਮੁੱਚੇ ਦੇਸ਼ ਵਿਚ ਮਾਨਸੂਨ ਰੁੱਤ ਦੌਰਾਨ ਜੂਨ ਤੋਂ ਸਤੰਬਰ ਦੇ ਵਿਚ ਹੋਣ ਵਾਲੀ ਵਰਖਾ ਦਾ ਔਸਤ ਪੱਧਰ 99 ਫ਼ੀ ਸਦੀ ਤਕ ਰਹਿਣ ਦਾ ਅੰਦਾਜ਼ਾ ਹੈ। (ਪੀਟੀਆਈ)