
ਲਖਨਊ ਵਿਚ ਇਕ ‘ਨਾਈਟ ਕਲੱਬ’ ਦਾ ਉਦਘਾਟਨ ਕਰ ਕੇ ਵਿਵਾਦਾਂ ਵਿਚ ਫਸੇ ਉਂਨਾਵ ਦੇ ਭਾਜਪਾ ਸੰਸਦ ਸਾਕਸ਼ੀ ਮਹਾਰਾਜ
ਲਖਨਊ : ਲਖਨਊ ਵਿਚ ਇਕ ‘ਨਾਈਟ ਕਲੱਬ’ ਦਾ ਉਦਘਾਟਨ ਕਰ ਕੇ ਵਿਵਾਦਾਂ ਵਿਚ ਫਸੇ ਉਂਨਾਵ ਦੇ ਭਾਜਪਾ ਸੰਸਦ ਸਾਕਸ਼ੀ ਮਹਾਰਾਜ ਨੇ ਧੋਖੇ ਨਾਲ ਉਦਘਾਟਨ ਕਰਵਾਏ ਜਾਣ ਦਾ ਦੋਸ਼ ਲਗਾਉਂਦੇ ਹੋਏ ਐਸ ਐਸ ਪੀ ਨੂੰ ਕਾਰਵਾਈ ਲਈ ਪੱਤਰ ਲਿਖਿਆ ਹੈ। ਸਾਕਸ਼ੀ ਮਹਾਰਾਜ ਨੇ ਐਸ ਐਸ ਪੀ ਨੂੰ ਲਿਖੇ ਪੱਤਰ ਵਿਚ ਕਿਹਾ ਹੈ ਕਿ ਰੱਜਨ ਸਿੰਘ ਚੌਹਾਨ ਨਾਮੀ ਵਕੀਲ ਐਤਵਾਰ ਨੂੰ ਉਨ੍ਹਾਂ ਨੂੰ ਲਖਨਊ ਦੇ ਅਲੀਗੰਜ ਵਿਚ ਇਕ ਰੈਸਟੋਰੈਂਟ ਦਾ ਉਦਘਾਟਨ ਕਰਵਾਉਣ ਲਈ ਲੈ ਕੇ ਗਏ ਸਨ। ਚੌਹਾਨ ਨੂੰ ਸੰਸਥਾ ਦੇ ਮਾਲਕ ਸੁਮਿਤ ਸਿੰਘ ਅਤੇ ਅਮਿਤ ਗੁਪਤਾ ਨੇ ਆਪਣੇ ‘ਰੈਸਟੋਰੈਂਟ’ ਦਾ ਉਦਘਾਟਨ ਕਰਵਾਉਣ ਲਈ ਬੁਲਾਇਆ ਸੀ।
ਸੰਸਦ ਮੈਂਬਰ ਦਾ ਕਹਿਣਾ ਹੈ ਕਿ ਉਹ ਬਹੁਤ ਕਾਹਲੀ ਵਿਚ ਸਨ ਅਤੇ ਦੋ ਮਿੰਟ ਵਿਚ ਫ਼ੀਤਾ ਕੱਟ ਕੇ ਉਦਘਾਟਨ ਕਰਨ ਤੋਂ ਬਾਅਦ ਦਿੱਲੀ ਜਾਣ ਲਈ ਹਵਾਈ ਅੱਡੇ ਵਲ ਚਲੇ ਗਏ ਸਨ। ਬਾਅਦ ਵਿਚ ਮੀਡੀਆ ਤੋਂ ਪਤਾ ਲਗਿਆ ਕਿ ਜਿਸ ਸੰਸਥਾ ਦਾ ਉਨ੍ਹਾਂ ਨੇ ਉਦਘਾਟਨ ਕੀਤਾ, ਉਹ ਰੈਸਟੌਰੈਂਟ ਨਹੀਂ ਸਗੋਂ ਨਾਈਟ ਕਲੱਬ ਜਾਂ ਹੁਕਾ ਬਾਰ ਹੈ। ਸਾਕਸ਼ੀ ਮਹਾਰਾਜ ਨੇ ਪੱਤਰ ਵਿਚ ਇਹ ਵੀ ਦਾਅਵਾ ਕੀਤਾ ਕੇ ‘ਮੈਂ ਰੈਸਟੌਰੈਂਟ ਦੇ ਮਾਲਕ ਤੋਂ ਲਾਇਸੈਂਸ ਮੰਗਿਆ ਹੈ, ਪਰ ਉਹ ਲਾਇਸੈਂਸ ਦੇਣ ਵਿਚ ਅਸਮਰਥ ਲਗਦਾ ਹੈ।
ਸਾਕਸ਼ੀ ਮਹਾਰਾਜ ਨੇ ਪੱਤਰ ਵਿਚ ਕਿਹਾ ਕਿ ਇਸ ਘਟਨਾ ਨਾਲ ਉਨ੍ਹਾਂ ਦੀ ਸ਼ਾਖ਼ ਨੂੰ ਬਹੁਤ ਗਹਿਰੀ ਸੱਟ ਲਗੀ ਹੈ। ਉਨ੍ਹਾਂ ਨੇ ਐਸ ਐਸ ਪੀ ਨੂੰ ਅਪੀਲ ਕੀਤੀ ਕਿ ਰੈਸਟੋਰੈਂਟ ਦੀ ਜਾਂਚ ਕਰ ਕੇ ਉਸ ਨੂੰ ਬੰਦ ਕਰਵਾਇਆ ਜਾਵੇ ਅਤੇ ਦੋਸ਼ੀਆਂ ਵਿਰੁੱਧ ਸਖ਼ਤ ਤੋਂ ਸਖ਼ਤ ਕਾਰਵਾਈ ਕੀਤੀ ਜਾਵੇ। ਦਸ ਦਈਏ ਕਿ ਸਾਕਸ਼ੀ ਮਹਾਰਾਜ ਦੀ ਇਕ ਸੰਸਥਾ ਦਾ ਉਦਘਾਟਨ ਕਰਦੇ ਹੋਏ ਇਕ ਤਸਵੀਰ ਐਤਵਾਰ ਨੂੰ ਸੋਸ਼ਲ ਮੀਡੀਆ 'ਤੇ ਵਾਇਰਲ ਹੋਈ ਸੀ। ਦਾਅਵਾ ਕੀਤਾ ਗਿਆ ਸੀ ਕਿ ਉਨ੍ਹਾਂ ਨੇ ਨਾਈਟ ਕਲੱਬ ਦਾ ਉਦਘਾਟਨ ਕੀਤਾ ਹੈ। ਸੰਸਦ ਮੈਂਬਰ ਨੂੰ ਉਦਘਾਟਨ ਕਰਵਾਉਣ ਲਈ ਲੈ ਗਏ ਰੱਜਨ ਸਿੰਘ ਚੌਹਾਨ ਨੇ ਦਸਿਆ ਕਿ ਉਹ ਰੈਸਟੋਰੈਂਟ ਉਨ੍ਹਾਂ ਦੇ ਜੁਆਈ ਦਾ ਹੈ ਅਤੇ ਫ਼ਰਵਰੀ ਵਿਚ ਉਸ ਦੀ ਰਜਿਸਟ੍ਰੇਸ਼ਨ ਵੀ ਕਰਵਾਈ ਗਈ ਸੀ ਅਤੇ ਇਕ - ਦੋ ਦਿਨ ਵਿਚ ਉਸ ਦਾ ਲਾਈਸੈਂਸ ਵੀ ਮਿਲ ਜਾਵੇਗਾ।