
ਦੇਸ਼ ਵਿਚ ਨਕਦੀ ਦੀ ਕਮੀ ਨਹੀਂ : ਅਰੁਣ ਜੇਤਲੀ
ਦੇਸ਼ ਦੇ ਕਈ ਹਿੱਸਿਆਂ ਵਿਚ ਇਕ ਵਾਰ ਫ਼ਿਰ ਨੋਟਬੰਦੀ ਵਰਗੇ ਹਾਲਾਤ ਨਜ਼ਰ ਆ ਰਹੇ ਹਨ। ਕਈ ਸੂਬਿਆਂ ਅਤੇ ਵੱਡੇ ਸ਼ਹਿਰਾਂ ਵਿਚ ਏ.ਟੀ.ਐਮਜ਼. ਦੇ ਬਾਹਰ ਲੰਮੀਆਂ ਕਤਾਰਾਂ ਲੱਗੀਆਂ ਹੋਈਆਂ ਹਨ ਫਿਰ ਵੀ ਲੋਕਾਂ ਦੇ ਹੱਥ ਨੋਟ ਨਹੀਂ ਲੱਗ ਰਹੇ। ਪ੍ਰਭਾਵਤ ਸੂਬਿਆਂ ਵਿਚ ਉੱਤਰ ਪ੍ਰਦੇਸ਼, ਉਤਰਾਖੰਡ, ਬਿਹਾਰ, ਝਾਰਖੰਡ, ਮੱਧ ਪ੍ਰਦੇਸ਼, ਗੁਜਰਾਤ, ਆਂਧਰ ਪ੍ਰਦੇਸ਼, ਤੇਲੰਗਾਨਾ ਅਤੇ ਕਰਨਾਟਕ ਦੇ ਕਈ ਸ਼ਹਿਰ ਸ਼ਾਮਲ ਹਨ। ਨਕਦੀ ਦੀ ਕਮੀ ਨੂੰ ਵੇਖਦਿਆਂ ਅੱਜ ਰਿਜ਼ਰਵ ਬੈਂਕ ਨੇ ਕਿਹਾ ਕਿ ਉਹ 500 ਰੁਪਏ ਦੇ ਨੋਟਾਂ ਦੀ ਛਪਾਈ ਦੇ ਕੰਮ 'ਚ ਪੰਜ ਗੁਣਾ ਤੇਜ਼ੀ ਲਿਆਵੇਗਾ। ਮੰਨਿਆ ਜਾ ਰਿਹਾ ਹੈ ਕਿ ਉੱਚੇ ਮੁੱਲ ਦੇ ਨੋਟਾਂ ਦੀ ਜਮ੍ਹਾਖੋਰੀ ਕਰ ਕੇ ਇਹ ਸੰਕਟ ਪੈਦਾ ਹੋਇਆ ਹੈ। ਆਰ.ਬੀ.ਆਈ. ਨੇ ਕਿਹਾ ਹੈ ਕਿ ਮਾਰਚ-ਅਪ੍ਰੈਲ ਦੌਰਾਨ ਇਸ ਤਰ੍ਹਾਂ ਦੀ ਸਮੱਸਿਆ ਆਉਂਦੀ ਹੈ ਅਤੇ ਪਿਛਲੇ ਸਾਲ ਵੀ ਅਜਿਹਾ ਹੋਇਆ ਸੀ। ਇਹ ਸਿਰਫ਼ ਇਕ-ਦੋ ਦਿਨਾਂ ਲਈ ਹੀ ਹੈ। ਇਸ ਸਥਿਤੀ ਨੂੰ ਵੇਖਦਿਆਂ ਕਈ ਸੂਬਿਆਂ ਵਿਚ ਤਾਂ ਏ.ਟੀ.ਐਮ. ਵਿਚੋਂ ਨਕਦੀ ਕੱਢਣ ਦੀ ਹੱਦ ਵੀ ਤੈਅ ਕਰ ਦਿਤੀ ਗਈ ਹੈ।
ਉਧਰ ਕੇਂਦਰੀ ਵਿੱਤ ਮੰਤਰੀ ਅਰੁਣ ਜੇਤਲੀ ਨੇ ਕਿਹਾ ਕਿ ਉਨ੍ਹਾਂ ਨੇ ਪੂਰੀ ਸਥਿਤੀ ਦੀ ਸਮੀਖਿਆ ਕੀਤੀ ਹੈ। ਦੇਸ਼ ਵਿਚ ਕੈਸ਼ ਦੀ ਕਮੀ ਨਹੀਂ ਹੈ, ਸਿਰਫ਼ ਕੁੱਝ ਥਾਵਾਂ 'ਤੇ ਅਚਾਨਕ ਮੰਗ ਵੱਧ ਜਾਣ ਨਾਲ ਇਹ ਮੁਸ਼ਕਲ ਸਾਹਮਣੇ ਆਈ ਹੈ। ਵਿੱਤ ਮੰਤਰੀ ਗੁਰਦੇ ਦੀ ਸਮੱਸਿਆ ਕਰ ਕੇ ਕਈ ਦਿਨਾਂ ਤੋਂ ਕੰਮ 'ਤੇ ਨਹੀਂ ਆ ਰਹੇ ਹਨ। ਉਨ੍ਹਾਂ ਇਕ ਟਵੀਟ ਕਰ ਕੇ ਕਿਹਾ ਕਿ ਉਨ੍ਹਾਂ ਦੇਸ਼ 'ਚ ਨਕਦੀ ਸਮੱਸਿਆ ਦੀ ਸਮੀਖਿਆ ਕੀਤੀ ਹੈ। ਬਜ਼ਾਰ ਅਤੇ ਬੈਂਕਾਂ ਵਿਚ ਲੋਂੜੀਦੀ ਮਾਤਰਾ ਵਿਚ ਨਕਦੀ ਮੌਜੂਦ ਹੈ ਅਤੇ ਜੋ ਇਕਦਮ ਮੁਸ਼ਕਲਾਂ ਸਾਹਮਣੇ ਆਈਆਂ ਹਨ, ਉਹ ਇਸ ਲਈ ਹਨ ਕਿਉਂਕਿ ਕੁੱਝ ਥਾਵਾਂ 'ਤੇ ਅਚਾਨਕ ਨਕਦੀ ਦੀ ਮੰਗ ਵਧੀ ਹੈ।
Notebandi
ਨਕਦੀ ਸੰਕਟ 'ਤੇ ਵਿੱਤ ਮੰਤਰੀ ਤੋਂ ਬਾਅਦ ਆਰ.ਬੀ.ਆਈ. ਨੇ ਵੀ ਕਿਹਾ ਹੈ ਕਿ ਦੇਸ਼ ਵਿਚ ਨਕਦੀ ਦਾ ਕੋਈ ਸੰਕਟ ਨਹੀਂ ਹੈ ਅਤੇ ਬੈਂਕਾਂ ਕੋਲ ਲੋਂੜੀਦੀ ਮਾਤਰਾ ਵਿਚ ਨਕਦੀ ਮੌਜੂਦ ਹੈ। ਸਿਰਫ਼ ਕੁੱਝ ਏ.ਟੀ.ਐਮਜ਼. ਵਿਚ ਹੀ ਲੋਜਿਸਟਿਕ ਸਮੱਸਿਆ ਕਾਰਨ ਇਹ ਸੰਕਟ ਪੈਦਾ ਹੋ ਗਿਆ ਹੈ। ਆਰ.ਬੀ.ਆਈ. ਨੇ ਕਿਹਾ ਕਿ ਏ.ਟੀ.ਐਮ. ਤੋਂ ਇਲਾਵਾ ਬੈਂਕ ਬ੍ਰਾਂਚ ਵਿਚ ਵੀ ਪੂਰੀ ਮਾਤਰਾ ਵਿਚ ਨਕਦੀ ਮੌਜੂਦ ਹੈ। ਆਰ.ਬੀ.ਆਈ. ਨੇ ਸਾਰੇ ਬੈਂਕਾਂ ਨੂੰ ਹੁਕਮ ਦਿਤਾ ਹੈ ਕਿ ਉਹ ਏ.ਟੀ.ਐਮ. ਵਿਚ ਨਕਦੀ ਦੀ ਵਿਵਸਥਾ ਕਰਨ। ਇਸ ਤੋਂ ਇਲਾਵਾ ਗੁਜਰਾਤ ਦੇ ਕੁੱਝ ਸ਼ਹਿਰਾਂ ਤੋਂ ਹੁੰਦੀ ਹੋਈ ਇਹ ਸਮੱਸਿਆ ਪੂਰੇ ਸੂਬੇ ਵਿਚ ਪੈਸ ਪਸਾਰਦੀ ਨਜ਼ਰ ਆ ਰਹੀ ਹੈ। ਗੁਜਰਾਤ ਦੇ ਮਹੇਸਾਣਾ, ਪਾਟਨ, ਸਾਬਰਕਾਂਠਾ, ਬਨਾਸਕਾਂਠਾ, ਮੋਡਾਸਾ ਤੋਂ ਇਲਾਵਾ ਅਹਿਮਦਾਬਾਦ, ਵਡੋਦਰਾ, ਸੂਰਤ ਵਰਗੇ ਵੱਡੇ ਸ਼ਹਿਰਾਂ ਵਿਚ ਵੀ ਨਕਦੀ ਦਾ ਸੰਕਟ ਬਣਿਆ ਹੋਇਆ ਹੈ। ਦਰਅਸਲ ਇਸ ਸੰਕਟ ਪਿਛੇ ਕਾਰਨ ਇਹ ਦਸਿਆ ਜਾ ਰਿਹਾ ਹੈ ਕਿ ਪਿਛਲੇ ਸਾਲ ਮਈ ਮਹੀਨੇ ਵਿਚ 2000 ਦੇ ਨੋਟ ਛਾਪਣੇ ਬੰਦ ਕਰ ਦਿਤੇ ਹਨ ਅਤੇ ਉਨ੍ਹਾਂ ਦੀ ਥਾਂ 'ਤੇ 500-500 ਅਤੇ 200 ਦੇ ਨੋਟਾਂ ਨੂੰ ਛਾਪਣਾ ਸ਼ੁਰੂ ਕਰ ਦਿਤਾ ਸੀ।ਇਸ ਦਾ ਇਕ ਕਾਰਨ ਇਹ ਵੀ ਮੰਨਿਆ ਜਾ ਰਿਹਾ ਹੈ ਕਿ ਵੱਡੇ ਕਾਰੋਬਾਰੀ 2000 ਦੇ ਨੋਟਾਂ ਨਾਲ ਹੀ ਲੈਣ ਦੇਣ ਕਰਦੇ ਹਨ। ਜਿਸ ਕਾਰਨ 2000 ਰੁਪਏ ਦੇ ਨੋਟ ਕੁੱਝ ਹੱਥਾਂ ਤਕ ਸੀਮਤ ਰਹਿ ਗਏ ਹਨ ਅਤੇ ਏਟੀਐਮਜ਼ ਤੋਂ ਇਹ ਨੋਟ ਗਾਇਬ ਹੋ ਗਏ ਹਨ। ਆਮ ਲੋਕਾਂ ਨੂੰ ਇਹ ਸਮੱਸਿਆ ਇਸ ਕਰ ਕੇ ਵੀ ਆ ਰਹੀ ਹੈ ਕਿ ਕਈ ਏਟੀਐਮਜ਼ 200 ਰੁਪਏ ਦੇ ਨੋਟ ਦੇਣ ਲਈ ਅਜੇ ਤਕ ਤਿਆਰ ਨਹੀਂ ਕੀਤੇ ਗਏ। (ਏਜੰਸੀਆਂ)