
ਇਸ ਮਾਮਲੇ ’ਚ ਈ.ਡੀ. ਵਲੋਂ ਦਾਇਰ ਕੀਤੀ ਗਈ ਇਹ ਅੱਠਵੀਂ ਚਾਰਜਸ਼ੀਟ ਹੈ ਅਤੇ ਇਸ ਨੇ ਹੁਣ ਤਕ 18 ਲੋਕਾਂ ਨੂੰ ਗ੍ਰਿਫਤਾਰ ਕੀਤਾ ਗਿਆ
ਨਵੀਂ ਦਿੱਲੀ: ਇਨਫੋਰਸਮੈਂਟ ਡਾਇਰੈਕਟੋਰੇਟ (ਈ.ਡੀ.) ਨੇ ਕਥਿਤ ਆਬਕਾਰੀ ਨੀਤੀ ਘਪਲੇ ਨਾਲ ਜੁੜੇ ਮਨੀ ਲਾਂਡਰਿੰਗ (ਕਾਲੇ ਧਨ ਨੂੰ ਚਿੱਟਾ ਕਰਨ) ਦੇ ਮਾਮਲੇ ’ਚ ਸ਼ੁਕਰਵਾਰ ਨੂੰ ਦਿੱਲੀ ਦੇ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਵਿਰੁਧ ਚਾਰਜਸ਼ੀਟ ਦਾਇਰ ਕੀਤੀ। ਇਸ ਮਾਮਲੇ ’ਚ ਆਮ ਆਦਮੀ ਪਾਰਟੀ (ਆਪ) ਨੂੰ ਵੀ ਮੁਲਜ਼ਮ ਬਣਾਇਆ ਗਿਆ ਹੈ।
ਸੂਤਰਾਂ ਨੇ ਦਸਿਆ ਕਿ ਏਜੰਸੀ ਨੇ ਮਨੀ ਲਾਂਡਰਿੰਗ ਰੋਕੂ ਕਾਨੂੰਨ (ਪੀ.ਐੱਮ.ਐੱਲ.ਏ.) ਦੇ ਤਹਿਤ ਦੋਸ਼ੀਆਂ ਵਿਰੁਧ ਦੋਸ਼ ਤੈਅ ਕਰਨ ਦੀ ਮੰਗ ਨੂੰ ਲੈ ਕੇ ਵਿਸ਼ੇਸ਼ ਅਦਾਲਤ ’ਚ ਦੋਸ਼ਪੱਤਰ ਦਾਇਰ ਕੀਤਾ ਹੈ। ਆਮ ਆਦਮੀ ਪਾਰਟੀ ਦੇ ਕੌਮੀ ਕਨਵੀਨਰ 55 ਸਾਲ ਦੇ ਕੇਜਰੀਵਾਲ ਨੂੰ ਸੰਘੀ ਏਜੰਸੀ ਨੇ 21 ਮਾਰਚ ਨੂੰ ਉਨ੍ਹਾਂ ਦੀ ਰਿਹਾਇਸ਼ ਤੋਂ ਗ੍ਰਿਫਤਾਰ ਕੀਤਾ ਸੀ ਅਤੇ ਫਿਲਹਾਲ ਉਹ ਅੰਤਰਿਮ ਜ਼ਮਾਨਤ ’ਤੇ ਬਾਹਰ ਹਨ।
ਇਸ ਮਾਮਲੇ ’ਚ ਈ.ਡੀ. ਵਲੋਂ ਦਾਇਰ ਕੀਤੀ ਗਈ ਇਹ ਅੱਠਵੀਂ ਚਾਰਜਸ਼ੀਟ ਹੈ ਅਤੇ ਇਸ ਨੇ ਹੁਣ ਤਕ 18 ਲੋਕਾਂ ਨੂੰ ਗ੍ਰਿਫਤਾਰ ਕੀਤਾ ਹੈ। ਪਿਛਲੇ ਹਫਤੇ ਈ.ਡੀ. ਨੇ ਭਾਰਤ ਰਾਸ਼ਟਰ ਸਮਿਤੀ (ਬੀ.ਆਰ.ਐਸ.) ਦੇ ਨੇਤਾ ਅਤੇ ਤੇਲੰਗਾਨਾ ਦੇ ਮੁੱਖ ਮੰਤਰੀ ਕੇ ਚੰਦਰਸ਼ੇਖਰ ਰਾਓ ਦੀ ਧੀ ਕੇ. ਕਵਿਤਾ ਅਤੇ ਚਾਰ ਹੋਰਾਂ ਵਿਰੁਧ ਵੀ ਇਸੇ ਤਰ੍ਹਾਂ ਦੀ ਚਾਰਜਸ਼ੀਟ ਦਾਇਰ ਕੀਤੀ ਸੀ। ਈ.ਡੀ. ਨੇ ਇਸ ਤੋਂ ਪਹਿਲਾਂ ਦਿੱਲੀ ਦੇ ਮੁੱਖ ਮੰਤਰੀ ਨੂੰ ਆਬਕਾਰੀ ਨੀਤੀ ਘਪਲੇ ਦਾ ਸਰਗਨਾ ਅਤੇ ਮੁੱਖ ਸਾਜ਼ਸ਼ ਕਰਤਾ ਦਸਿਆ ਸੀ। ਏਜੰਸੀ ਨੇ ਦੋਸ਼ ਲਾਇਆ ਕਿ ਉਨ੍ਹਾਂ ਨੇ ਦਿੱਲੀ ਸਰਕਾਰ ਦੇ ਮੰਤਰੀਆਂ, ‘ਆਪ’ ਨੇਤਾਵਾਂ ਅਤੇ ਹੋਰਾਂ ਨਾਲ ਮਿਲ ਕੇ ਅਜਿਹਾ ਕੀਤਾ।
ਵਧੀਕ ਸਾਲੀਸੀਟਰ ਜਨਰਲ ਐਸ.ਵੀ. ਰਾਜੂ ਨੇ ਵੀਰਵਾਰ ਨੂੰ ਸੁਪਰੀਮ ਕੋਰਟ ’ਚ ਇਕ ਮਾਮਲੇ ਦੀ ਸੁਣਵਾਈ ਦੌਰਾਨ ਕਿਹਾ ਸੀ, ‘‘ਸਾਡੇ ਕੋਲ ਸਿੱਧੇ ਸਬੂਤ ਹਨ ਕਿ ਕੇਜਰੀਵਾਲ ਇਕ ਸੱਤ ਸਿਤਾਰਾ ਹੋਟਲ ’ਚ ਠਹਿਰੇ ਸਨ, ਜਿਸ ਦਾ ਬਿਲ ਇਸ ਮਾਮਲੇ ਦੇ ਇਕ ਦੋਸ਼ੀ ਨੇ ਅੰਸ਼ਕ ਤੌਰ ’ਤੇ ਅਦਾ ਕੀਤਾ ਸੀ।’’ ਰਾਜੂ ਨੇ ਦਾਅਵਾ ਕੀਤਾ ਕਿ ਕੇਜਰੀਵਾਲ ਨੇ ਹੁਣ ਰੱਦ ਕੀਤੀ ਗਈ ਦਿੱਲੀ ਆਬਕਾਰੀ ਨੀਤੀ ਨੂੰ ਤਿਆਰ ਕਰਨ ’ਚ ਅਹਿਮ ਭੂਮਿਕਾ ਨਿਭਾਈ ਸੀ। ਉਨ੍ਹਾਂ ਦੋਸ਼ ਲਾਇਆ ਕਿ ‘ਆਪ’ ਦੇ ਕੌਮੀ ਕਨਵੀਨਰ ਹੋਣ ਦੇ ਨਾਤੇ ਕੇਜਰੀਵਾਲ ਇਸ ਕਥਿਤ ਘਪਲੇ ਲਈ ਅਸਿੱਧੇ ਤੌਰ ’ਤੇ ਜ਼ਿੰਮੇਵਾਰ ਹਨ।