
ਰੀਵਾ ’ਚ ਭਾਜਪਾ ਵਲੋਂ ਕਰਵਾਈ ‘ਤਿਰੰਗਾ ਯਾਤਰਾ’ ਨੂੰ ਸੰਬੋਧਨ ਕਰਦਿਆਂ ਵਿਧਾਇਕ ਨਰਿੰਦਰ ਪ੍ਰਜਾਪਤੀ ਨੇ ਦਿਤਾ ਵਿਵਾਦਤ ਬਿਆਨ
ਰੀਵਾ : ਮੱਧ ਪ੍ਰਦੇਸ਼ ’ਚ ਭਾਰਤੀ ਜਨਤਾ ਪਾਰਟੀ (ਭਾਜਪਾ) ਦੇ ਇਕ ਨੇਤਾ ਵਲੋਂ ਇਕ ਹੋਰ ਵਿਵਾਦਪੂਰਨ ਦਾਅਵੇ ’ਚ ਸੱਤਾਧਾਰੀ ਪਾਰਟੀ ਦੇ ਇਕ ਵਿਧਾਇਕ ਨੇ ਕਿਹਾ ਹੈ ਕਿ ਸੰਯੁਕਤ ਰਾਸ਼ਟਰ ਦੇ ‘ਹੁਕਮ’ ਕਾਰਨ ਪਾਕਿਸਤਾਨ ਵਿਰੁਧ ਫੌਜੀ ਹਮਲੇ ਰੋਕ ਦਿਤੇ ਗਏ ਸਨ।
ਭਾਜਪਾ ਦੀ ਅਗਵਾਈ ਵਾਲੀ ਕੇਂਦਰ ਸਰਕਾਰ ਨੇ ਸਪੱਸ਼ਟ ਤੌਰ ’ਤੇ ਕਿਹਾ ਹੈ ਕਿ ਪਹਿਲਗਾਮ ਅਤਿਵਾਦੀ ਹਮਲੇ ਤੋਂ ਬਾਅਦ ਭਾਰਤ ਵਲੋਂ ਸ਼ੁਰੂ ਕੀਤੀ ਗਈ ਫੌਜੀ ਕਾਰਵਾਈ ਆਪਰੇਸ਼ਨ ਸੰਧੂਰ ਨੂੰ ਪਾਕਿਸਤਾਨ ਦੇ ਫ਼ੌਜੀ ਕਾਰਵਾਈਆਂ ਦੇ ਡਾਇਰੈਕਟਰ ਜਨਰਲ ਵਲੋਂ ਅਪਣੇ ਭਾਰਤੀ ਹਮਰੁਤਬਾ ਨੂੰ ਬੁਲਾਉਣ ਅਤੇ ਦੋਹਾਂ ਦੇਸ਼ਾਂ ਵਿਚਾਲੇ ਸਹਿਮਤੀ ਬਣਨ ਤੋਂ ਬਾਅਦ ਹੀ ਰੋਕਿਆ ਗਿਆ ਸੀ।
ਸ਼ੁਕਰਵਾਰ ਨੂੰ ਰੀਵਾ ’ਚ ਭਾਜਪਾ ਵਲੋਂ ਕਰਵਾਈ ‘ਤਿਰੰਗਾ ਯਾਤਰਾ’ ਨੂੰ ਸੰਬੋਧਨ ਕਰਦਿਆਂ ਜ਼ਿਲ੍ਹੇ ਦੇ ਮੰਗਾਵਾਂ ਤੋਂ ਵਿਧਾਇਕ ਨਰਿੰਦਰ ਪ੍ਰਜਾਪਤੀ ਨੇ ਕਿਹਾ, ‘‘ਮੈਂ ਕਹਾਂਗਾ ਕਿ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੀ ਅਗਵਾਈ ’ਚ ਭਾਰਤੀ ਮੁਹਿੰਮ ਹੇਠ ਪਾਕਿਸਤਾਨ ਖਤਮ ਹੋ ਜਾਂਦਾ, ਜੇਕਰ ਸਾਨੂੰ ਸੰਯੁਕਤ ਰਾਸ਼ਟਰ ਤੋਂ ਜੰਗਬੰਦੀ ਦਾ ਹੁਕਮ ਨਾ ਮਿਲਿਆ ਹੁੰਦਾ, ਜਿਵੇਂ ਕਿ ਮੋਦੀ ਜੀ ਨੇ ਕਿਹਾ ਸੀ ਕਿ ਬਹੁਤ ਜਲਦੀ ਅਤਿਵਾਦੀ ਹਮਲੇ ਦਾ ਢੁਕਵਾਂ ਜਵਾਬ ਦਿਤਾ ਜਾਵੇਗਾ।’’
ਜ਼ਿਕਰਯੋਗ ਹੈ ਕਿ ਸ਼ੁਕਰਵਾਰ ਨੂੰ ਉਪ ਮੁੱਖ ਮੰਤਰੀ ਜਗਦੀਸ਼ ਦੇਵੜਾ ਨੇ ਕਿਹਾ ਸੀ ਕਿ ਆਪਰੇਸ਼ਨ ਸੰਧੂਰ ਨੂੰ ਸਫਲਤਾਪੂਰਵਕ ਨੇਪਰੇ ਚਾੜ੍ਹਨ ਕਾਰਨ ਦੇਸ਼, ਇਸ ਦੀ ਫੌਜ ਅਤੇ ਸੈਨਿਕ ਪ੍ਰਧਾਨ ਮੰਤਰੀ ਮੋਦੀ ਦੇ ਚਰਨਾਂ ’ਚ ਝੁਕ ਗਏ ਹਨ। ਇਸ ਤੋਂ ਪਹਿਲਾਂ ਮੱਧ ਪ੍ਰਦੇਸ਼ ਦੇ ਇਕ ਹੋਰ ਮੰਤਰੀ ਵਿਜੇ ਸ਼ਾਹ ਨੂੰ ਕਰਨਲ ਸੋਫੀਆ ਕੁਰੈਸ਼ੀ ਬਾਰੇ ਟਿਪਣੀ ਕਰਨ ਲਈ ਆਲੋਚਨਾ ਦਾ ਸਾਹਮਣਾ ਕਰਨਾ ਪਿਆ ਸੀ।