ਕਾਂਗਰਸ ’ਚ ਹੋਣਾ ਅਤੇ ਕਾਂਗਰਸ ਦਾ ਹੋਣਾ ’ਚ ਜ਼ਮੀਨ-ਆਸਮਾਨ ਦਾ ਫ਼ਰਕ ਹੈ : ਜੈਰਾਮ ਰਮੇਸ਼ 
Published : May 17, 2025, 10:57 pm IST
Updated : May 17, 2025, 10:57 pm IST
SHARE ARTICLE
Indian government to send all-party delegation abroad
Indian government to send all-party delegation abroad

ਆਪਰੇਸ਼ਨ ਸੰਧੂਰ ਮਗਰੋਂ ਸਰਕਾਰ ਦੇ ਕੌਮਾਂਤਰੀ ਪਹੁੰਚ ਵਫ਼ਦਾਂ ’ਚ ਸ਼ਸ਼ੀ ਥਰੂਰ ਦੇ ਨਾਂ ’ਤੇ ਭਖਿਆ ਵਿਵਾਦ

ਨਵੀਂ ਦਿੱਲੀ : ਕਾਂਗਰਸ ਨੇ ਸਨਿਚਰਵਾਰ ਨੂੰ ਸਰਕਾਰ ’ਤੇ ਦੋਸ਼ ਲਾਇਆ ਕਿ ਉਹ ਆਪਰੇਸ਼ਨ ਸੰਧੂਰ ਤੋਂ ਬਾਅਦ ਪਾਰਟੀ ਵਲੋਂ ਦਿਤੇ ਗਏ ਚਾਰ ਤੋਂ ਇਲਾਵਾ ਕੂਟਨੀਤਕ ਵਫ਼ਦਾਂ ਦੇ ਮੁਖੀਆਂ ਦੇ ਨਾਵਾਂ ਦਾ ਐਲਾਨ ਕਰ ਕੇ ਸ਼ਰਾਰਤੀ ਮਾਨਸਿਕਤਾ ਨਾਲ ਖੇਡ ਖੇਡ ਰਹੀ ਹੈ। ਵਿਰੋਧੀ ਪਾਰਟੀ ਦਾ ਇਹ ਹਮਲਾ ਉਸ ਸਮੇਂ ਆਇਆ ਹੈ ਜਦੋਂ ਕਾਂਗਰਸ ਵਲੋਂ ਨਾਮਜ਼ਦ ਕੀਤੇ ਗਏ ਚਾਰ ਨੇਤਾਵਾਂ ਦੀ ਸੂਚੀ ’ਚ ਨਹੀਂ ਸ਼ਾਮਲ ਸ਼ਸ਼ੀ ਥਰੂਰ ਨੂੰ ਆਪਰੇਸ਼ਨ ਸੰਧੂਰ ਤੋਂ ਬਾਅਦ ਅਤਿਵਾਦ ਵਿਰੁਧ ਭਾਰਤ ਦੇ ਸੰਦੇਸ਼ ਨੂੰ ਪਹੁੰਚਾਉਣ ਲਈ ਪ੍ਰਮੁੱਖ ਭਾਈਵਾਲ ਦੇਸ਼ਾਂ ਦੇ ਵਫ਼ਦ ਦਾ ਮੁਖੀ ਨਿਯੁਕਤ ਕੀਤਾ ਗਿਆ। 

ਥਰੂਰ ’ਤੇ ਨਿਸ਼ਾਨਾ ਵਿਨ੍ਹਦਿਆਂ ਕਾਂਗਰਸ ਦੇ ਜਨਰਲ ਸਕੱਤਰ ਅਤੇ ਸੰਚਾਰ ਜੈਰਾਮ ਰਮੇਸ਼ ਨੇ ਕਿਹਾ, ‘‘ਕਾਂਗਰਸ ’ਚ ਹੋਣਾ ਅਤੇ ਕਾਂਗਰਸ ਦਾ ਹੋਣਾ ’ਚ ਜ਼ਮੀਨ-ਆਸਮਾਨ ਦਾ ਫ਼ਰਕ ਹੈ।’’ ਰਮੇਸ਼ ਨੇ ਕਿਹਾ ਕਿ ਪਾਰਟੀ ਦੇ ਸੀਨੀਅਰ ਨੇਤਾ ਸਲਮਾਨ ਖੁਰਸ਼ੀਦ ਨਾਲ ਵੀ ਸਰਕਾਰ ਨੇ ਸੰਪਰਕ ਕੀਤਾ ਸੀ ਅਤੇ ਉਨ੍ਹਾਂ ਨੇ ਉਨ੍ਹਾਂ ਨੂੰ ਕਿਹਾ ਕਿ ਪਾਰਟੀ ਨੂੰ ਫੈਸਲਾ ਕਰਨਾ ਹੈ। ਕਾਂਗਰਸ ਨੇ ਕਿਹਾ ਕਿ ਸਰਕਾਰ ਨੇ ਉਸ ਨੂੰ ਪਾਕਿਸਤਾਨ ਤੋਂ ਅਤਿਵਾਦ ’ਤੇ ਭਾਰਤ ਦਾ ਰੁਖ ਸਪੱਸ਼ਟ ਕਰਨ ਲਈ ਵਿਦੇਸ਼ ਭੇਜੇ ਜਾਣ ਵਾਲੇ ਸਰਬ ਪਾਰਟੀ ਵਫਦਾਂ ਲਈ ਚਾਰ ਸੰਸਦ ਮੈਂਬਰਾਂ ਦੇ ਨਾਮ ਸੌਂਪਣ ਲਈ ਕਿਹਾ ਸੀ ਅਤੇ ਉਸ ਨੇ ਆਨੰਦ ਸ਼ਰਮਾ, ਗੌਰਵ ਗੋਗੋਈ, ਸਈਦ ਨਸੀਰ ਹੁਸੈਨ ਅਤੇ ਅਮਰਿੰਦਰ ਸਿੰਘ ਰਾਜਾ ਵੜਿੰਗ ਨੂੰ ਨਾਮਜ਼ਦ ਕੀਤਾ ਸੀ। ਰਮੇਸ਼ ਨੇ 24 ਅਕਬਰ ਰੋਡ ’ਤੇ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਸਰਕਾਰ ’ਤੇ ਨਿਸ਼ਾਨਾ ਵਿੰਨ੍ਹਦਿਆਂ ਕਿਹਾ, ‘‘ਤੁਸੀਂ ਪਾਰਟੀ ਨਾਲ ਸਲਾਹ-ਮਸ਼ਵਰਾ ਕੀਤੇ ਬਿਨਾਂ ਸੰਸਦ ਮੈਂਬਰਾਂ ਦੇ ਨਾਂ (ਵਫਦਾਂ ਵਿਚ) ਸ਼ਾਮਲ ਨਹੀਂ ਕਰ ਸਕਦੇ।’’ ਰਮੇਸ਼ ਨੇ ਸਰਕਾਰ ’ਤੇ ਨਾਰਦ ਮੁਨੀ ਦੀ ਰਾਜਨੀਤੀ ਖੇਡਣ ਦਾ ਦੋਸ਼ ਲਾਇਆ। 

ਵਫ਼ਦ ਲਈ ਥਰੂਰ ਨੂੰ ਨਾਮਜ਼ਦ ਨਾ ਕਰਨ ’ਤੇ ਭਾਜਪਾ ਨੇ ਕਾਂਗਰਸ ’ਤੇ ਸਵਾਲ ਚੁਕੇ 

ਦੂਜੇ ਪਾਸੇ ਭਾਰਤੀ ਜਨਤਾ ਪਾਰਟੀ (ਭਾਜਪਾ) ਨੇ ਆਪਰੇਸ਼ਨ ਸੰਧੂਰ ਤੋਂ ਬਾਅਦ ਭਾਰਤ ਦਾ ਸੰਦੇਸ਼ ਦੇਣ ਲਈ ਵਿਦੇਸ਼ਾਂ ’ਚ ਕੂਟਨੀਤਕ ਪਹੁੰਚ ਵਫ਼ਦਾਂ ਲਈ ਕਾਂਗਰਸ ਵਲੋਂ ਨੇਤਾਵਾਂ ਦੀ ਚੋਣ ’ਤੇ ਸਵਾਲ ਉਠਾਉਂਦੇ ਹੋਏ ਹੈਰਾਨੀ ਪ੍ਰਗਟਾਈ ਕਿ ਕੀ ਉਸ ਨੇ ਪਾਰਟੀ ਦੇ ਸੰਸਦ ਮੈਂਬਰ ਸ਼ਸ਼ੀ ਥਰੂਰ ਨੂੰ ਇਸ ਲਈ ਨਾਮਜ਼ਦ ਨਹੀਂ ਕੀਤਾ ਕਿਉਂਕਿ ਉਨ੍ਹਾਂ ਨੇ ਹਾਈ ਕਮਾਂਡ ਦਾ ਕਹਿਣਾ ਮੰਨਣ ਤੋਂ ਇਨਕਾਰ ਕਰ ਦਿਤਾ ਹੈ। ਰਮੇਸ਼ ਦੇ ਬਿਆਨ ’ਤੇ ਪ੍ਰਤੀਕਿਰਿਆ ਦਿੰਦੇ ਹੋਏ ਭਾਜਪਾ ਦੇ ਸੂਚਨਾ ਤਕਨਾਲੋਜੀ ਵਿਭਾਗ ਦੇ ਮੁਖੀ ਅਮਿਤ ਮਾਲਵੀਆ ਨੇ ਕਿਹਾ, ‘‘ਸ਼ਸ਼ੀ ਥਰੂਰ ਦੀ ਭਾਸ਼ਣ, ਸੰਯੁਕਤ ਰਾਸ਼ਟਰ ਅਧਿਕਾਰੀ ਦੇ ਤੌਰ ’ਤੇ ਉਨ੍ਹਾਂ ਦੇ ਲੰਮੇ ਤਜਰਬੇ ਅਤੇ ਵਿਦੇਸ਼ ਨੀਤੀ ਦੇ ਮਾਮਲਿਆਂ ’ਤੇ ਉਨ੍ਹਾਂ ਦੀ ਡੂੰਘੀ ਸਮਝ ਤੋਂ ਕੋਈ ਇਨਕਾਰ ਨਹੀਂ ਕਰ ਸਕਦਾ।’’

ਸੱਤ ਸਰਬ ਪਾਰਟੀ ਵਫ਼ਦਾਂ ਰਾਹੀਂ ਅਤਿਵਾਦ ਵਿਰੁਧ ਵਿਸ਼ਵ ਭਰ ’ਚ ਸੰਦੇਸ਼ ਪਹੁੰਚਾਏਗਾ ਭਾਰਤ

ਵਿਰੋਧੀ ਧਿਰ ਦੇ ਨੇਤਾ ਸ਼ਸ਼ੀ ਥਰੂਰ ਅਤੇ ਕਨੀਮੋਝੀ, ਸੱਤਾਧਾਰੀ ਗਠਜੋੜ ਦੇ ਮੈਂਬਰਾਂ ਰਵੀਸ਼ੰਕਰ ਪ੍ਰਸਾਦ ਅਤੇ ਸੰਜੇ ਝਾਅ ਸਮੇਤ ਸੱਤਾਧਾਰੀ ਗਠਜੋੜ ਦੇ ਮੈਂਬਰਾਂ ਨਾਲ ਮਿਲ ਕੇ ਸੱਤ ਸਰਬ ਪਾਰਟੀ ਵਫ਼ਦਾਂ ਦੀ ਅਗਵਾਈ ਕਰਨਗੇ, ਜੋ ਆਪਰੇਸ਼ਨ ਸੰਧੂਰ ਤੋਂ ਬਾਅਦ ਅਤਿਵਾਦ ਵਿਰੁਧ ਭਾਰਤ ਦਾ ਸੰਦੇਸ਼ ਵਿਸ਼ਵ ਭਰ ’ਚ ਪਹੁੰਚਾਉਣਗੇ।

ਅਤਿਵਾਦ ਨਾਲ ਲੜਨ ਲਈ ਸੰਯੁਕਤ ਰਾਸ਼ਟਰ ਸੁਰੱਖਿਆ ਪ੍ਰੀਸ਼ਦ ਦੇ ਮੈਂਬਰਾਂ ਸਮੇਤ ਵਿਸ਼ਵ ਪੱਧਰ ’ਤੇ ਭਾਰਤ ਦੀ ਕੌਮੀ ਸਹਿਮਤੀ ਪੇਸ਼ ਕਰਨ ਲਈ ਸਰਕਾਰ ਨੇ ਜਿਨ੍ਹਾਂ ਹੋਰ ਸੰਸਦ ਮੈਂਬਰਾਂ ਨੂੰ ਚੁਣਿਆ ਹੈ, ਉਨ੍ਹਾਂ ’ਚ ਐਨ.ਸੀ.ਪੀ.-ਐਸ.ਪੀ. ਦੀ ਸੁਪ੍ਰਿਆ ਸੁਲੇ, ਭਾਜਪਾ ਦੇ ਬੈਜਯੰਤ ਜੈ ਪਾਂਡਾ ਅਤੇ ਸ਼ਿਵ ਸੈਨਾ ਦੇ ਸ਼੍ਰੀਕਾਂਤ ਸ਼ਿੰਦੇ ਸ਼ਾਮਲ ਹਨ। 

ਸੰਸਦੀ ਮਾਮਲਿਆਂ ਦੇ ਮੰਤਰਾਲੇ ਵਲੋਂ ਸਨਿਚਰਵਾਰ ਨੂੰ ਜਾਰੀ ਇਕ ਬਿਆਨ ’ਚ ਕਿਹਾ ਗਿਆ ਹੈ ਕਿ ਸਰਬ ਪਾਰਟੀ ਵਫ਼ਦ ਅਤਿਵਾਦ ਨਾਲ ਨਜਿੱਠਣ ਲਈ ਭਾਰਤ ਦੀ ਕੌਮੀ ਸਹਿਮਤੀ ਅਤੇ ਦ੍ਰਿੜ ਪਹੁੰਚ ਨੂੰ ਪੇਸ਼ ਕਰਨਗੇ। ਉਹ ਅਤਿਵਾਦ ਵਿਰੁਧ ਬਿਲਕੁਲ ਬਰਦਾਸ਼ਤ ਨਾ ਕਰਨ ਦੇ ਦੇਸ਼ ਦੇ ਮਜ਼ਬੂਤ ਸੰਦੇਸ਼ ਨੂੰ ਦੁਨੀਆਂ ਤਕ ਪਹੁੰਚਾਉਣਗੇ। 

ਸਰਕਾਰ ਨੇ ਉਨ੍ਹਾਂ ਨੇਤਾਵਾਂ ਦੀ ਸਾਵਧਾਨੀ ਨਾਲ ਚੋਣ ਕੀਤੀ ਹੈ ਜੋ ਵਫਦਾਂ ਦੀ ਅਗਵਾਈ ਕਰਨਗੇ ਕਿਉਂਕਿ ਉਹ ਸਿਆਸੀ ਸਾਰੀਆਂ ਪਾਰਟੀਆਂ ਤੋਂ ਆਉਂਦੇ ਹਨ ਅਤੇ ਉਨ੍ਹਾਂ ਨੂੰ ਸਪੱਸ਼ਟ ਆਵਾਜ਼ ਮੰਨਿਆ ਜਾਂਦਾ ਹੈ। ਇਨ੍ਹਾਂ ਨੇਤਾਵਾਂ ’ਚ ਸੱਤਾਧਾਰੀ ਕੌਮੀ ਜਮਹੂਰੀ ਗਠਜੋੜ (ਐੱਨ.ਡੀ.ਏ.) ਦੇ 4 ਅਤੇ ਵਿਰੋਧੀ ਧਿਰ ‘ਇੰਡੀਆ’ ਬਲਾਕ ਦੇ 3 ਨੇਤਾ ਸ਼ਾਮਲ ਹਨ, ਜਿਨ੍ਹਾਂ ਨੇ ਜਨਤਕ ਜੀਵਨ ’ਚ ਲੰਮੇ ਸਮੇਂ ਤਕ ਕੰਮ ਕੀਤਾ ਹੈ। ਵਿਰੋਧੀ ਧਿਰ ਨੇ 22 ਅਪ੍ਰੈਲ ਨੂੰ ਪਹਿਲਗਾਮ ਅਤਿਵਾਦੀ ਹਮਲੇ ਦੇ ਜਵਾਬ ਵਿਚ ਸਰਕਾਰ ਦਾ ਸਮਰਥਨ ਕੀਤਾ ਹੈ, ਜਿਸ ਵਿਚ 26 ਲੋਕਾਂ ਦੀ ਮੌਤ ਹੋ ਗਈ ਸੀ। 

ਸਾਬਕਾ ਕੇਂਦਰੀ ਮੰਤਰੀ ਥਰੂਰ ਨੇ ਪਾਕਿਸਤਾਨ ਅਤੇ ਪਾਕਿਸਤਾਨ ਦੇ ਕਬਜ਼ੇ ਵਾਲੇ ਕਸ਼ਮੀਰ ਵਿਚ ਅਤਿਵਾਦੀ ਟਿਕਾਣਿਆਂ ’ਤੇ ਭਾਰਤੀ ਹਮਲਿਆਂ ਦਾ ਬਚਾਅ ਕਰਨ ਅਤੇ ਭਾਰਤ-ਪਾਕਿ ਟਕਰਾਅ ’ਤੇ ਸੱਤਾਧਾਰੀ ਗਠਜੋੜ ਦੇ ਸਖਤ ਰੁਖ ਦੀ ਹਮਾਇਤ ਕਰਨ ਵਿਚ ਅਗਵਾਈ ਕੀਤੀ ਹੈ।  ਉਨ੍ਹਾਂ ਤੋਂ ਉਮੀਦ ਕੀਤੀ ਜਾਂਦੀ ਹੈ ਕਿ ਉਹ ਅਮਰੀਕਾ ਤਕ ਭਾਰਤੀ ਪਹੁੰਚ ਦੀ ਅਗਵਾਈ ਕਰਨਗੇ, ਜੋ ਕਿ ਸੱਭ ਤੋਂ ਸ਼ਕਤੀਸ਼ਾਲੀ ਆਲਮੀ ਆਵਾਜ਼ ਹੈ। 

ਮੰਤਰਾਲੇ ਦੇ ਬਿਆਨ ਵਿਚ ਕਿਹਾ ਗਿਆ ਹੈ ਕਿ ਉੱਘੇ ਡਿਪਲੋਮੈਟ ਵੀ ਹਰ ਵਫਦ ਦਾ ਹਿੱਸਾ ਹੋਣਗੇ। ਸੰਸਦੀ ਮਾਮਲਿਆਂ ਬਾਰੇ ਮੰਤਰੀ ਕਿਰਨ ਰਿਜਿਜੂ ਨੇ ਕਿਹਾ, ‘‘ਮਹੱਤਵਪੂਰਨ ਪਲਾਂ ’ਚ ਜ਼ਿਆਦਾਤਰ ਭਾਰਤ ਇਕਜੁੱਟ ਹੈ। ਸੱਤ ਸਰਬ ਪਾਰਟੀ ਵਫ਼ਦ ਛੇਤੀ ਹੀ ਅਤਿਵਾਦ ਨੂੰ ਬਿਲਕੁਲ ਬਰਦਾਸ਼ਤ ਨਾ ਕਰਨ ਦੇ ਸਾਡੇ ਸਾਂਝੇ ਸੰਦੇਸ਼ ਨੂੰ ਲੈ ਕੇ ਪ੍ਰਮੁੱਖ ਭਾਈਵਾਲ ਦੇਸ਼ਾਂ ਦਾ ਦੌਰਾ ਕਰਨਗੇ।’’ ਮੰਤਰਾਲੇ ਦੇ ਬਿਆਨ ਨੂੰ ਸਾਂਝਾ ਕਰਦਿਆਂ ਉਨ੍ਹਾਂ ਕਿਹਾ ਕਿ ਇਹ ਮਤਭੇਦਾਂ ਤੋਂ ਪਰੇ ਸਿਆਸਤ ਤੋਂ ਉੱਪਰ ਉੱਠ ਕੇ ਕੌਮੀ ਏਕਤਾ ਦਾ ਸ਼ਕਤੀਸ਼ਾਲੀ ਪ੍ਰਤੀਬਿੰਬ ਹੈ। 

ਬਿਆਨ ਵਿਚ ਕਿਹਾ ਗਿਆ ਹੈ ਕਿ ਸੱਤ ਸਰਬ ਪਾਰਟੀ ਵਫ਼ਦਾਂ ਦੇ ਪ੍ਰਸਤਾਵਿਤ ਦੌਰੇ ਆਪਰੇਸ਼ਨ ਸੰਧੂਰ ਅਤੇ ਸਰਹੱਦ ਪਾਰ ਅਤਿਵਾਦ ਵਿਰੁਧ ਭਾਰਤ ਦੀ ਨਿਰੰਤਰ ਲੜਾਈ ਦੇ ਸੰਦਰਭ ਵਿਚ ਹੋ ਰਹੇ ਹਨ। ਸੂਤਰਾਂ ਨੇ ਦਸਿਆ ਕਿ ਪ੍ਰਸਾਦ ਦੀ ਅਗਵਾਈ ਵਾਲੇ ਵਫ਼ਦ ਦੇ ਸਾਊਦੀ ਅਰਬ, ਕੁਵੈਤ, ਬਹਿਰੀਨ ਅਤੇ ਅਲਜੀਰੀਆ ਦਾ ਦੌਰਾ ਕਰਨ ਦੀ ਉਮੀਦ ਹੈ, ਜਦਕਿ ਸੁਲੇ ਦੀ ਸੰਸਦ ਮੈਂਬਰਾਂ ਦੀ ਟੀਮ ਓਮਾਨ, ਕੀਨੀਆ, ਦਖਣੀ ਅਫਰੀਕਾ ਅਤੇ ਮਿਸਰ ਦੀ ਯਾਤਰਾ ਕਰੇਗੀ। ਝਾਅ ਦੀ ਅਗਵਾਈ ਵਾਲੇ ਵਫ਼ਦ ਦੇ ਜਾਪਾਨ, ਸਿੰਗਾਪੁਰ, ਦਖਣੀ ਕੋਰੀਆ, ਮਲੇਸ਼ੀਆ ਅਤੇ ਇੰਡੋਨੇਸ਼ੀਆ ਦਾ ਦੌਰਾ ਕਰਨ ਦੀ ਸੰਭਾਵਨਾ ਹੈ। 

ਸੂਤਰਾਂ ਨੇ ਦਸਿਆ ਕਿ ਛੇ ਤੋਂ ਸੱਤ ਸੰਸਦ ਮੈਂਬਰਾਂ ਵਾਲਾ ਹਰ ਵਫ਼ਦ ਲਗਭਗ ਚਾਰ ਤੋਂ ਪੰਜ ਦੇਸ਼ਾਂ ਦਾ ਦੌਰਾ ਕਰ ਸਕਦਾ ਹੈ। ਅਨੁਰਾਗ ਠਾਕੁਰ, ਅਪਰਾਜਿਤਾ ਸਾਰੰਗੀ, ਮਨੀਸ਼ ਤਿਵਾੜੀ, ਅਸਦੁਦੀਨ ਓਵੈਸੀ ਅਮਰ ਸਿੰਘ, ਰਾਜੀਵ ਪ੍ਰਤਾਪ ਰੂਡੀ, ਸਮਿਕ ਭੱਟਾਚਾਰੀਆ, ਬ੍ਰਿਜ ਲਾਲ, ਸਰਫਰਾਜ਼ ਅਹਿਮਦ, ਪ੍ਰਿਯੰਕਾ ਚਤੁਰਵੇਦੀ, ਵਿਕਰਮਜੀਤ ਸਾਹਨੀ, ਸਸਮਿਤ ਪਾਤਰਾ ਅਤੇ ਭੁਵਨੇਸ਼ਵਰ ਕਲੀਤਾ ਸਮੇਤ ਵੱਖ-ਵੱਖ ਪਾਰਟੀਆਂ ਦੇ ਸੰਸਦ ਮੈਂਬਰ ਇਨ੍ਹਾਂ ਵਫ਼ਦਾਂ ਦਾ ਹਿੱਸਾ ਹੋਣਗੇ। 

ਸਾਬਕਾ ਕੇਂਦਰੀ ਮੰਤਰੀ ਅਤੇ ਕਾਂਗਰਸ ਨੇਤਾ ਸਲਮਾਨ ਖੁਰਸ਼ੀਦ ਜੋ ਸੰਸਦ ਮੈਂਬਰ ਨਹੀਂ ਹਨ, ਨੂੰ ਝਾਅ ਦੀ ਅਗਵਾਈ ਵਾਲੇ ਵਫ਼ਦ ’ਚ ਸ਼ਾਮਲ ਕੀਤਾ ਗਿਆ ਹੈ। ਇਸ ਵਿਆਪਕ ਕੂਟਨੀਤਕ ਮੁਹਿੰਮ ਦਾ ਉਦੇਸ਼ ਪਹਿਲਗਾਮ ਹਮਲੇ ’ਤੇ ਦੇਸ਼ ਦੀ ਹਮਲਾਵਰ ਪ੍ਰਤੀਕਿਰਿਆ ਤੋਂ ਬਾਅਦ ਭਾਰਤ ਦੇ ਰੁਖ਼ ਨੂੰ ਆਲਮੀ ਰਾਜਧਾਨੀਆਂ ’ਚ ਪਹੁੰਚਾਉਣਾ ਹੈ ਅਤੇ ਕਸ਼ਮੀਰ ਨੂੰ ਅਪਣੇ ਵਿਚਾਰ-ਵਟਾਂਦਰੇ ਦੇ ਕੇਂਦਰ ’ਚ ਰਖਦੇ ਹੋਏ ਅਤਿਵਾਦ ਦੇ ਮੁੱਦੇ ਨੂੰ ਟਾਲਣ ਦੀਆਂ ਪਾਕਿਸਤਾਨ ਦੀਆਂ ਕੋਸ਼ਿਸ਼ਾਂ ਦੇ ਵਿਚਕਾਰ ਹੈ।

SHARE ARTICLE

ਏਜੰਸੀ

Advertisement

Ludhiana Encounter ਮੌਕੇ Constable Pardeep Singh ਦੀ ਪੱਗ 'ਚੋਂ ਨਿਕਲੀ ਗੋਲ਼ੀ | Haibowal Firing |

13 Jan 2026 3:17 PM

ਸਰਪੰਚ ਕਤਲ ਮਾਮਲੇ 'ਚ ਪੁਲਿਸ ਦਾ ਵੱਡਾ ਐਕਸ਼ਨ, ਮੁੱਖ ਮੁਲਜ਼ਮਾਂ ਸਮੇਤ ਹੋਈਆਂ 7 ਗ੍ਰਿਫ਼ਤਾਰੀਆਂ,DGP ਪੰਜਾਬ ਨੇ ਕੀਤੇ ਹੋਸ਼ ਉਡਾਊ ਖ਼ੁਲਾਸੇ

12 Jan 2026 3:20 PM

ਆਹ ਦੁਸ਼ਮਣੀ ਸੀ ਸਰਪੰਚ ਜਰਮਲ ਸਿੰਘ ਨਾਲ਼ ਕਾਤਲਾਂ ਦੀ !CP ਗੁਰਪ੍ਰੀਤ ਸਿੰਘ ਭੁੱਲਰ ਨੇ ਕਰ ਦਿੱਤੇ ਹੋਸ਼ ਉਡਾਊ ਖ਼ੁਲਾਸੇ,

12 Jan 2026 3:20 PM

Son Kills his Mother: Love Marriage ਪਿੱਛੇ England ਤੋਂ ਆਏ ਪੁੱਤ ਨੇ ਮਾਂ ਨੂੰ ਉਤਾਰਿਆ ਮੌ.ਤ ਦੇ ਘਾਟ

11 Jan 2026 3:06 PM

Drunk Driver Crashes : Restaurant ਦੇ ਬਾਹਰ ਖਾਣਾ ਖਾ ਰਹੇ ਲੋਕਾਂ ਦੀ ਮਸਾਂ ਬਚੀ ਜਾਨ, ਉਡੇ ਹੋਸ਼

11 Jan 2026 3:04 PM
Advertisement