
ਸਥਿਤੀ ਨੂੰ ਵਿਗੜਣ ਤੋਂ ਬਚਾਣ ਲਈ ਤਾਲਮੇਲ ਵਧਾਉਣ 'ਤੇ ਦਿਤਾ ਜ਼ੋਰ
ਨਵੀਂ ਦਿੱਲੀ : ਸਰਹੱਦ 'ਤੇ ਬਣੇ ਤਣਾਅਪੂਰਨ ਹਾਲਾਤਾਂ ਦਰਮਿਆਨ ਚੀਨ ਦੇ ਵਿਦੇਸ਼ ਮੰਤਰੀ ਵਾਂਗ ਯੀ ਨੇ ਭਾਰਤੀ ਵਿਦੇਸ਼ ਮੰਤਰੀ ਐੱਸ ਜੈਸ਼ੰਕਰ ਨਾਲ ਫ਼ੋਨ ਜ਼ਰੀਏ ਸੰਪਰਕ ਕੀਤਾ ਹੈ। ਗੱਲਬਾਤ ਦੌਰਾਨ ਚੀਨੀ ਮੰਤਰੀ ਨੇ ਇਸ ਗੱਲ 'ਤੇ ਜ਼ੋਰ ਦਿਤਾ ਕਿ ਦੋਹਾਂ ਪੱਖਾਂ ਨੂੰ ਸਰਹੱਦੀ ਖੇਤਰ 'ਚ ਸ਼ਾਂਤੀ ਬਣਾਈ ਰੱਖਣ ਲਈ ਮਤਭੇਦਾਂ ਦੇ ਹੱਲ ਲਈ ਸੰਚਾਰ ਅਤੇ ਤਾਲਮੇਲ ਮਜਬੂਤ ਕਰਨਾ ਚਾਹੀਦਾ ਹੈ। ਸੋਮਵਾਰ ਰਾਤ ਨੂੰ ਸਰਹੱਦ 'ਤੇ ਦੋਵਾਂ ਦੇਸ਼ਾਂ ਦੀਆਂ ਫ਼ੌਜਾਂ ਵਿਚਾਲੇ ਝੜਪ ਤੋਂ ਬਾਅਦ ਦੋਹਾਂ ਮੰਤਰੀਆਂ ਦੀ ਫ਼ੋਨ 'ਤੇ ਇਹ ਪਹਿਲੀ ਗੱਲਬਾਤ ਹੈ।
Indo China Border
ਸੋਮਵਾਰ ਰਾਤ ਨੂੰ ਹੋਈ ਇਸ ਝੜਪ ਵਿਚ 20 ਭਾਰਤੀ ਜਵਾਨ ਸ਼ਹੀਦ ਹੋ ਗਏ ਸਨ। ਇਸੇ ਦੌਰਾਨ ਚੀਨ ਵਾਲੇ ਪਾਸੇ ਵੀ ਇਕ ਕਮਾਂਡਿੰਗ ਅਫ਼ਸਰ ਤੋਂ ਇਲਾਵਾ 40 ਦੇ ਕਰੀਬ ਫ਼ੌਜੀਆਂ ਦੇ ਮਾਰੇ ਜਾਣ ਦੀਆਂ ਖ਼ਬਰਾਂ ਸਾਹਮਣੇ ਆ ਰਹੀਆਂ ਹਨ। ਇਸ ਝੜਪ ਨੂੰ ਪਿਛਲੇ ਪੰਜ ਦਹਾਕਿਆਂ ਦੌਰਾਨ ਹੋਈ ਸਭ ਤੋਂ ਵੱਡੀ ਝੜਪ ਮੰਨਿਆ ਜਾ ਰਿਹਾ ਹੈ।
indo china relationship
ਚੀਨ ਦੇ ਵਿਦੇਸ਼ ਮੰਤਰਾਲੇ ਦੇ ਬਿਆਨ ਮੁਤਾਬਕ ਵਾਂਗ ਨੇ ਕਿਹਾ ਹੈ ਕਿ ਦੋਹਾਂ ਪੱਖਾਂ ਨੂੰ ਦੋਹਾਂ ਦੇਸ਼ਾਂ ਦੇ ਆਗੂਆਂ ਵਿਚਾਲੇ ਬਣੀਆਂ ਮਹੱਤਵਪੂਰਨ ਸਹਿਮਤੀਆਂ ਦਾ ਪਾਲਣਾ ਕਰਨਾ ਚਾਹੀਦਾ ਹੈ ਅਤੇ ਮੌਜੂਦਾ ਮਾਧਿਅਮਾਂ ਨਾਲ ਸਰਹੱਦੀ ਹਾਲਾਤ ਨੂੰ ਸਹੀ ਤਰੀਕੇ ਨਾਲ ਸੰਭਾਲਣ ਲਈ ਸੰਚਾਰ ਅਤੇ ਤਾਲਮੇਲ ਨੂੰ ਮਜਬੂਤ ਕਰਨਾ ਚਾਹੀਦਾ ਹੈ।
Indo China Issues
ਬਿਆਨ ਮੁਤਾਬਕ ਦੋਹਾਂ ਪੱਖਾਂ ਨੇ ਗਲਤਾਨ ਘਾਟੀ ਵਿਚ ਝੜਪ ਕਾਰਨ ਬਣੀ ਸਥਿਤੀ ਨਾਲ ਸਹੀ ਤਰੀਕੇ ਨਾਲ ਨਜਿੱਠਣ ਅਤੇ ਦੋਹਾਂ ਪੱਖਾਂ ਵਿਚਾਲੇ ਮਿਲਟਰੀ ਪੱਧਰ ਦੀਆਂ ਬੈਠਕਾਂ ਵਿਚ ਆਮ ਸਹਿਮਤੀ ਦੇ ਸਾਂਝੇ ਪਾਲਣ 'ਤੇ ਜਿੰਨੀ ਜਲਦੀ ਹੋ ਸਕੇ ਪਿਛਲੇ ਸਮੇਂ ਦੌਰਾਨ ਹੋਏ ਸਮਝੌਤਿਆਂ ਤਹਿਤ ਸਰਹੱਦ 'ਤੇ ਸ਼ਾਂਤੀ ਬਣਾਈ ਰੱਖਣ 'ਤੇ ਸਹਿਮਤੀ ਜ਼ਾਹਰ ਕੀਤੀ ਹੈ।
indo china
ਦੂਜੇ ਪਾਸੇ ਭਾਰਤ ਦਾ ਕਹਿਣਾ ਹੈ ਕਿ ਸਰਹੱਦ 'ਤੇ ਜੋ ਕੁੱਝ ਵੀ ਹੋਇਆ ਹੈ, ਉਹ ਖੇਤਰ 'ਚ ਸਥਿਤੀ ਨੂੰ ਇਕਪਾਸੜ ਤਰੀਕੇ ਨਾਲ ਬਦਲਣ ਦੀਆਂ ਚੀਨੀ ਪੱਖ ਦੀਆਂ ਕੋਸ਼ਿਸ਼ਾਂ ਦਾ ਨਤੀਜਾ ਹੈ। ਵਿਦੇਸ਼ ਮੰਤਰਾਲੇ ਦਾ ਕਹਿਣਾ ਹੈ ਕਿ ਝੜਪ ਕਾਰਨ ਦੋਹਾਂ ਦੇਸ਼ਾਂ ਦੇ ਜਵਾਨ ਜ਼ਖ਼ਮੀ ਹੋਏ ਹਨ, ਜੇਕਰ ਪਹਿਲਾਂ ਹੋਏ ਉਚ ਪੱਧਰੀ ਸਮਝੌਤਿਆਂ ਦਾ ਚੀਨੀ ਪੱਖ ਇਮਾਨਦਾਰੀ ਨਾਲ ਪਾਲਣ ਕਰਦਾ ਤਾਂ ਅਜਿਹੇ ਹਾਲਾਤ ਬਣਨ ਨੂੰ ਰੋਕਿਆ ਜਾ ਸਕਦਾ ਸੀ।
Punjabi News ਨਾਲ ਜੁੜੀ ਹੋਰ ਅਪਡੇਟ ਲਗਾਤਾਰ ਹਾਸਲ ਕਰਨ ਲਈ ਸਾਨੂੰ Facebook ਤੇ ਲਾਈਕ Twitter ਤੇ follow ਕਰੋ