
ਭਾਰਤ ਵਿਚ ਅਮਰੀਕਾ ਦੇ ਰਾਜਦੂਤ ਕੇਨੇਥ ਜਸਟਰ ਨੇ ਮੰਗਲਵਾਰ ਨੂੰ ਕੋਰੋਨਾ ਵਾਇਰਸ....
ਨਵੀਂ ਦਿੱਲੀ, 16 ਜੂਨ : ਭਾਰਤ ਵਿਚ ਅਮਰੀਕਾ ਦੇ ਰਾਜਦੂਤ ਕੇਨੇਥ ਜਸਟਰ ਨੇ ਮੰਗਲਵਾਰ ਨੂੰ ਕੋਰੋਨਾ ਵਾਇਰਸ ਵਿਰੁਧ ਲੜਾਈ ਵਿਚ ਭਾਰਤ ਦੀ ਮਦਦ ਲਈ 100 ਵੈਂਟੀਲੇਟਰਾਂ ਦੀ ਪਹਿਲੀ ਖੇਪ ਸੌਂਪੀ। ਭਾਰਤੀ ਰੈੱਡ ਕਰਾਸ ਸੋਸਾਇਟੀ ਨੇ ਇਹ ਜਾਣਕਾਰੀ ਦਿਤੀ। ਮਈ ਵਿਚ ਰਾਸ਼ਟਰਪਤੀ ਡੋਨਾਲਡ ਟਰੰਪ ਨੇ ਐਲਾਨ ਕੀਤਾ ਸੀ ਕਿ ਇਸ 'ਅਦ੍ਰਿਸ਼ ਦੁਸ਼ਮਨ' ਵਿਰੁਧ ਲੜਾਈ ਵਿਚ ਮਦਦ ਲਈ ਅਮਰੀਕਾ ਭਾਰਤ ਨੂੰ ਵੈਂਟੀਲੇਟਰ ਦੇਵੇਗਾ।
Covid 19
ਇੰਡੀਅਨ ਰੈੱਡ ਕਰਾਸ ਸੋਸਾਇਟੀ ਦੇ ਜਨਰਲ ਸਕੱਤਰ ਜਨਰਲ ਆਰ.ਕੇ ਜੈਨ ਨੇ ਅਮਰੀਕੀ ਰਾਜਦੂਤ ਤੋਂ ਆਈ.ਆਰ.ਸੀ.ਐੱਸ. ਰਾਸ਼ਟਰੀ ਹੈਡਕੁਆਰਟਰ ਵਿਚ ਵੈਂਟੀਲੇਟਰ ਪਹਿਲੀ ਖੇਪ ਸਵੀਕਾਰ ਕੀਤੀ। ਭਾਰਤੀ ਰੈਡ ਕਰਾਸ ਨੇ ਕਿਹਾ ਕਿ ਉਹ ਕੋਵਿਡ-19 ਵਿਰੁਧ ਲੜਾਈ ਵਿਚ ਸਹਾਇਤਾ ਲਈ ਅਤਿਆਧੁਨਿਕ ਵੈਂਟੀਲੇਟਰ ਦੇ ਤੋਹਫ਼ੇ ਲਈ ਅਮਰੀਕੀ ਸਰਕਾਰ ਦਾ ਧਨਵਾਦ ਕਰਦੇ ਹਨ। ਇਸ ਨਾਲ ਗੰਭੀਰ ਹਾਲਤ ਵਾਲੇ ਮਰੀਜ਼ਾਂ ਨੂੰ ਕਾਫ਼ੀ ਫਾਇਦਾ ਪਹੁੰਚੇਗਾ। ਯੂ.ਐੱਸ.ਏ.ਆਈ.ਡੀ. (ਕੌਮਾਂਤਰੀ ਵਿਕਾਸ ਲਈ ਅਮਰੀਕੀ ਏਜੰਸੀ) ਨੇ ਇਹ ਵੈਂਟੀਲੇਟਰ ਉਪਲੱਬਧ ਕਰਾਏ ਹਨ। ਏਜੰਸੀ ਨੇ ਦਸਿਆ ਕਿ ਵੈਂਟੀਲੇਟਰ ਦੀ ਪਹਿਲੀ ਖੇਪ ਸੋਮਵਾਰ ਨੂੰ ਇਥੇ ਪਹੁੰਚੀ।