
26 ਮਈ ਨੂੰ ਡਾਕਟਰਾਂ ਨੇ ਬੱਚੇ ਨੂੰ ਮ੍ਰਿਤਕ ਐਲਾਨ ਕਰ ਦਿੱਤਾ ਸੀ
ਹਰਿਆਣਾ - 20 ਦਿਨ ਪਹਿਲਾਂ ਡਾਕਟਰਾਂ ਨੇ ਇਕ 6 ਸਾਲਾ ਬੱਚੇ ਨੂੰ ਮ੍ਰਿਤਕ ਐਲਾਨ ਕਰ ਦਿੱਤਾ ਸੀ ਪਰਿਵਾਰ ਉਸ ਦੇ ਅੰਤਿਮ ਸਸਕਾਰ ਦੀਆਂ ਤਿਆਰੀਆਂ ਕਰ ਰਿਹਾ ਸੀ। ਮਾਂ ਆਪਣੇ ਬੱਚੇ ਸਿਰ ਨੂੰ ਚੁੰਮ ਕੇ ਵਾਰ-ਵਾਰ ਕਹਿ ਰਹੀ ਸੀ ਕਿ 'ਉੱਠ ਜਾ ਮੇਰੇ ਬੱਚੇ, ਉੱਠ ਜਾ'। ਇਸ ਦੇ ਨਾਲ ਹੀ ਬੱਚੇ ਦੇ ਸਰੀਰ ਵਿਚ ਹਰਕਤ ਹੋਣ ਲੱਗ ਪਈ। ਪਰਿਵਾਰ ਵਾਲੇ ਤੁਰੰਤ ਬੱਚੇ ਨੂੰ ਹਸਪਤਾਲ ਲੈ ਕੇ ਗਏ, ਬੱਚੇ ਦਾ ਇਲਾਜ ਦੁਬਾਰਾ ਸ਼ੁਰੂ ਹੋਿਆ ਅਤੇ ਮੰਗਲਵਾਰ ਨੂੰ ਉਹ ਰੋਹਤਕ ਦੇ ਹਸਪਤਾਲ ਤੋਂ ਹੱਸਦਾ-ਖੇਡਦਾ ਘਰ ਵਾਪਸ ਆ ਗਿਆ।
ਮਾਮਲਾ ਹਰਿਆਣਾ ਦੇ ਬਹਾਦਰਗੜ੍ਹ ਦਾ ਹੈ। ਇਥੇ ਰਹਿਣ ਵਾਲੇ ਹਿਤੇਸ਼ ਅਤੇ ਉਸ ਦੀ ਪਤਨੀ ਜਾਹਨਵੀ ਨੇ ਦੱਸਿਆ ਕਿ ਉਨ੍ਹਾਂ ਦੇ ਬੇਟੇ ਨੂੰ ਟਾਈਫਾਈਡ ਹੋ ਗਿਆ ਸੀ। ਉਸ ਨੂੰ ਇਲਾਜ ਲਈ ਦਿੱਲੀ ਲਿਜਾਇਆ ਗਿਆ। 26 ਮਈ ਨੂੰ ਡਾਕਟਰਾਂ ਨੇ ਉਸ ਨੂੰ ਮ੍ਰਿਤਕ ਐਲਾਨ ਕਰ ਦਿੱਤਾ। ਉਹ ਮ੍ਰਿਤਕ ਦੇਹ ਲੈ ਕੇ ਬਹਾਦੁਰਗੜ੍ਹ ਵਾਪਸ ਆ ਗਏ।
ਬੱਚੇ ਦੇ ਦਾਦਾ ਵਿਜੈ ਸ਼ਰਮਾ ਨੇ ਦੱਸਿਆ ਕਿ ਉਸ ਨੇ ਸਰੀਰ ਨੂੰ ਰੱਖਣ ਲਈ ਬਰਫ ਦਾ ਪ੍ਰਬੰਧ ਕੀਤਾ ਸੀ ਅਤੇ ਸਵੇਰੇ ਦਫ਼ਨਾਉਣ ਲਈ ਲੂਣ ਦਾ ਪ੍ਰਬੰਧ ਕੀਤਾ। ਸਥਾਨਕ ਲੋਕਾਂ ਨੂੰ ਸਵੇਰੇ ਸ਼ਮਸ਼ਾਨਘਾਟ ਪਹੁੰਚਣ ਲਈ ਕਿਹਾ ਗਿਆ। ਬੱਚੇ ਦੀ ਮਾਂ ਜਾਨਵੀ ਅਤੇ ਤਾਈ ਅੰਨੂ ਰੋ ਰਹੀ ਸੀ ਅਤੇ ਦੁਹਾਈ ਦੇ ਰਹੀ ਸੀ, ਵਾਰ-ਵਾਰ ਮਾਸੂਮ ਨੂੰ ਪਿਆਰ ਨਾਲ ਝੰਜੋੜਦੀ ਸੀ ਅਤੇ ਉਸ ਨੂੰ ਜ਼ਿੰਦਾ ਹੋਣ ਲਈ ਕਹਿ ਰਹੀਆਂ ਸਨ। ਕੁਝ ਸਮੇਂ ਬਾਅਦ ਸਰੀਰ ਵਿਚ ਹਲਚਲ ਹੋਣ ਲੱਗੀ।
ਇਸ ਤੋਂ ਬਾਅਦ ਪਿਤਾ ਹਿਤੇਸ਼ ਨੇ ਚਾਦਰ ਵਿਚੋਂ ਬੱਚੇ ਦਾ ਮੂੰਹ ਬਾਹਰ ਕੱਢਿਆ ਅਤੇ ਉਸ ਨੂੰ ਮੂੰਹ ਨਾਲ ਸਾਹ ਦੇਣ ਲੱਗਿਆ। ਗੁਆਢੀਂ ਸੁਨੀਲ ਨੇ ਬੱਚੇ ਦੀ ਛਾਤੀ 'ਤੇ ਹੱਥ ਨਾਲ ਜ਼ੋਰ ਦੇਣਾ ਸ਼ੁਰੂ ਕੀਤਾ। ਜਦੋਂ ਪਿਤਾ ਆਪਣੇ ਬੱਚੇ ਨੂੰ ਸਾਹ ਦੇ ਰਿਹਾ ਸੀ ਤਾਂ ਬੱਚੇ ਨੇ ਆਪਣੇ ਪਿਤਾ ਦੀ ਬੁੱਲਾਂ 'ਤੇ ਦੰਦ ਮਾਰ ਦਿੱਤੇ। ਇਸ ਤੋਂ ਬਾਅਦ 26 ਮਈ ਦੀ ਰਾਤ ਨੂੰ ਹੀ ਬੱਚੇ ਨੂੰ ਰੋਹਤਕ ਦੇ ਇਕ ਪ੍ਰਾਈਵੇਟ ਹਸਪਤਾਲ ਵਿਚ ਲਿਜਾਇਆ ਗਿਆ। ਡਾਕਟਰ ਨੇ ਕਿਹਾ ਕਿ ਬੱਚੇ ਦੇ ਬਚਣ ਦੀ ਸਿਰਫ਼ 10 ਫੀਸਦੀ ਉਮੀਦ ਹੈ। ਇਲਾਜ ਸ਼ੁਰੂ ਹੋਇਆ, ਬੱਚੇ ਦੀ ਤੇਜ਼ੀ ਨਾਲ ਰਿਕਵਰੀ ਹੋਈ ਅਤੇ ਹੁਣ ਉਹ ਪੂਰੀ ਤਰ੍ਹਾਂ ਠੀਕ ਹੈ।