
'ਕੁਝ ਸ਼ਰਾਰਤੀ ਅਨਸਰ ਦੇਸ਼ ਦੀ ਸ਼ਾਂਤੀ ਭੰਗ ਕਰਨਾ ਚਾਹੁੰਦੇ ਜਿਸ ਨੂੰ ਕਿਸੇ ਵੀ ਹਾਲਤ ਵਿਚ ਬਰਦਾਸ਼ਤ ਨਹੀਂ ਕੀਤਾ ਜਾਵੇਗਾ'
ਰੋਹਤਕ : 'ਅਗਨੀਪਥ' ਯੋਜਨਾ ਨੂੰ ਲੈ ਕੇ ਹੋ ਰਿਹਾ ਵਿਰੋਧ ਪ੍ਰਦਰਸ਼ਨ ਹੁਣ ਦੇਸ਼ ਦੇ ਕਈ ਰਾਜਾਂ ਵਿੱਚ ਫੈਲ ਗਿਆ ਹੈ। ਹਰਿਆਣਾ ਦੇ ਗ੍ਰਹਿ ਅਤੇ ਸਿਹਤ ਮੰਤਰੀ ਅਨਿਲ ਵਿੱਜ ਨੇ ਕਿਹਾ ਹੈ ਕਿ ਪ੍ਰਦਰਸ਼ਨ ਕਰਨਾ ਹਰ ਵਿਅਕਤੀ ਦਾ ਅਧਿਕਾਰ ਹੈ, ਪਰ ਇਸ ਦੀ ਆੜ ਵਿੱਚ ਭੰਨਤੋੜ ਕਰਨ ਅਤੇ ਅੱਗ ਲਗਾਉਣ ਵਾਲੇ ਲੋਕਾਂ ਨੂੰ ਕਿਸੇ ਵੀ ਹਾਲਤ ਵਿੱਚ ਬਖਸ਼ਿਆ ਨਹੀਂ ਜਾਵੇਗਾ। ਉਨ੍ਹਾਂ ਕਿਹਾ ਕਿ ਹਿੰਸਾ ਕਰਨ ਵਾਲੇ ਲੋਕ ਫੌਜ ਵਿੱਚ ਜਾਣ ਵਾਲੇ ਨਹੀਂ ਹੋ ਸਕਦੇ।
Agnipath Protest
ਅਨਿਲ ਵਿੱਜ ਨੇ ਕਿਹਾ ਕਿ ਸਿਰਫ਼ ਅਨੁਸ਼ਾਸਿਤ ਲੋਕ ਹੀ ਫ਼ੌਜ ਵਿਚ ਜਾਂਦੇ ਹਨ। ਸਾਡੇ ਦੇਸ਼ ਵਿੱਚ ਕੁਝ ਸ਼ਰਾਰਤੀ ਅਨਸਰ ਅਜਿਹੇ ਹਨ, ਜੋ ਹਰ ਸਮੇਂ ਇਸ ਮੌਕੇ ਦੀ ਤਲਾਸ਼ ਵਿੱਚ ਰਹਿੰਦੇ ਹਨ ਕਿ ਦੇਸ਼ ਦੀ ਸ਼ਾਂਤੀ ਨੂੰ ਕਿਵੇਂ ਭੰਗ ਕੀਤਾ ਜਾਵੇ ਅਤੇ ਇਸ ਨੂੰ ਕਿਸੇ ਵੀ ਹਾਲਤ ਵਿੱਚ ਬਰਦਾਸ਼ਤ ਨਹੀਂ ਕੀਤਾ ਜਾਵੇਗਾ।
Anil Vij
ਗ੍ਰਹਿ ਮੰਤਰੀ ਨੇ ਕਿਹਾ ਕਿ ਭੰਨਤੋੜ ਕਰਨ ਵਾਲਿਆਂ ਵਿਰੁੱਧ ਪੁਲਿਸ ਨੂੰ ਪੂਰੀਆਂ ਹਦਾਇਤਾਂ ਦਿੱਤੀਆਂ ਗਈਆਂ ਹਨ। ਸਾਰਿਆਂ ਦੀਆਂ ਸੂਚੀਆਂ ਤਿਆਰ ਕੀਤੀਆਂ ਜਾ ਰਹੀਆਂ ਹਨ ਅਤੇ ਅਸੀਂ ਭੰਨ ਤੋੜ ਕਰਨ ਵਾਲੇ ਕਿਸੇ ਵੀ ਵਿਅਕਤੀ ਨੂੰ ਨਹੀਂ ਬਖਸ਼ਾਂਗੇ। ਅਨਿਲ ਵਿੱਜ ਨੇ ਕਿਹਾ ਕਿ ਧਰਨਾ ਦੇਣਾ, ਜਲੂਸ ਕੱਢਣਾ ਤੁਹਾਡਾ ਅਧਿਕਾਰ ਹੈ ਪਰ ਭੰਨਤੋੜ, ਕੁੱਟਮਾਰ ਕਿਸੇ ਵੀ ਹਾਲਤ ਵਿੱਚ ਬਰਦਾਸ਼ਤ ਨਹੀਂ ਕੀਤੀ ਜਾਵੇਗੀ।
Anil Vij
ਦੂਜੇ ਪਾਸੇ ਕਾਂਗਰਸ ਨੇਤਾ ਰਾਹੁਲ ਗਾਂਧੀ 'ਤੇ ਤੰਜ਼ ਕੱਸਦਿਆਂ ਅਨਿਲ ਵਿੱਜ ਨੇ ਕਿਹਾ ਕਿ ਉਨ੍ਹਾਂ ਨੂੰ ਹਰ ਪਾਸੇ ਹਨੇਰਾ ਨਜ਼ਰ ਆਉਂਦਾ ਹੈ, ਉਨ੍ਹਾਂ ਨੂੰ ਚੀਜ਼ਾਂ ਦੇ ਚੰਗੇ ਪਹਿਲੂ ਨਜ਼ਰ ਨਹੀਂ ਆਉਂਦੇ। ਉਨ੍ਹਾਂ ਕਿਹਾ ਕਿ ਪੂਰੇ ਦੇਸ਼ ਨੇ ਜੀਐਸਟੀ ਦੀ ਸ਼ਲਾਘਾ ਕੀਤੀ ਹੈ ਅਤੇ ਇਸ ਦੀ ਵਸੂਲੀ ਹਰ ਸਾਲ ਵਧ ਰਹੀ ਹੈ। ਕਾਲੇ ਧਨ ਦਾ ਕਾਰੋਬਾਰ ਕਰਨ ਵਾਲਿਆਂ ਨੂੰ ਛੱਡ ਕੇ ਹਰ ਕਿਸੇ ਨੇ ਨੋਟਬੰਦੀ ਦੀ ਸ਼ਲਾਘਾ ਕੀਤੀ ਹੈ।
ਵਿਜ ਨੇ ਕਿਹਾ ਕਿ ਜਦੋਂ ਪੰਜ ਰਾਜਾਂ ਦੀਆਂ ਚੋਣਾਂ ਹੋਈਆਂ ਤਾਂ ਕਾਂਗਰਸ ਦਾ ਪੰਜਾਂ ਰਾਜਾਂ ਵਿੱਚੋਂ ਸਫਾਇਆ ਹੋ ਗਿਆ ਅਤੇ ਰਾਹੁਲ ਗਾਂਧੀ ਨੂੰ ਇਹ ਗੱਲ ਸਮਝ ਨਹੀਂ ਆ ਰਹੀ। ਬੇਸ਼ੱਕ ਉਹ ਚੰਗੇ ਪਹਿਲੂ ਨਹੀਂ ਦੇਖਦੇ, ਪਰ ਲੋਕ ਦੇਖਦੇ ਹਨ। ਜਨਤਾ ਸਮਝ ਰਹੀ ਹੈ ਕਿ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਜੋ ਨੀਤੀਆਂ ਬਣਾ ਰਹੇ ਹਨ, ਉਹ ਦੇਸ਼ ਦੇ ਹਿੱਤ ਵਿੱਚ ਹਨ।