ਯੂਪੀ-ਬਿਹਾਰ ਤੇ ਤੇਲੰਗਾਨਾ ਵਿੱਚ ਰੇਲ ਗੱਡੀਆਂ ਨੂੰ ਲਗਾਈ ਅੱਗ, ਹੈਦਰਾਬਾਦ 'ਚ ਮੈਟਰੋ ਬੰਦ
ਨਵੀਂ ਦਿੱਲੀ : ਸਰਕਾਰ ਵੱਲੋਂ ਫ਼ੌਜ 'ਚ ਭਰਤੀ ਲਈ ਬਣਾਈ ਗਈ ਅਗਨੀਪਥ ਯੋਜਨਾ 'ਚ ਉਮਰ ਹੱਦ ਵਧਾਉਣ ਦੇ ਬਾਵਜੂਦ ਪ੍ਰਦਰਸ਼ਨ ਰੁਕਣ ਦਾ ਨਾਂ ਨਹੀਂ ਲੈ ਰਿਹਾ ਹੈ। ਯੂਪੀ ਅਤੇ ਬਿਹਾਰ ਵਿੱਚ ਪ੍ਰਦਰਸ਼ਨਕਾਰੀਆਂ ਨੇ ਰੇਲ ਗੱਡੀਆਂ ਨੂੰ ਅੱਗ ਲਗਾ ਦਿੱਤੀ। ਕਈ ਥਾਵਾਂ 'ਤੇ ਰੇਲਵੇ ਟਰੈਕ ਅਤੇ ਸੜਕਾਂ ਜਾਮ ਕਰ ਦਿੱਤੀਆਂ ਗਈਆਂ। ਇਸ ਦੇ ਨਾਲ ਹੀ ਯੂਪੀ ਦੇ ਬਲੀਆ ਵਿੱਚ ਸਵੇਰੇ 5 ਵਜੇ ਤੋਂ ਪ੍ਰਦਰਸ਼ਨ ਸ਼ੁਰੂ ਹੋ ਗਿਆ। ਇੱਥੇ ਕਈ ਵਾਹਨਾਂ ਦੇ ਸ਼ੀਸ਼ੇ ਤੋੜੇ ਗਏ। ਪੁਲਿਸ ਨੇ ਇੱਕ ਬਦਮਾਸ਼ ਨੂੰ ਹਿਰਾਸਤ ਵਿੱਚ ਲਿਆ ਹੈ।
ਫਿਰੋਜ਼ਾਬਾਦ 'ਚ ਆਗਰਾ-ਲਖਨਊ ਐਕਸਪ੍ਰੈਸ ਵੇਅ 'ਤੇ ਚਾਰ ਬੱਸਾਂ ਦੀ ਭੰਨਤੋੜ ਕੀਤੀ ਗਈ ਅਤੇ ਆਵਾਜਾਈ ਜਾਮ ਕਰ ਦਿਤੀ ਗਈ। ਹਰਿਆਣਾ ਦੇ ਨਾਰਨੌਲ ਵਿੱਚ ਵੀ ਨੌਜਵਾਨਾਂ ਨੇ ਸੜਕ ਜਾਮ ਕਰ ਦਿੱਤੀ ਹੈ। ਤੇਲੰਗਾਨਾ ਦੇ ਸਿਕੰਦਰਾਬਾਦ ਰੇਲਵੇ ਸਟੇਸ਼ਨ 'ਤੇ ਵੀ ਅੱਗਜ਼ਨੀ ਅਤੇ ਭੰਨਤੋੜ ਕੀਤੀ ਗਈ ਹੈ। ਇੱਥੇ ਹਿੰਸਕ ਪ੍ਰਦਰਸ਼ਨ ਵਿੱਚ ਇੱਕ ਦੀ ਮੌਤ ਹੋ ਗਈ। ਦੂਜੀ ਮੌਤ ਬਿਹਾਰ ਦੇ ਲਖੀਸਰਾਏ ਜ਼ਿਲ੍ਹੇ ਵਿੱਚ ਹੋਈ।
ਐਲ ਐਂਡ ਟੀ ਮੈਟਰੋ ਰੇਲ ਲਿਮਿਟੇਡ ਹੈਦਰਾਬਾਦ ਨੇ ਟਵੀਟ ਕੀਤਾ - ਸ਼ਹਿਰ ਵਿੱਚ ਕੁਝ ਗੜਬੜੀ ਦੇ ਕਾਰਨ, ਹੈਦਰਾਬਾਦ ਮੈਟਰੋ ਰੇਲ ਦੀਆਂ ਸਾਰੀਆਂ ਤਿੰਨ ਲਾਈਨਾਂ ਅਗਲੇ ਨੋਟਿਸ ਤੱਕ ਬੰਦ ਹਨ। ਰਾਜਸਥਾਨ ਦੇ ਭਰਤਪੁਰ ਜੰਕਸ਼ਨ ਰੇਲਵੇ ਸਟੇਸ਼ਨ 'ਤੇ ਪ੍ਰਦਰਸ਼ਨਕਾਰੀਆਂ ਨੇ ਇੱਕ ਪੁਲਿਸ ਮੁਲਾਜ਼ਮ ਨੂੰ ਲਹੂ ਲੁਹਾਨ ਕਰ ਦਿਤਾ। ਦੱਸ ਦੇਈਏ ਕਿ ਇਸ ਪ੍ਰਦਰਸ਼ਨ ਕਾਰਨ 200 ਟਰੇਨਾਂ ਪ੍ਰਭਾਵਿਤ ਹੋਈਆਂ ਹਨ। ਦੇਸ਼ ਭਰ 'ਚ 35 ਟਰੇਨਾਂ ਨੂੰ ਰੱਦ ਕਰ ਦਿੱਤਾ ਗਿਆ ਹੈ, ਜਦਕਿ 13 ਨੂੰ ਕੁਝ ਸਮੇਂ ਲਈ ਰੱਦ ਕੀਤਾ ਗਿਆ ਹੈ।
ਜਾਣਕਾਰੀ ਅਨੁਸਾਰ ਹੈਦਰਾਬਾਦ ਦੇ ਸਿਕੰਦਰਾਬਾਦ ਸਟੇਸ਼ਨ ਪ੍ਰਦਰਸ਼ਨ ਕਰ ਰਹੇ ਲੋਕਾਂ ਨੇ ਰੇਲਵੇ ਸਟੇਸ਼ਨ 'ਤੇ ਬਹੁਤ ਜ਼ਿਆਦਾ ਤੋੜਭੰਨ ਕੀਤੀ ਅਤੇ ਰੇਲਵੇ ਦੀ ਸੰਪੱਤੀ ਨੂੰ ਅੱਗ ਵੀ ਲਗਾ ਦਿੱਤੀ। ਪ੍ਰਦਰਸ਼ਨ ਇੰਨੇ ਜ਼ਿਆਦਾ ਹਿੰਸਕ ਹੋ ਗਏ ਕਿ ਸਥਿਤੀ ਨੂੰ ਕਾਬੂ ਕਰਨ ਲਈ ਪੁਲਿਸ ਨੂੰ ਰੇਲਵੇ ਰੇਲਵੇ ਸਟੇਸ਼ਨ 'ਤੇ ਫ਼ਾਇਰਿੰਗ ਵੀ ਕਰਨੀ ਪਈ। ਇਸ ਫ਼ਾਇਰਿੰਗ ਵਿੱਚ ਕਿੰਨੇ ਲੋਕ ਜ਼ਖਮੀ ਹੋਏ ਹਨ ਇਸ ਬਾਰੇ ਅਜੇ ਤੱਕ ਕੋਈ ਜਾਣਕਾਰੀ ਸਾਹਮਣੇ ਆਈ ਨਹੀਂ ਆਈ ਹੈ।