ਕਿਹਾ - ਪ੍ਰਸ਼ਾਸਨ ਦਾ ਕਹਿਣਾ ਮੰਨੋ ਅਤੇ ਕੋਈ ਵੀ ਮੈਨੂੰ ਮਿਲਣ ਨਾ ਆਵੇ
ਸਵੇਰੇ 7 ਵਜੇ ਸੁਨਾਰੀਆ ਜੇਲ੍ਹ ਤੋਂ ਲਿਆਂਦਾ ਬਾਹਰ
ਪੈਰੋਲ ਦੌਰਾਨ UP ਦੇ ਬਰਨਾਵਾ ਆਸ਼ਰਮ 'ਚ ਰਹੇਗਾ ਡੇਰਾ ਮੁਖੀ
ਰੋਹਤਕ : ਸੁਨਾਰੀਆ ਜੇਲ੍ਹ ਵਿੱਚ ਬੰਦ ਸੌਦਾ ਸਾਧ ਨੂੰ ਜੇਲ੍ਹ ਵਿਭਾਗ ਨੇ ਪੈਰੋਲ ਦਿਤੀ ਹੈ। ਜਾਣਕਾਰੀ ਅਨੁਸਾਰ ਸੌਦਾ ਸਾਧ ਨੂੰ ਇੱਕ ਮਹੀਨੇ ਦੀ ਪੈਰੋਲ ਦਿਤੀ ਗਈ ਹੈ ਅਤੇ ਇਸ ਮਿਆਦ ਦੌਰਾਨ ਉਹ ਯੂਪੀ ਦੇ ਬਰਨਾਵਾ ਆਸ਼ਰਮ ਵਿਚ ਰੱਖਿਆ ਜਾਵੇਗਾ। ਇਹ ਆਸ਼ਰਮ ਬਾਗਪਤ ਦੇ ਬਰਨਾਵਾ ਪਿੰਡ ਵਿੱਚ ਸਥਿਤ ਹੈ ਅਤੇ ਰਾਮ ਰਹੀਮ ਦਾ ਡੇਰਾ ਹੋਵੇਗਾ। ਦੱਸ ਦੇਈਏ ਕਿ ਭਾਰੀ ਸੁਰੱਖਿਆ ਵਿਚਕਾਰ ਸੌਦਾ ਸਾਧ ਨੂੰ ਜੇਲ੍ਹ ਤੋਂ ਬਾਹਰ ਲਿਆਂਦਾ ਗਿਆ ਹੈ। ਰਾਮ ਰਹੀਮ ਨੂੰ ਹਰਿਆਣਾ ਸਰਕਾਰ ਨੇ ਇੱਕ ਮਹੀਨੇ ਦੀ ਪੈਰੋਲ ਦਿੱਤੀ ਹੈ।
ਇਸ ਤੋਂ ਪਹਿਲਾਂ ਹਰਿਆਣਾ ਸਰਕਾਰ ਨੇ ਫਰਵਰੀ ਵਿੱਚ ਰਾਮ ਰਹੀਮ ਨੂੰ ਮਹੀਨੇ ਦੀ ਪੈਰੋਲ ਦਿੱਤੀ ਸੀ। ਇਸ ਦੌਰਾਨ ਸਰਕਾਰ ਨੇ ਸੌਦਾ ਸਾਧ ਦੀ ਜਾਨ ਨੂੰ ਖਤਰਾ ਦੱਸਦੇ ਹੋਏ ਉਸ ਨੂੰ Z+ ਸੁਰੱਖਿਆ ਦਿਤੀ ਗਈ ਸੀ। ਫ਼ਰਲੋ ਦੌਰਾਨ ਸੌਦਾ ਸਾਧ ਜ਼ਿਆਦਾਤਰ ਸਮਾਂ ਆਪਣੇ ਗੁਰੂਗ੍ਰਾਮ ਆਸ਼ਰਮ 'ਚ ਹੀ ਰਿਹਾ। ਜ਼ਿਕਰਯੋਗ ਹੈ ਕਿ ਸੌਦਾ ਸਾਧ ਦੋ ਔਰਤਾਂ ਨਾਲ ਜਿਸਮਾਨੀ ਸ਼ੋਸ਼ਣ ਦੇ ਦੋਸ਼ਾਂ ਵਿਚ 20 ਸਾਲ ਦੀ ਸਜ਼ਾ ਕੱਟ ਰਿਹਾ ਹੈ। 2017 ਵਿਚ CBI ਦੀ ਇੱਕ ਅਦਾਲਤ ਨੇ ਉਸ ਨੂੰ ਦੋਸ਼ੀ ਠਹਿਰਾਇਆ ਸੀ ਅਤੇ ਉਹ ਹੁਣ ਸੁਨਾਰੀਆ ਜੇਲ੍ਹ ਵਿਚ ਸਜ਼ਾ ਕੱਟ ਰਿਹਾ ਸੀ ਅਤੇ ਅੱਜ ਉਸ ਨੂੰ ਇੱਕ ਮਹੀਨੇ ਦੀ ਪੈਰੋਲ 'ਤੇ ਬਾਹਰ ਲਿਆਂਦਾ ਗਿਆ ਹੈ।
'ਪ੍ਰਸ਼ਾਸਨ ਦਾ ਕਹਿਣਾ ਮੰਨੋ ਅਤੇ ਕੋਈ ਵੀ ਮੈਨੂੰ ਮਿਲਣ ਨਾ ਆਵੇ'
ਇਸ ਦੇ ਨਾਲ ਹੀ ਜੇਲ੍ਹ ਤੋਂ ਬਾਹਰ ਆਉਣ ਤੋਂ ਬਾਅਦ ਰਾਮ ਰਹੀਮ ਨੇ ਲਾਈਵ ਹੋ ਕੇ ਡੇਰਾ ਪ੍ਰੇਮੀਆਂ ਨੂੰ ਖਾਸ ਸੰਦੇਸ਼ ਦਿਤਾ। ਵੀਡੀਓ 'ਚ ਸੌਦਾ ਸਾਧ ਨੇ ਕਿਹਾ, ''ਅਸੀਂ ਯੂਪੀ ਤੋਂ ਬੋਲ ਰਹੇ ਹਾਂ, ਤੁਹਾਨੂੰ ਸਾਰਿਆਂ ਨੂੰ ਬਹੁਤ-ਬਹੁਤ ਪਿਆਰ। ਤੁਸੀਂ ਕਿੰਨੇ ਚਿਰ ਤੋਂ ਕਹਿ ਰਹੇ ਸੀ ਕਿ ਬਾਬਾ ਜੀ ਕਦੋਂ ਬਾਹਰ ਆਉਣਗੇ? ਸੋ ਸੁਣਿਆ ਸਭ ਨੇ, ਹੁਣ ਅਸੀਂ ਆਪ ਹੀ ਤੁਹਾਡੇ ਸਾਹਮਣੇ ਖੜੇ ਹਾਂ।
ਤੁਸੀਂ ਹਮੇਸ਼ਾ ਸਾਡੀ ਗੱਲ ਮੰਨੀ, ਅਸੀਂ ਤੁਹਾਨੂੰ 10 ਚਿੱਠੀਆਂ ਭੇਜੀਆਂ, ਤੁਸੀਂ ਉਸ ਨੂੰ ਬੜੇ ਪਿਆਰ ਨਾਲ ਸੁਣਿਆ ਅਤੇ ਪੜ੍ਹਿਆ। ਤੁਸੀਂ ਸਾਰੇ ਸਿਮਰਨ ਕਰਦੇ ਰਹੋ ਅਤੇ ਆਪਣੇ ਘਰਾਂ ਵਿੱਚ ਰਹੋ, ਅਸੀਂ ਤੁਹਾਡੇ ਸਾਰਿਆਂ ਲਈ ਖੁਸ਼ੀਆਂ ਦੀ ਕਾਮਨਾ ਕਰਦੇ ਹਾਂ। ਪ੍ਰਸ਼ਾਸਨ ਦੀ ਵੀ ਗੱਲ ਸੁਣੋ ਅਤੇ ਕੋਈ ਮੈਨੂੰ ਮਿਲਣ ਨਾ ਆਵੇ। ਤੁਸੀਂ ਸਭ ਨੇ ਪਿਛਲੀ ਵਾਰ ਵੀ ਪ੍ਰਸ਼ਾਸਨ ਦਾ ਕਹਿਣਾ ਮੰਨਿਆ ਸੀ ਅਤੇ ਇਸ ਵਾਰ ਵੀ ਮੰਨਣਾ ਪਵੇਗਾ।''