ਏਸੀਪੀ ਅਨੁਸਾਰ ਘਟਨਾ ਵਾਲੀ ਥਾਂ ਦੇ ਆਲੇ-ਦੁਆਲੇ ਲੱਗੇ ਸੀਸੀਟੀਵੀ ਦੀ ਜਾਂਚ ਕੀਤੀ ਜਾ ਰਹੀ ਹੈ ਤਾਂ ਜੋ ਪਤਾ ਲੱਗ ਸਕੇ ਕਿ ਹਾਦਸਾ ਕਿਵੇਂ ਵਾਪਰਿਆ
ਪੰਚਕੂਲਾ: ਸੈਕਟਰ 5 ਪੰਚਕੂਲਾ ਵਿਚ ਸ਼ੁੱਕਰਵਾਰ ਨੂੰ ਇੱਕ ਸੜਕ ਹਾਦਸਾ ਵਾਪਰਿਆ। ਦਸਿਆ ਗਿਆ ਹੈ ਕਿ ਹਰਿਆਣਾ ਰੋਡਵੇਜ਼ ਦੀ ਬੱਸ ਨੇ ਬਾਈਕ ਸਵਾਰ ਟ੍ਰੈਫਿਕ ਪੁਲਿਸ ਮੁਲਾਜ਼ਮ ਨੂੰ ਟੱਕਰ ਮਾਰ ਦਿਤੀ। ਜਿਸ ਕਾਰਨ ਬਾਈਕ ਪਲਟ ਗਈ ਅਤੇ ਟਰੈਫਿਕ ਪੁਲਿਸ ਮੁਲਾਜ਼ਮ ਦੀ ਮੌਤ ਹੋ ਗਈ। ਮਰਨ ਵਾਲੇ ਟਰੈਫਿਕ ਪੁਲਿਸ ਮੁਲਾਜ਼ਮ ਦੀ ਪਛਾਣ ਅਰੁਣ ਕੁਮਾਰ ਮਹਿਰਾ ਵਜੋਂ ਹੋਈ ਹੈ। ਜਿਸ ਦੀ ਉਮਰ 45 ਸਾਲ ਦੱਸੀ ਜਾ ਰਹੀ ਹੈ। ਅਰੁਣ ਆਪਣੇ ਪਰਿਵਾਰ ਨਾਲ ਪੰਚਕੂਲਾ ਦੇ ਰਾਏਪੁਰਾਨੀ ਵਿਖੇ ਰਹਿ ਰਿਹਾ ਸੀ। ਸ਼ੁੱਕਰਵਾਰ ਨੂੰ ਪੰਚਕੂਲਾ ਵਿਚ ਉਸ ਦੀ ਮੌਤ ਹੋ ਗਈ।
ਏਸੀਪੀ ਸੁਰਿੰਦਰ ਕੁਮਾਰ ਨੇ ਦਸਿਆ ਕਿ ਉਨ੍ਹਾਂ ਨੂੰ ਸੂਚਨਾ ਮਿਲੀ ਸੀ ਕਿ ਪੰਚਕੂਲਾ ਸੈਕਟਰ 5 ਸਥਿਤ ਬੇਲਾ ਵਿਸਟਾ ਦੇ ਪਿੱਛੇ ਮੋੜ 'ਤੇ ਸੜਕ ਹਾਦਸਾ ਵਾਪਰ ਗਿਆ ਹੈ। ਇੱਥੇ ਹਰਿਆਣਾ ਰੋਡਵੇਜ਼ ਦੀ ਬੱਸ ਨੇ ਬਾਈਕ 'ਤੇ ਜਾ ਰਹੇ ਟ੍ਰੈਫਿਕ ਪੁਲਿਸ ਮੁਲਾਜ਼ਮ ਨੂੰ ਟੱਕਰ ਮਾਰ ਦਿਤੀ। ਜਿਸ ਕਾਰਨ ਟਰੈਫਿਕ ਪੁਲਿਸ ਮੁਲਾਜ਼ਮ ਦੀ ਮੌਕੇ ’ਤੇ ਹੀ ਮੌਤ ਹੋ ਗਈ। ਹਾਦਸੇ ਦੀ ਸੂਚਨਾ ਮਿਲਦੇ ਹੀ ਏਸੀਪੀ ਸੁਰਿੰਦਰ ਕੁਮਾਰ, ਟਰੈਫਿਕ ਐਸਐਚਓ ਸਤਬੀਰ ਕੁਮਾਰ, ਜਾਂਚ ਅਧਿਕਾਰੀ ਸੁਨੀਤਾ ਚੋਖਾਨ ਮੌਕੇ ’ਤੇ ਪਹੁੰਚ ਗਏ ਅਤੇ ਜਾਂਚ ਵਿਚ ਜੁੱਟ ਗਏ।
ਪਤਾ ਲੱਗਾ ਹੈ ਕਿ ਹਰਿਆਣਾ ਰੋਡਵੇਜ਼ ਦੀ ਬੱਸ ਨੰਬਰ ਐਚਆਰ68ਬੀ1662 ਅਤੇ ਮੋਟਰਸਾਈਕਲ ਸਪਲੈਂਡਰ ਸੀਐਚ01ਸੀਬੀ2480 ਦੀ ਟੱਕਰ ਹੋ ਗਈ। ਬਾਈਕ ਸਵਾਰ ਪੁਲਿਸ ਦੀ ਵਰਦੀ 'ਚ ਸੀ। ਜਿਸ ਦੀ ਮੌਕੇ 'ਤੇ ਹੀ ਮੌਤ ਹੋ ਗਈ। ਡਾਇਲ 112 ਨੇ ਪੁਲਿਸ ਮੁਲਾਜ਼ਮ ਦਾ ਸੈਕਟਰ 6 ਦੇ ਹਸਪਤਾਲ ਵਿਚ ਪੋਸਟਮਾਰਟਮ ਕਰਵਾ ਕੇ ਲਾਸ਼ ਵਾਰਸਾਂ ਦੇ ਹਵਾਲੇ ਕਰ ਦਿਤੀ। ਏ.ਸੀ.ਪੀ ਸੁਰਿੰਦਰ ਅਨੁਸਾਰ ਰੋਡਵੇਜ਼ ਬੱਸ ਦੇ ਡਰਾਈਵਰ ਖਿਲਾਫ ਮਾਮਲਾ ਦਰਜ ਕਰ ਲਿਆ ਗਿਆ ਹੈ। ਜਲਦੀ ਹੀ ਉਸ ਨੂੰ ਗ੍ਰਿਫਤਾਰ ਕਰ ਲਿਆ ਜਾਵੇਗਾ। ਏਸੀਪੀ ਅਨੁਸਾਰ ਘਟਨਾ ਵਾਲੀ ਥਾਂ ਦੇ ਆਲੇ-ਦੁਆਲੇ ਲੱਗੇ ਸੀਸੀਟੀਵੀ ਦੀ ਜਾਂਚ ਕੀਤੀ ਜਾ ਰਹੀ ਹੈ ਤਾਂ ਜੋ ਪਤਾ ਲੱਗ ਸਕੇ ਕਿ ਹਾਦਸਾ ਕਿਵੇਂ ਵਾਪਰਿਆ। ਜਿਸ ਦੇ ਆਧਾਰ 'ਤੇ ਅਗਲੀ ਕਾਰਵਾਈ ਕੀਤੀ ਜਾਵੇਗੀ।