ਕਿਹਾ, ਯਾਦਵਾਂ ਅਤੇ ਮੁਸਲਮਾਨਾਂ ਨੇ ਮੈਨੂੰ ਵੋਟ ਨਹੀਂ ਪਾਈ, ਹੁਣ ਮੇਰੇ ਤੋਂ ਕਿਸੇ ਮਦਦ ਦੀ ਉਮੀਦ ਨਾ ਕਰਨ
ਪਟਨਾ: ਬਿਹਾਰ ਦੇ ਮੁੱਖ ਮੰਤਰੀ ਨਿਤੀਸ਼ ਕੁਮਾਰ ਦੀ ਅਗਵਾਈ ਵਾਲੀ ਪਾਰਟੀ ਜਨਤਾ ਦਲ (ਯੂ) ਦੇ ਨਵੇਂ ਚੁਣੇ ਗਏ ਸੰਸਦ ਮੈਂਬਰ ਉਦੋਂ ਵਿਵਾਦ ’ਚ ਘਿਰ ਗਏ ਜਦੋਂ ਸੋਮਵਾਰ ਨੂੰ ਉਨ੍ਹਾਂ ਨੇ ਭਾਰਤੀ ਜਨਤਾ ਪਾਰਟੀ (ਭਾਜਪਾ) ਦੀ ਅਗਵਾਈ ਵਾਲੇ ਐਨ.ਡੀ.ਏ. ਨੂੰ ‘ਮੁਸਲਮਾਨਾਂ ਅਤੇ ਯਾਦਵਾਂ’ ਵਲੋਂ ਵੋਟ ਨਾ ਦੇਣ ’ਤੇ ਅਫਸੋਸ ਜ਼ਾਹਰ ਕੀਤਾ।
ਸੋਸ਼ਲ ਮੀਡੀਆ ’ਤੇ ਵਾਇਰਲ ਹੋਈ ਇਕ ਵੀਡੀਉ ਕਲਿੱਪ ’ਚ ਸੀਤਾਮੜੀ ਤੋਂ ਸੰਸਦ ਮੈਂਬਰ ਦੇਵੇਸ਼ ਚੰਦਰ ਠਾਕੁਰ ਨੂੰ ਇਹ ਕਹਿੰਦੇ ਸੁਣਿਆ ਜਾ ਸਕਦਾ ਹੈ ਕਿ ‘ਐਨ.ਡੀ.ਏ. ਦੇ ਅਪਣੇ ਵੋਟਰ’ ਵਿਰੋਧੀ ਆਰ.ਜੇ.ਡੀ. ਵਲ ਵਧ ਰਹੇ ਹਨ। ਰਾਜ ਵਿਧਾਨ ਪ੍ਰੀਸ਼ਦ ਦੇ ਸਾਬਕਾ ਚੇਅਰਮੈਨ ਠਾਕੁਰ (71) ਨੇ ਹਾਲ ਹੀ ’ਚ ਹੋਈਆਂ ਲੋਕ ਸਭਾ ਚੋਣਾਂ ’ਚ ਪਹਿਲੀ ਵਾਰੀ ਸੰਸਦ ਲਈ ਚੁਣੇ ਗਏ ਸਨ ਅਤੇ 55,000 ਤੋਂ ਵੀ ਘੱਟ ਵੋਟਾਂ ਦੇ ਮਾਮੂਲੀ ਫਰਕ ਨਾਲ ਸੀਟ ਜਿੱਤੀ ਸੀ।
ਵੀਡੀਉ ’ਚ ਠਾਕੁਰ ਨੂੰ ਕਹਿੰਦਿਆਂ ਸੁਣਿਆ ਜਾ ਸਕਦਾ ਹੈ, ‘‘ਮੈਨੂੰ ਸੂਰੀਆਂ (ਮੱਛੀ ਫੜਨ ਵਾਲੇ ਭਾਈਚਾਰੇ) ਅਤੇ ਕਲਵਾਰਾਂ ਦੀਆਂ ਵੋਟਾਂ ਨਹੀਂ ਮਿਲੀਆਂ। ਕੁਸ਼ਵਾਹਾ ਨੇ ਵੀ ਮੈਨੂੰ ਛੱਡ ਦਿਤਾ। ਸਿਰਫ ਇਸ ਲਈ ਕਿ ਸਤਿਕਾਰਯੋਗ ਲਾਲੂ ਪ੍ਰਸਾਦ (ਆਰ.ਜੇ.ਡੀ. ਸੁਪਰੀਮੋ) ਨੇ ਬਹੁਤ ਸਾਰੇ ਕੁਸ਼ਵਾਹਾ ਨੂੰ ਟਿਕਟਾਂ ਦਿਤੀਆਂ। ਕੀ ਕਿਸੇ ਹੋਰ ਥਾਂ ਤੋਂ ਚੁਣੇ ਗਏ ਕੁਸ਼ਵਾਹਾ ਮੇਰੇ ਹਲਕੇ ਦੇ ਭਾਈਚਾਰੇ ਦੇ ਮੈਂਬਰਾਂ ਦੀ ਕੋਈ ਮਦਦ ਕਰ ਸਕਦੇ ਹਨ?’’ ਹਾਲਾਂਕਿ ਪੀ.ਟੀ.ਆਈ. ਨੇ ਸੁਤੰਤਰ ਤੌਰ ’ਤੇ ਪੁਸ਼ਟੀ ਨਹੀਂ ਕੀਤੀ।
ਬਾਅਦ ’ਚ ਉਨ੍ਹਾਂ ਕਿਹਾ, ‘‘ਮੈਂ ਇਹ ਸਪੱਸ਼ਟ ਕਰ ਦਿਤਾ ਹੈ ਕਿ ਯਾਦਵ ਅਤੇ ਮੁਸਲਮਾਨਾਂ ਨੂੰ ਮੇਰੇ ਤੋਂ ਉਨ੍ਹਾਂ ਦੀ ਮਦਦ ਦੀ ਉਮੀਦ ਨਹੀਂ ਕਰਨੀ ਚਾਹੀਦੀ। ਜਦੋਂ ਉਹ ਮੈਨੂੰ ਮਿਲਣਗੇ ਤਾਂ ਉਨ੍ਹਾਂ ਨਾਲ ਪੂਰਾ ਸਤਿਕਾਰ ਕੀਤਾ ਜਾਵੇਗਾ, ਚਾਹ ਅਤੇ ਸਨੈਕਸ ਵੀ ਦਿਤੇ ਜਾਣਗੇ। ਪਰ ਮੈਂ ਉਨ੍ਹਾਂ ਦੀ ਕਿਸੇ ਵੀ ਸਮੱਸਿਆ ਨੂੰ ਨਹੀਂ ਲਵਾਂਗਾ।’’
ਜੇ.ਡੀ. (ਯੂ) ਦੇ ਸੰਸਦ ਮੈਂਬਰ ਨੇ ਕਿਹਾ ਕਿ ਉਨ੍ਹਾਂ ਨੇ ਚੋਣਾਂ ਤੋਂ ਬਾਅਦ ਉਨ੍ਹਾਂ ਨੂੰ ਮਿਲਣ ਆਏ ਇਕ ‘ਮੁਸਲਮਾਨ’ ਦੇ ਸਾਹਮਣੇ ਇਹ ਭਾਵਨਾ ਜ਼ਾਹਰ ਕੀਤੀ ਸੀ। ਠਾਕੁਰ ਨੇ ਕਿਹਾ, ‘‘ਮੈਂ ਮੁਸਲਿਮ ਭਰਾ ਨੂੰ ਪੁਛਿਆ ਕਿ ਤੁਸੀਂ ਮੇਰੇ ਤੋਂ ਤੁਹਾਡੇ ਲਈ ਕੰਮ ਕਰਨ ਦੀ ਉਮੀਦ ਕਿਵੇਂ ਕਰ ਸਕਦੇ ਹੋ ਜਦੋਂ ਤੁਸੀਂ ਮੈਨੂੰ ਸਿਰਫ ਇਸ ਲਈ ਵੋਟ ਨਹੀਂ ਦਿਤੀ ਕਿਉਂਕਿ ਮੇਰੀ ਪਾਰਟੀ ਭਾਜਪਾ ਨਾਲ ਜੁੜੀ ਹੋਈ ਹੈ।’’ ਜੇ.ਡੀ. (ਯੂ) ਆਗੂ ਦੀ ਇਸ ਟਿਪਣੀ ਨੂੰ ਆਰ.ਜੇ.ਡੀ. ਦੇ ਨਾਲ-ਨਾਲ ਸਹਿਯੋਗੀ ਭਾਜਪਾ ਨੇ ਵੀ ਨਾਮਨਜ਼ੂਰ ਕਰ ਦਿਤਾ ਹੈ।
ਜਨਤਾ ਦਲ (ਯੂ) ਦੇ ਮੁੱਖ ਬੁਲਾਰੇ ਅਤੇ ਐਮ.ਐਲ.ਸੀ. ਨੀਰਜ ਕੁਮਾਰ ਨੇ ਆਲੋਚਨਾਵਾਂ ਦਾ ਜਵਾਬ ਦਿੰਦੇ ਹੋਏ ਕਿਹਾ, ‘‘ਇਹ ਸੋਚਿਆ ਵੀ ਨਹੀਂ ਜਾ ਸਕਦਾ ਕਿ ਠਾਕੁਰ ਸਮਾਜ ਦੇ ਕਿਸੇ ਵੀ ਵਰਗ ਨਾਲ ਵਿਤਕਰਾ ਕਰਨਗੇ। ਉਹ ਸਿਰਫ ਉਨ੍ਹਾਂ ਲੋਕਾਂ ਦੀਆਂ ਵੋਟਾਂ ਨਾ ਮਿਲਣ ’ਤੇ ਅਪਣਾ ਦਰਦ ਜ਼ਾਹਰ ਕਰ ਰਹੇ ਸਨ ਜਿਨ੍ਹਾਂ ਦੀ ਉਨ੍ਹਾਂ ਨੇ ਨਿੱਜੀ ਤੌਰ ’ਤੇ ਮਦਦ ਕੀਤੀ ਸੀ ਪਰ ਜੋ ਹੋਰ ਵਿਚਾਰਾਂ ਤੋਂ ਪ੍ਰਭਾਵਤ ਹੋ ਗਏ ਸਨ।’’