
ਅੱਧੀ ਸਦੀ ਗੁਰਦਵਾਰਿਆਂ ਵਿਚ ਲੰਗਰ ਬਣਾਉਣ ਦੀ ਸੇਵਾ ਰਾਹੀਂ ਕਾਇਮ ਕੀਤੀ ਮਿਸਾਲ
ਨਵੀਂ ਦਿੱਲੀ, 16 ਜੁਲਾਈ (ਅਮਨਦੀਪ ਸਿੰਘ): ਪਾਕਿਸਤਾਨ ਦੇ ਜ਼ਿਲ੍ਹਾ ਗੁਜਰਾਂਵਾਲਾ ਵਿਖੇ ਸੰਨ 1925 ਵਿਚ ਜਨਮੇ 95 ਸਾਲਾ ਬਜ਼ੁਰਗ ਸ.ਸੁਰਜੀਤ ਸਿੰਘ ਅਚਨਚੇਤ ਵਿਛੋੜਾ ਦੇ ਗਏ ਹਨ। ਉਨ੍ਹਾਂ ਅਪਣੀ ਜ਼ਿੰਦਗੀ ਦੇ 50 ਸਾਲ ਗੁਰਦਵਾਰਿਆਂ ਵਿਚ ਲੰਗਰ ਕਰਦੇ ਹੋਏ ਬਿਤਾਏ। ਉਹ ਅਜਿਹੀ ਸ਼ਖ਼ਸੀਅਤ ਸਨ, ਜਿਨ੍ਹਾਂ 1947 ਦੀ ਵੰਡ ਤੇ 1984 ਵਿਚ ਦਿੱਲੀ ਸਿੱਖ ਕਤਲੇਆਮ ਨੂੰ ਅਪਣੇ ਪਿੰਡੇ ’ਤੇ ਹੰਢਾਇਆ। ਆਪ ਹਰ ਸਨਿਚਰਵਾਰ ਰਾਤ ਨੂੰ ਇਤਿਹਾਸਕ ਗੁਰਦਵਾਰਾ ਬੰਗਲਾ ਸਾਹਿਬ ਤੇ ਹੋਰ ਗੁਰਦਵਾਰਿਆਂ ਵਿਖੇ ਲੰਗਰ ਬਣਾਉਣ ਦੀ ਸੇਵਾ ਕਰਦੇ ਰਹੇ।
Photo
ਇਥੋਂ ਦੇ ਪੱਛਮੀ ਦਿੱਲੀ ਦੇ ਗੁਰਦਵਾਰਾ ਸ੍ਰੀ ਗੁਰੂ ਸਿੰਘ ਸਭਾ, ਚੌਖੰਡੀ, ਨੇੜੇ ਤਿਲਕ ਨਗਰ ਵਿਖੇ ਬੀਤੇ ਦਿਨੀਂ ਮਰਹੂਮ ਨਮਿਤ ਅੰਤਮ ਅਰਦਾਸ ਹੋਈ। ਗੁਰਬਾਣੀ ਕੀਰਤਨ ਪਿਛੋਂ ਦਿੱਲੀ ਗੁਰਵਾਰਾ ਕਮੇਟੀ ਮੈਂਬਰ ਸ.ਦਲਜੀਤ ਸਿੰਘ ਸਰਨਾ ਤੇ ਹੋਰਨਾਂ ਨੇ ਸ.ਸੁਰਜੀਤ ਸਿੰਘ ਵਲੋਂ ਗੁਰੂ ਘਰ ਦੀ ਸੇਵਾ ਵਿਚ ਪਾਏ ਯੋਗਦਾਨ ਨੂੰ ਉਭਾਰਿਆ ਤੇ ਹੋਰਨਾਂ ਨੂੰ ਵੀ ਉਨ੍ਹਾਂ ਤੋਂ ਸੇਧ ਲੈਣ ਦੀ ਬੇਨਤੀ ਕੀਤੀ। ਪ੍ਰਾਪਤ ਵੇਰਵਿਆਂ ਮੁਤਾਬਕ ਮਰਹੂਮ ਦੀਆਂ 4 ਪੀੜ੍ਹੀਆਂ ਸੇਵਾ ਕਾਰਜਾਂ ਵਿਚ ਡਟੀਆਂ ਹੋਈਆਂ ਹਨ।
ਅਪਣੇ ਵੀਡੀਉ ਸੁਨੇਹਿਆਂ ’ਚ ਦਿੱਲੀ ਗੁਰਦਵਾਰਾ ਕਮੇਟੀ ਦੇ ਸਾਬਕਾ ਪ੍ਰਧਾਨਾਂ ਸ.ਪਰਮਜੀਤ ਸਿੰਘ ਸਰਨਾ, ਸ.ਮਨਜੀਤ ਸਿੰਘ ਜੀ ਕੇ, ਧਰਮ ਪ੍ਰਚਾਰ ਕਮੇਟੀ ਦੇ ਸਾਬਕਾ ਚੇਅਰਮੈਨ ਭਾਈ ਤਰਸੇਮ ਸਿੰਘ ਸਣੇ ਸ਼ਹੀਦ ਭਗਤ ਸਿੰਘ ਸੇਵਾ ਦਲ ਦੇ ਮੋਢੀ ਸ. ਜਤਿੰਦਰ ਸਿੰਘ ਸ਼ੰਟੀ ਆਦਿ ਨੇ ਪ੍ਰਵਾਰ ਨਾਲ ਡੂੰਘੇ ਦੁੱਖ ਦਾ ਪ੍ਰਗਟਾਵਾ ਕੀਤਾ।