
ਸੰਭਾਵਨਾ ਹੈ ਕਿ ਦੋ ਜੱਜਾਂ ਦਾ ਬੈਂਚ ਬਾਗ਼ੀ ਖ਼ੇਮੇ ਦੁਆਰਾ ਦਾਖ਼ਲ ਪਟੀਸ਼ਨ ’ਤੇ ਸੁਣਵਾਈ ਕਰੇਗਾ।
ਨਵੀਂ ਦਿੱਲੀ, 16 ਜੁਲਾਈ : ਰਾਜਸਥਾਨ ਹਾਈ ਕੋਰਟ ਨੇ ਵੀਰਵਾਰ ਨੂੰ ਸਚਿਨ ਪਾਇਲਟ ਅਤੇ 18 ਹੋਰ ਬਾਗ਼ੀ ਕਾਂਗਰਸੀ ਵਿਧਾਇਕਾਂ ਨੂੰ ਰਾਜਸਥਾਨ ਵਿਧਾਨ ਸਭਾ ਸਪੀਕਰ ਦੁਆਰਾ ਜਾਰੀ ਅਯੋਗਤਾ ਨੋਟਿਸਾਂ ਨੂੰ ਚੁਨੌਤੀ ਦੇਣ ਲਈ ਸੋਧੀ ਹੋਈ ਪਟੀਸ਼ਨ ਦਾਖ਼ਲ ਕਰਨ ਦਾ ਸਮਾਂ ਦੇ ਦਿਤਾ।
ਰਾਜ ਵਿਧਾਨ ਸਭਾ ਤੋਂ ਨਾਰਾਜ਼ ਵਿਧਾਇਕਾਂ ਨੂੰ ਅਯੋਗ ਕਰਾਰ ਦੇਣ ਵਿਰੁਧ ਉਨ੍ਹਾਂ ਦੀ ਪਟੀਸ਼ਨ ’ਤੇ ਦੁਪਹਿਰ ਬਾਅਦ ਤਿੰਨ ਵਜੇ ਸੁਣਵਾਈ ਹੋਈ ਹਾਲਾਂਕਿ ਪਟੀਸ਼ਨਕਾਰਾਂ ਦੇ ਵਕੀਲ ਹਰੀਸ਼ ਸਾਲਵੇ ਨੇ ਇਸ ਵਿਚ ਸੋਧ ਲਈ ਸਮਾਂ ਮੰਗਿਆ। ਸੂਤਰਾਂ ਮੁਤਾਬਕ ਪਾਇਲਟ ਖ਼ੇਮੇ ਦੀ ਵਿਰੋਧ ਪਟੀਸ਼ਨ ’ਤੇ ਵੀਰਵਾਰ ਨੂੰ ਸੁਣਵਾਈ ਹੋ ਸਕਦੀ ਹੈ। ਸੰਭਾਵਨਾ ਹੈ ਕਿ ਦੋ ਜੱਜਾਂ ਦਾ ਬੈਂਚ ਬਾਗ਼ੀ ਖ਼ੇਮੇ ਦੁਆਰਾ ਦਾਖ਼ਲ ਪਟੀਸ਼ਨ ’ਤੇ ਸੁਣਵਾਈ ਕਰੇਗਾ। ਇਸ ਮਾਮਲੇ ’ਤੇ ਸ਼ਾਮ ਪੰਜ ਵਜੇ ਮੁੜ ਸੁਣਵਾਈ ਹੋਈ ਅਤੇ ਪਟੀਸ਼ਨ ਡਬਲ ਬੈਂਚ ਨੂੰ ਭੇਜ ਦਿਤੀ ਗਈ।
Photo
ਇਸ ਤੋਂ ਪਹਿਲਾਂ ਕਾਂਗਰਸ ਦੇ ਮੁੱਖ ਸੁਚੇਤਕ ਮਹੇਸ਼ ਜੋਸ਼ੀ ਨੇ ਅਦਾਲਤ ਵਿਚ ਅਰਜ਼ੀ ਦਿਤੀ ਕਿ ਇਸ ਸਬੰਧ ਵਿਚ ਕੋਈ ਵੀ ਹੁਕਮ ਦੇਣ ਤੋਂ ਪਹਿਲਾਂ ਉਨ੍ਹਾਂ ਦਾ ਵੀ ਪੱਖ ਸੁਣਿਆ ਜਾਵੇ। ਜੋਸ਼ੀ ਨੇ ਵਿਧਾਨ ਸਭਾ ਸਪੀਕਰ ਨੂੰ ਪੱਤਰ ਲਿਖ ਕੇ ਇਨ੍ਹਾਂ ਵਿਧਾਇਕਾਂ ਨੂੰ ਅਯੋਗ ਕਰਾਰ ਦੇਣ ਦੀ ਬੇਨਤੀ ਕੀਤੀ ਹੈ। ਲਵੇ ਨੇ ਦਲੀਲ ਦਿਤੀ ਕਿ ਵਿਧਾਇਕ ਨੋਟਿਸਾਂ ਦੀ ਸੰਵਿਧਾਨਕ ਵੈਧਤਾ ਨੂੰ ਚੁਨੌਤੀ ਦੇਣਾ ਚਾਹੁੰਦੇ ਹਨ ਅਤੇ ਉਨ੍ਹਾਂ ਨੂੰ ਇਹ ਨਵੇਂ ਸਿਰੇ ਤੋਂ ਦਾਖ਼ਲ ਕਰਨ ਲਈ ਹੋਰ ਵਕਤ ਚਾਹੀਦਾ ਹੈ। ਹੁਣ ਹਾਈ ਕੋਰਟ ਦਾ ਬੈਂਚ ਮਾਮਲੇ ਦੀ ਸੁਣਵਾਈ ਕਰੇਗਾ। (ਏਜੰਸੀ)
ਲਗਦਾ ਹੈ ਕਿ ਮਾਨੇਸਰ ਦੇ ਹੋਟਲ ਵਿਚ ਛੁੱਟੀਆਂ ਮਨਾ ਰਹੇ ਹਨ ਬਾਗ਼ੀ ਵਿਧਾਇਕ : ਸਿੱਬਲ
ਨਵੀਂ ਦਿੱਲੀ, 16 ਜੁਲਾਈ : ਕਾਂਗਰਸ ਦੇ ਸੀਨੀਅਰ ਆਗੂ ਕਪਿਲ ਸਿੱਬਲ ਨੇ ਰਾਜਸਥਾਨ ਦੇ ਸਾਬਕਾ ਉਪ ਮੁੱਖ ਮੰਤਰੀ ਸਚਿਨ ਪਾਇਲਟ ’ਤੇ ਵਿਅੰਗ ਕਸਦਿਆਂ ਕਿਹਾ ਕਿ ਜੇ ਉਹ ਭਾਜਪਾ ਵਿਚ ਨਹੀਂ ਜਾ ਰਹੇ ਤਾਂ ਫਿਰ ਲਗਦਾ ਹੈ ਕਿ ਹਰਿਆਣਾ ਦੇ ਮਾਨੇਸਰ ਦੇ ਹੋਟਲ ਵਿਚ ਬਾਗ਼ੀ ਕਾਂਗਰਸੀ ਵਿਧਾਇਕ ਛੁੱਟੀਆਂ ਮਨਾ ਰਹੇ ਹਨ।
Photo
ਉਨ੍ਹਾਂ ਕਿਹਾ, ‘ਪਾਇਲਟ ਦਾ ਕਹਿਣਾ ਹੈ ਕਿ ਮੈਂ ਭਾਜਪਾ ਵਿਚ ਸ਼ਾਮਲ ਨਹੀਂ ਹੋ ਰਿਹਾ ਅਤੇ ਉਸ ਦਾ ਅਕਸ ਖ਼ਰਾਬ ਕਰਨ ਲਈ ਅਫ਼ਵਾਹਾਂ ਫੈਲਾਈਆਂ ਜਾ ਰਹੀਆਂ ਹਨ। ਮੈਨੂੰ ਲਗਦਾ ਹੈ ਕਿ ਹਰਿਆਣਾ ਦੇ ਮਾਨੇਸਰ ਦੇ ਹੋਟਲ ਵਿਚ ਬਾਗ਼ੀ ਕਾਂਗਰਸੀ ਵਿਧਾਇਕ ਭਾਜਪਾ ਦੀ ਨਿਗਰਾਨੀ ਵਿਚ ਛੁੱਟੀਆਂ ਮਨਾ ਰਹੇ ਹਨ।’ (ਏਜੰਸੀ)