
ਆਸਾਮ ਵਿਚ ਕੁੱਝ ਘੰਟਿਆਂ ਦੇ ਫ਼ਰਕ ਨਾਲ ਧਰਤੀ ਦੋ ਵਾਰ ਹਿੱਲ ਗਈ ਤੇ ਗੁਆਂਢੀ ਮੇਘਾਲਿਆ ਵਿਚ ਵੀ ਭੂਚਾਲੇ ਦੇ ਝਟਕੇ ਮਹਿਸੂਸ ਕੀਤੇ ਗਏ
ਗੁਹਾਟੀ/ਸ਼ਿਲਾਂਗ, 16 ਜੁਲਾਈ : ਆਸਾਮ ਵਿਚ ਕੁੱਝ ਘੰਟਿਆਂ ਦੇ ਫ਼ਰਕ ਨਾਲ ਧਰਤੀ ਦੋ ਵਾਰ ਹਿੱਲ ਗਈ ਤੇ ਗੁਆਂਢੀ ਮੇਘਾਲਿਆ ਵਿਚ ਵੀ ਭੂਚਾਲੇ ਦੇ ਝਟਕੇ ਮਹਿਸੂਸ ਕੀਤੇ ਗਏ ਹਾਲਾਂਕਿ ਜਾਨ ਮਾਲ ਦੇ ਨੁਕਸਾਨ ਦੀ ਖ਼ਬਰ ਨਹੀਂ ਹੈ। ਕੌਮੀ ਭੂਚਾਲ ਵਿਗਿਆਨ ਕੇਂਦਰ ਮੁਤਾਬਕ ਭੂਚਾਲ ਦਾ ਪਹਿਲਾ ਝਟਕਾ ਬਰਾਕ ਘਾਟੀ ਦੇ ਕਰੀਮਗੰਜ ਵਿਚ 18 ਕਿਲੋਮੀਟਰ ਦੀ ਡੂੰਘਾਈ 'ਤੇ ਕੇਂਦਰਤ ਸੀ ਜਿਸ ਦੀ ਤੀਬਰਤਾ 4.1 ਸੀ। ਇਹ ਸਵੇਰੇ 7.57 ਵਜੇ ਮਹਿਸੂਸ ਕੀਤਾ ਗਿਆ। ਅਧਿਕਾਰੀਆਂ ਨੇ ਦਸਿਆ ਕਿ ਸ਼ਿਲਾਂਗ ਅਤੇ ਗੁਆਂਢੀ ਗਾਰੋ ਹਿੱਲਜ਼ ਖੇਤਰ ਸਣੇ ਸਮੁੱਚੇ ਮੇਘਾਲਿਆ ਵਿਚ ਵੀ ਭੂਚਾਲ ਦੇ ਝਟਕੇ ਮਹਿਸੂਸ ਕੀਤੇ ਗਏ। ਅਧਿਕਾਰੀਆਂ ਨੇ ਦਸਿਆ ਕਿ ਭੂਚਾਲ ਕਾਰਨ ਜਾਨ ਮਾਲ ਦੇ ਨੁਕਸਾਨ ਦੀ ਕੋਈ ਖ਼ਬਰ ਨਹੀਂ ਹੈ। (ਏਜੰਸੀ)
Photo
ਗੁਜਰਾਤ ਤੇ ਹਿਮਾਚਲ 'ਚ ਲੱਗੇ ਭੂਚਾਲ ਦੇ ਹਲਕੇ ਝਟਕੇ
ਰਾਜਕੋਟ/ਕਰੀਮਗੰਜ/ਊਨਾ, 16 ਜੁਲਾਈ : ਗੁਜਰਾਤ, ਅਸਾਮ ਅਤੇ ਹਿਮਾਚਲ ਪ੍ਰਦੇਸ਼ ਵਿਚ ਅੱਜ ਸਵੇਰੇ ਭੂਚਾਲ ਦੇ ਝਟਕੇ ਮਹਿਸੂਸ ਕੀਤੇ ਗਏ। ਰਾਸ਼ਟਰੀ ਭੂਚਾਲ ਵਿਗਿਆਨ ਕੇਂਦਰ ਨੇ ਇਹ ਜਾਣਕਾਰੀ ਦਿਤੀ। ਇਕ ਤੋਂ ਬਾਅਦ ਇਕ ਸੂਬਿਆਂ 'ਚ ਆਏ ਭੂਚਾਲ ਦੇ ਝਟਕਿਆਂ ਨੇ ਲੋਕਾਂ ਨੂੰ ਹੈਰਾਨ ਕਰ ਦਿਤਾ। ਸਵੇਰੇ-ਸਵੇਰੇ ਆਏ ਭੂਚਾਲ ਤੋਂ ਘਬਰਾਏ ਲੋਕ ਅਪਣੇ ਘਰਾਂ 'ਚੋਂ ਬਾਹਰ ਨਿਕਲ ਆਏ। ਗੁਜਰਾਤ ਵਿਚ ਭੂਚਾਲ ਦਾ ਕੇਂਦਰ ਰਾਜਕੋਟ ਸੀ, ਜੋ ਕਿ ਜ਼ਮੀਨ ਤੋਂ 10 ਕਿਲੋਮੀਟਰ ਡੂੰਘਾਈ 'ਚ ਸੀ। ਰਾਜਕੋਟ ਵਿਚ ਭੂਚਾਲ ਸਵੇਰੇ 7 ਵਜ ਕੇ 40 ਮਿੰਟ 'ਤੇ ਆਇਆ। ਇਥੇ ਰਿਕਟਰ ਪੈਮਾਨੇ 'ਤੇ ਭੂਚਾਲ ਦੀ ਤੀਬਰਤਾ 4.5 ਮਾਪੀ ਗਈ। ਅਸਾਮ ਵਿਚ ਭੂਚਾਲ ਦਾ ਕੇਂਦਰ ਕਰੀਮਗੰਜ ਜ਼ਿਲ੍ਹੇ ਵਿਚ ਜ਼ਮੀਨ ਤੋਂ 18 ਕਿਲੋਮੀਟਰ ਦੀ ਡੂੰਘਾਈ 'ਚ ਸੀ। ਉੱਥੇ ਭੂਚਾਲ ਦੇ ਝਟਕੇ ਸਵੇਰੇ 7 ਵਜ ਕੇ 57 ਮਿੰਟ 'ਤੇ ਮਹਿਸੂਸ ਕੀਤੇ ਗਏ। (ਪੀ.ਟੀ.ਆਈ)