
ਰਾਜਸਥਾਨ ਸਮੇਤ ਚਾਰ ਸੂਬਿਆਂ ਦੇ ਰਾਜਪਾਲ ਰਹਿ ਚੁੱਕੇ ਹਨ ਮਾਰਗ੍ਰੇਟ ਅਲਵਾ
ਨਵੀਂ ਦਿੱਲੀ : ਵਿਰੋਧੀ ਪਾਰਟੀਆਂ ਨੇ ਰਾਜਸਥਾਨ ਦੀ ਸਾਬਕਾ ਰਾਜਪਾਲ ਮਾਰਗ੍ਰੇਟ ਅਲਵਾ ਨੂੰ ਉਪ ਰਾਸ਼ਟਰਪਤੀ ਦੇ ਅਹੁਦੇ ਲਈ ਉਮੀਦਵਾਰ ਐਲਾਨ ਦਿੱਤਾ ਹੈ। ਐਨਸੀਪੀ ਮੁਖੀ ਸ਼ਰਦ ਪਵਾਰ ਨੇ ਐਤਵਾਰ ਨੂੰ ਦਿੱਲੀ ਵਿੱਚ ਵਿਰੋਧੀ ਪਾਰਟੀਆਂ ਦੀ ਮੀਟਿੰਗ ਤੋਂ ਬਾਅਦ ਉਨ੍ਹਾਂ ਦੇ ਨਾਂ ਦਾ ਐਲਾਨ ਕੀਤਾ ਹੈ। 80 ਸਾਲਾ ਅਲਵਾ ਮੂਲ ਰੂਪ ਤੋਂ ਮੰਗਲੁਰੂ, ਕਰਨਾਟਕ ਦੀ ਰਹਿਣ ਵਾਲੀ ਹੈ। ਉਨ੍ਹਾਂ ਦਾ ਮੁਕਾਬਲਾ ਐਨਡੀਏ ਉਮੀਦਵਾਰ ਜਗਦੀਪ ਧਨਖੜ ਨਾਲ ਹੋਵੇਗਾ। ਦੱਸਣਯੋਗ ਹੈ ਕਿ ਸਾਂਝੇ ਉਮੀਦਵਾਰ ਦੀ ਚੋਣ ਲਈ ਵਿਰੋਧੀ ਪਾਰਟੀਆਂ ਨੇ ਐਤਵਾਰ ਨੂੰ ਦਿੱਲੀ 'ਚ ਮੀਟਿੰਗ ਕੀਤੀ, ਜਿਸ ਤੋਂ ਬਾਅਦ ਸਾਰੇ ਨੇਤਾਵਾਂ ਨੇ ਕਾਂਗਰਸ ਨੇਤਾ ਮਾਰਗ੍ਰੇਟ ਅਲਵਾ ਦੇ ਨਾਮ 'ਤੇ ਸਹਿਮਤੀ ਜਤਾਈ। ਰਾਸ਼ਟਰਵਾਦੀ ਕਾਂਗਰਸ ਪਾਰਟੀ (ਐੱਨ.ਸੀ.ਪੀ.) ਦੇ ਮੁਖੀ ਸ਼ਰਦ ਪਵਾਰ ਦੀ ਰਿਹਾਇਸ਼ 'ਤੇ ਹੋਈ ਇਸ ਬੈਠਕ 'ਚ ਕਾਂਗਰਸ, ਤ੍ਰਿਣਮੂਲ ਕਾਂਗਰਸ, ਖੱਬੇਪੱਖੀ, ਰਾਸ਼ਟਰੀ ਜਨਤਾ ਦਲ (ਆਰਜੇਡੀ), ਸਮਾਜਵਾਦੀ ਪਾਰਟੀ (ਸਪਾ) ਸਮੇਤ ਸਾਰੀਆਂ ਪ੍ਰਮੁੱਖ ਵਿਰੋਧੀ ਪਾਰਟੀਆਂ ਦੇ ਨੇਤਾਵਾਂ ਨੇ ਹਿੱਸਾ ਲਿਆ।
ਦੱਸਣਯੋਗ ਹੈ ਕਿ ਮਾਰਗ੍ਰੇਟ ਅਲਵਾ, ਰਾਜੀਵ ਗਾਂਧੀ ਅਤੇ ਪੀਵੀ ਨਰਸਿਮਹਾ ਰਾਓ ਦੀ ਸਰਕਾਰ ਵਿੱਚ ਕੈਬਨਿਟ ਮੰਤਰੀ ਰਹਿ ਚੁੱਕੇ ਹਨ। ਰਾਜੀਵ ਕੈਬਨਿਟ ਵਿੱਚ ਸੰਸਦੀ ਮਾਮਲਿਆਂ ਅਤੇ ਯੁਵਾ ਵਿਭਾਗ ਦੇ ਮੰਤਰੀ ਰਹੇ ਹਨ, ਜਦੋਂ ਕਿ ਰਾਓ ਦੀ ਸਰਕਾਰ ਵਿੱਚ ਲੋਕ ਅਤੇ ਪੈਨਸ਼ਨ ਵਿਭਾਗ ਦੇ ਮੰਤਰੀ ਸਨ। ਮਾਰਗ੍ਰੇਟ ਅਲਵਾ ਗੁਜਰਾਤ, ਰਾਜਸਥਾਨ, ਗੋਆ ਅਤੇ ਉੱਤਰਾਖੰਡ ਦੇ ਰਾਜਪਾਲ ਰਹਿ ਚੁੱਕੇ ਹਨ। ਅਲਵਾ ਉਤਰਾਖੰਡ ਦੀ ਪਹਿਲੀ ਮਹਿਲਾ ਰਾਜਪਾਲ ਚੁਣੇ ਗਏ ਸਨ। ਉਹ 2009 ਤੋਂ 2012 ਤੱਕ ਉੱਤਰਾਖੰਡ ਦੀ ਰਾਜਪਾਲ ਰਹਿ ਚੁੱਕੀ ਹੈ। ਇਸ ਤੋਂ ਇਲਾਵਾ ਉਹ 2012-2014 ਤੱਕ ਰਾਜਸਥਾਨ ਦੀ ਰਾਜਪਾਲ ਰਹਿ ਚੁੱਕੇ ਹਨ। ਇਸ ਦੌਰਾਨ ਉਨ੍ਹਾਂ ਨੂੰ ਗੁਜਰਾਤ ਅਤੇ ਗੋਆ ਦਾ ਚਾਰਜ ਵੀ ਮਿਲਿਆ।
ਮਾਰਗ੍ਰੇਟ ਅਲਵਾ ਦਾ ਮੁਕਾਬਲਾ ਭਾਜਪਾ ਦੀ ਅਗਵਾਈ ਵਾਲੇ ਐਨਡੀਏ ਉਮੀਦਵਾਰ ਜਗਦੀਪ ਧਨਖੜ ਨਾਲ ਹੋਵੇਗਾ। ਧਨਖੜ ਇਸ ਸਮੇਂ ਬੰਗਾਲ ਦੇ ਰਾਜਪਾਲ ਹਨ। ਜਗਦੀਪ ਧਨਖੜ (70) ਨੂੰ ਰਾਸ਼ਟਰਪਤੀ ਰਾਮ ਨਾਥ ਕੋਵਿੰਦ ਨੇ 30 ਜੁਲਾਈ 2019 ਨੂੰ ਬੰਗਾਲ ਦੇ 28ਵੇਂ ਰਾਜਪਾਲ ਵਜੋਂ ਨਿਯੁਕਤ ਕੀਤਾ ਸੀ। ਉਹ 1989 ਤੋਂ 1991 ਤੱਕ ਰਾਜਸਥਾਨ ਦੇ ਝੁਨਝਨੂ ਤੋਂ ਲੋਕ ਸਭਾ ਮੈਂਬਰ ਰਹੇ। ਉਹ 1989 ਤੋਂ 1991 ਤੱਕ ਵੀਪੀ ਸਿੰਘ ਅਤੇ ਚੰਦਰਸ਼ੇਖਰ ਦੀ ਸਰਕਾਰ ਵਿੱਚ ਕੇਂਦਰੀ ਮੰਤਰੀ ਵੀ ਰਹੇ।