
ਮੈਨਕਾਈਂਡ ਅਤੇ ਇੰਟਾਸ ਫਾਰਮਾ ਕੰਪਨੀ ਦੀਆਂ ਬਣਾਇਆ ਜਾ ਰਹੀਆਂ ਸਨ ਨਕਲੀ ਦਵਾਈਆਂ
ਦਿੱਲੀ ਭੇਜੀ ਜਾਂਦੀ ਸੀ ਨਕਲੀ ਦਵਾਈਆਂ ਦੀ ਖੇਪ
ਕੰਪਨੀ ਦਾ ਮਾਲਕ ਮੌਕੇ ਤੋਂ ਫਰਾਰ
ਬੱਦੀ : ਬੱਦੀ 'ਚ ਨਕਲੀ ਦਵਾਈ ਬਣਾਉਣ ਵਾਲੀ ਕੰਪਨੀ ਦਾ ਪਰਦਾਫ਼ਾਸ਼ ਹੋਇਆ ਹੈ। ਜਾਣਕਾਰੀ ਅਨੁਸਾਰ ਮੈਨਕਾਈਂਡ ਅਤੇ ਇੰਟਾਸ ਫਾਰਮਾ ਕੰਪਨੀ ਦੀਆਂ ਨਕਲੀ ਦਵਾਈਆਂ ਬਣਾਈਆਂ ਜਾ ਰਹੀਆਂ ਸਨ। ਵਿਭਾਗ ਨੇ ਫੈਕਟਰੀ ਸੀਲ ਕਰ ਕੇ 50 ਲੱਖ ਰੁਪਏ ਦੀਆਂ ਨਕਲੀ ਦਵਾਈਆਂ ਵੀ ਜ਼ਬਤ ਕੀਤੀਆਂ ਹਨ।
ਦਸਿਆ ਜਾ ਰਿਹਾ ਹੈ ਕਿ ਕੰਪਨੀ ਦਾ ਡਾਇਰੈਕਟਰ ਮੌਕੇ ਤੋਂ ਫਰਾਰ ਹੋ ਗਿਆ ਹੈ।
ਨਕਲੀ ਦਵਾਈਆਂ ਬਣਾਉਣ ਦੀ ਸੂਚਨਾ ਮਿਲਣ 'ਤੇ ਡਰੱਗ ਵਿਭਾਗ ਦੇ ਅਧਿਕਾਰੀਆਂ ਨੇ ਤੁਰਤ ਕਾਰਵਾਈ ਕਰਦੇ ਹੋਏ ਬੱਦੀ ਦੇ ਸਾਂਈ ਰੋਡ ਸਥਿਤ ਇਕ ਟਰਾਂਸਪੋਰਟ ਦੇ ਗੋਦਾਮ 'ਤੇ ਛਾਪਾ ਮਾਰਿਆ, ਜਿਥੇ ਉਨ੍ਹਾਂ ਨੂੰ ਨਕਲੀ ਦਵਾਈਆਂ ਦੀ ਵੱਡੀ ਖੇਪ ਮਿਲੀ। ਸਿੱਕਮ ਵਿਚ ਬਣੀ ਮੈਨਕਾਈਂਡ ਅਤੇ ਇੰਟਾਸ ਫਾਰਮਾ ਸਮੇਤ ਕਰੀਬ 50 ਲੱਖ ਰੁਪਏ ਦੀਆਂ ਨਕਲੀ ਦਵਾਈਆਂ ਅਤੇ ਮਲਟੀ ਵਿਟਾਮਿਨ ਜ਼ਬਤ ਕੀਤੇ ਗਏ ਹਨ।
ਇਹ ਵੀ ਪੜ੍ਹੋ: ਚੰਡੀਗੜ੍ਹ 'ਚ ਵਧ ਸਕਦਾ ਹੈ ਪਾਰਕਿੰਗ ਰੇਟ, ਦੇਣੇ ਪੈ ਸਕਦੇ ਹਨ 14 ਦੀ ਬਜਾਏ 20 ਰੁਪਏ
ਜਾਂਚ ਵਿਚ ਸਾਹਮਣੇ ਆਇਆ ਹੈ ਕਿ ਇਹ ਦਵਾਈਆਂ ਬੱਦੀ ਦੇ ਕੱਥਾ ਸਥਿਤ ਇਕ ਫਾਰਮਾਸਿਊਟੀਕਲ ਫੈਕਟਰੀ ਵਿਚ ਤਿਆਰ ਕੀਤੀਆਂ ਗਈਆਂ ਸਨ। ਇਸ ’ਤੇ ਵਿਭਾਗ ਦੀ ਟੀਮ ਨੇ ਕੰਪਨੀ ’ਤੇ ਛਾਪਾ ਮਾਰ ਕੇ ਇਨਪਾਸ ਗੋਲੀਆਂ ਅਤੇ ਸਕਰੈਪ ਦੀ ਵੱਡੀ ਖੇਪ ਬਰਾਮਦ ਹੋਈ ਹੈ। ਜਾਣਕਾਰੀ ਅਨੁਸਾਰ ਵਿਭਾਗ ਨੇ ਫੈਕਟਰੀ ਨੂੰ ਸੀਲ ਕਰ ਕੇ ਦਵਾਈਆਂ ਅਪਣੇ ਕਬਜ਼ੇ ਵਿਚ ਲੈ ਲਈਆਂ ਹਨ। ਵਿਭਾਗ ਨੇ ਉਸ ਟਰਾਂਸਪੋਰਟ ਵਾਹਨ ਨੂੰ ਵੀ ਜ਼ਬਤ ਕਰ ਲਿਆ ਜਿਸ ਵਿਚ ਕੰਪਨੀ ਵਲੋਂ ਦਵਾਈ ਸਪਲਾਈ ਕੀਤੀ ਗਈ ਸੀ।
ਇਹ ਪਾਇਆ ਗਿਆ ਕਿ ਫਰਮ ਨੇ ਨਕਲੀ ਦਵਾਈਆਂ ਦਾ ਵੱਡਾ ਸਟਾਕ ਮਾਰਕੀਟ ਵਿਚ ਵੇਚਿਆ ਸੀ ਅਤੇ ਵਿਭਾਗ ਮਾਰਕੀਟ ਵਿਚੋਂ ਸਾਰੀ ਸਮੱਗਰੀ ਬਰਾਮਦ ਕਰਨ ਲਈ ਜਾਂਚ ਕਰ ਰਿਹਾ ਹੈ। ਦਿੱਲੀ ਵਿਚ ਨਕਲੀ ਦਵਾਈਆਂ ਦੀ ਡਲਿਵਰੀ ਦੇ ਸ਼ੱਕ ਤੋਂ ਬਾਅਦ ਡਰੱਗ ਕੰਟਰੋਲਰ ਦਿੱਲੀ ਨੇ ਵੀ ਇਸ ਸਬੰਧੀ ਜਾਣਕਾਰੀ ਦਿਤੀ। ਮਾਮਲੇ ਵਿਚ ਹੋਰ ਮੁਲਜ਼ਮਾਂ ਦੀ ਸ਼ਮੂਲੀਅਤ ਬਾਰੇ ਜਾਂਚ ਕੀਤੀ ਜਾ ਰਹੀ ਹੈ। ਡਰੱਗ ਕੰਟਰੋਲਰ ਨਵਨੀਤ ਮਰਵਾਹ ਨੇ ਮਾਮਲੇ ਦੀ ਪੁਸ਼ਟੀ ਕੀਤੀ ਹੈ।