
NIA ਦੀ ਜਾਂਚ 'ਚ ਹੋਇਆ ਖ਼ੁਲਾਸਾ
ਨਵੀਂ ਦਿੱਲੀ : ਪੰਜਾਬੀ ਗਾਇਕ ਸ਼ੁਭਦੀਪ ਸਿੰਘ ਉਰਫ਼ ਸਿੱਧੂ ਮੂਸੇਵਾਲਾ ਦੇ ਕਤਲ ਲਈ ਪਾਕਿਸਤਾਨੀ ਸਪਲਾਇਰ ਨੇ ਹਥਿਆਰ ਸਪਲਾਈ ਕੀਤੇ ਸਨ। ਰਾਸ਼ਟਰੀ ਜਾਂਚ ਏਜੰਸੀ (ਐੱਨ.ਆਈ.ਏ.) ਦੀ ਜਾਂਚ 'ਚ ਇਹ ਖੁਲਾਸਾ ਹੋਇਆ ਹੈ।
ਦੁਬਈ 'ਚ ਰਹਿਣ ਵਾਲੇ ਪਾਕਿਸਤਾਨੀ ਹਥਿਆਰ ਸਪਲਾਇਰ ਹਾਮਿਦ ਨੇ ਇਹ ਹਥਿਆਰ ਪਾਕਿਸਤਾਨ ਤੋਂ ਡਿਲੀਵਰ ਕੀਤੇ ਸਨ। ਮੂਸੇਵਾਲਾ ਦੇ ਕਤਲ ਵਿਚ ਆਸਟਰੀਆ ਦਾ ਗਲਾਕ-30, ਜਿਗਾਨਾ ਪਿਸਤੌਲ, ਜਰਮਨ ਦਾ ਬਣਿਆ ਹੈਕਲਰ ਐਂਡ ਕੋਚ, ਸਟਾਰ ਅਤੇ ਏ.ਕੇ. 47 ਦੀ ਵਰਤੋਂ ਕੀਤੀ ਗਈ ਸੀ।
ਐਨ.ਆਈ.ਏ. ਨੇ 8 ਦਸੰਬਰ 2022 ਨੂੰ ਬੁਲੰਦਸ਼ਹਿਰ ਤੋਂ ਹਵਾਲਾ ਕਾਰੋਬਾਰੀ ਸ਼ਾਹਬਾਜ਼ ਅੰਸਾਰੀ ਨੂੰ ਗ੍ਰਿਫ਼ਤਾਰ ਕੀਤਾ ਸੀ। ਸ਼ਾਹਬਾਜ਼ ਅੰਸਾਰੀ ਤੋਂ ਪੁੱਛਗਿੱਛ ਦੌਰਾਨ ਪਤਾ ਲੱਗਾ ਕਿ ਉਹ ਲਾਰੈਂਸ ਬਿਸ਼ਨੋਈ ਅਤੇ ਗੋਲਡੀ ਬਰਾੜ ਦਾ ਕਰੀਬੀ ਹੈ। ਸ਼ਾਹਬਾਜ਼ ਅੰਸਾਰੀ ਕਈ ਵਾਰ ਦੁਬਈ ਅਤੇ ਕੈਨੇਡਾ ਗਿਆ ਸੀ। ਜਿੱਥੇ ਉਹ ਗੋਲਡੀ ਬਰਾੜ ਦੇ ਸੰਪਰਕ ਵਿਚ ਆਇਆ।
ਇਨ੍ਹਾਂ ਦੌਰਿਆਂ ਦੌਰਾਨ ਉਹ ਦੁਬਈ ਵਿਚ ਹਵਾਲਾ ਕਾਰੋਬਾਰੀ ਪਾਕਿਸਤਾਨੀ ਨਾਗਰਿਕ ਫੈਜ਼ੀ ਖਾਨ ਦੇ ਸੰਪਰਕ ਵਿਚ ਆਇਆ। ਇਹ ਫੈਜ਼ੀ ਖਾਨ ਹੀ ਸੀ ਜਿਸ ਨੇ ਸ਼ਾਹਬਾਜ਼ ਅੰਸਾਰੀ ਦੀ ਜਾਣ-ਪਛਾਣ ਦੁਬਈ ਵਿਚ ਬੈਠੇ ਪਾਕਿਸਤਾਨੀ ਨਾਗਰਿਕ ਅਤੇ ਹਥਿਆਰਾਂ ਦੇ ਸਪਲਾਇਰ ਹਾਮਿਦ ਨਾਲ ਕਰਵਾਈ ਸੀ। ਸ਼ਾਹਬਾਜ਼ ਅੰਸਾਰੀ ਦੇ ਪਿਤਾ, ਕੁਰਬਾਨ ਅੰਸਾਰੀ, ਲਾਰੈਂਸ ਬਿਸ਼ਨੋਈ ਗੈਂਗ ਦਾ ਸਭ ਤੋਂ ਵੱਡਾ ਹਥਿਆਰ ਸਪਲਾਇਰ ਸੀ।
ਜਾਂਚ ਮੁਤਾਬਕ ਹਾਮਿਦ ਅਤੇ ਸ਼ਾਹਬਾਜ਼ ਅੰਸਾਰੀ ਵਿਚਾਲੇ ਮੁਲਾਕਾਤ ਹੋਈ ਸੀ। ਜਿਸ ਵਿਚ ਸਿੱਧੂ ਮੂਸੇਵਾਲਾ ਦੇ ਕਤਲ ਲਈ ਹਥਿਆਰ ਸਪਲਾਈ ਕਰਨ ਦੀ ਗੱਲ ਸਾਹਮਣੇ ਆਈ ਸੀ। ਗੈਂਗਸਟਰ ਲਾਰੈਂਸ ਬਿਸ਼ਨੋਈ ਅਤੇ ਗੋਲਡੀ ਬਰਾੜ ਨੇ ਮੂਸੇਵਾਲਾ ਦੇ ਕਤਲ ਲਈ ਅਸਾਲਟ ਰਾਈਫਲਾਂ ਅਤੇ ਹੋਰ ਆਧੁਨਿਕ ਹਾਈਟੈਕ ਹਥਿਆਰਾਂ ਦੀ ਮੰਗ ਕੀਤੀ ਸੀ। ਫਿਰ ਹਾਮਿਦ ਨੇ ਅੰਸਾਰੀ ਨੂੰ ਦਸਿਆ ਕਿ ਉਹ ਗੋਲਡੀ ਬਰਾੜ ਦੇ ਸੰਪਰਕ ਵਿਚ ਵੀ ਸੀ ਅਤੇ ਉਸ ਨੂੰ ਕਈ ਵਾਰ ਹਥਿਆਰ ਮੁਹੱਈਆ ਕਰਵਾਏ ਸਨ। ਐਨ.ਆਈ.ਏ. ਮੁਤਾਬਕ ਹਾਮਿਦ ਨੇ ਅੰਸਾਰੀ ਨੂੰ ਅਪਣਾ ਫ਼ੋਨ ਦਿਖਾਇਆ, ਜਿਸ ਵਿਚ ਗੋਲਡੀ ਬਰਾੜ ਨੂੰ ਹਥਿਆਰਾਂ ਦੀ ਸਪਲਾਈ ਨਾਲ ਸਬੰਧਤ ਆਡੀਓ ਰਿਕਾਰਡਿੰਗ ਸੀ।
ਐਨ.ਆਈ.ਏ. ਅੰਸਾਰੀ ਦੇ ਨਾਲ ਹਾਮਿਦ ਅਤੇ ਫੈਜ਼ੀ ਖਾਨ ਦੇ ਹਥਿਆਰਾਂ ਦੀ ਵੰਡ ਦੇ ਨੈਟਵਰਕ ਬਾਰੇ ਹੋਰ ਵੇਰਵੇ ਇਕੱਠੇ ਕਰਨ ਦੀ ਕੋਸ਼ਿਸ਼ ਕਰ ਰਹੀ ਹੈ। ਹਾਲਾਂਕਿ, ਐਨ.ਆਈ.ਏ. ਮੂਸੇਵਾਲਾ ਦੇ ਕਤਲ ਦੀ ਸਿੱਧੇ ਤੌਰ 'ਤੇ ਜਾਂਚ ਨਹੀਂ ਕਰ ਰਹੀ ਹੈ, ਪਰ ਉੱਤਰੀ ਭਾਰਤ ਵਿਚ ਗੈਂਗਸਟਰਾਂ ਅਤੇ ਖਾਲਿਸਤਾਨੀ ਸਮਰਥਕਾਂ ਵਿਚਾਲੇ ਗਠਜੋੜ ਨੂੰ ਲੈ ਕੇ ਦਰਜ ਹੋਈਆਂ ਦੋ ਐਫ.ਆਈ.ਆਰਜ਼. ਦੇ ਆਧਾਰ 'ਤੇ ਪੂਰੇ ਮਾਮਲੇ ਨੂੰ ਸਾਹਮਣੇ ਲਿਆਂਦਾ ਜਾ ਰਿਹਾ ਹੈ।
ਮੂਸੇਵਾਲਾ ਨੂੰ ਮਾਰਨ ਦੀ ਯੋਜਨਾ ਦੇ ਵੇਰਵੇ ਦਿੰਦੇ ਹੋਏ, NIA ਨੇ ਦਸਤਾਵੇਜ਼ਾਂ ਵਿਚ ਕਿਹਾ - ਸਿੱਧੂ ਮੂਸੇਵਾਲਾ ਦੀ ਹੱਤਿਆ ਦੀ ਸਾਜ਼ਿਸ਼ ਦੌਰਾਨ ਸਾਰੇ ਦੋਸ਼ੀ 6 ਵੱਖ-ਵੱਖ ਜੇਲਾਂ ਵਿਚ ਬੰਦ ਸਨ। ਲਾਰੈਂਸ ਬਿਸ਼ਨੋਈ ਅਤੇ ਜੱਗੂ ਭਗਵਾਨਪੁਰੀਆ ਤਿਹਾੜ ਜੇਲ੍ਹ ਵਿਚ, ਮਨਪ੍ਰੀਤ ਉਰਫ ਮੰਨਾ ਫਿਰੋਜ਼ਪੁਰ, ਸਾਰਜ ਸਿੰਘ ਉਰਫ ਮਿੰਟੂ ਬਠਿੰਡਾ ਸਪੈਸ਼ਲ ਜੇਲ ਵਿਚ ਅਤੇ ਮਨਮੋਹਨ ਸਿੰਘ ਉਰਫ ਮੋਹਣਾ ਮਾਨਸਾ ਜੇਲ ਵਿਚ ਸਨ। ਸਤਿੰਦਰਜੀਤ ਸਿੰਘ ਉਰਫ ਗੋਲਡੀ ਬਰਾੜ ਵਿਦੇਸ਼ ਵਿਚ ਰਹਿੰਦਿਆਂ ਵੀ ਉਸ ਦੇ ਸੰਪਰਕ ਵਿਚ ਸੀ। ਜੇਲ ਦੇ ਸਾਥੀਆਂ ਨਾਲ ਵਿਚਾਰ-ਵਟਾਂਦਰੇ ਤੋਂ ਬਾਅਦ, ਅੰਤ ਵਿਚ ਸ਼ੂਟਰਾਂ ਨੂੰ ਮੂਸੇਵਾਲਾ ਨੂੰ ਮਾਰਨ ਦਾ ਕੰਮ ਸੌਂਪਿਆ ਗਿਆ ਸੀ।
ਪਿਛਲੇ ਦਿਨੀਂ ਰਿਮਾਂਡ ਦੌਰਾਨ ਬਿਸ਼ਨੋਈ ਨੇ ਐਨ.ਆਈ.ਏ. ਨੂੰ ਦਸਿਆ ਕਿ ਬਰਾੜ ਨੇ ਮੂਸੇਵਾਲਾ ਨੂੰ ਮਾਰਨ ਲਈ 6 ਸ਼ੂਟਰ ਭੇਜੇ ਸਨ। ਗੋਲਡੀ ਬਰਾੜ ਨੇ ਨਿਸ਼ਾਨੇਬਾਜ਼ਾਂ ਦੇ ਠਹਿਰਣ ਅਤੇ ਵਾਹਨਾਂ ਦਾ ਪ੍ਰਬੰਧ ਕੀਤਾ। ਇਸ ਤੋਂ ਇਲਾਵਾ ਰੇਕੀ 'ਚ ਮਦਦ ਕੀਤੀ। ਫਿਰ ਕੈਨੇਡਾ ਰਹਿੰਦੇ ਗੋਲਡੀ ਬਰਾੜ ਨੂੰ ਵੀ ਹਵਾਲਾ ਰਾਹੀਂ ਕਰੀਬ 60 ਲੱਖ ਰੁਪਏ ਭੇਜੇ ਗਏ। ਜਿਨ੍ਹਾਂ ਦੀ ਵਰਤੋਂ ਹਥਿਆਰ ਖਰੀਦਣ ਅਤੇ ਨਿਸ਼ਾਨੇਬਾਜ਼ਾਂ ਨੂੰ ਕਿਰਾਏ 'ਤੇ ਲੈਣ ਲਈ ਕੀਤੀ ਜਾਂਦੀ ਸੀ।