
ਪਾਰਟੀ ਦੇ ਘੱਟ ਗਿਣਤੀ ਵਿੰਗ ਦੀ ਜ਼ਰੂਰਤ ਨੂੰ ਵੀ ਖ਼ਾਰਜ ਕੀਤਾ
BJP leader Suvendu Adhikari : ਭਾਰਤੀ ਜਨਤਾ ਪਾਰਟੀ (ਭਾਜਪਾ) ਦੇ ਸੀਨੀਅਰ ਨੇਤਾ ਸ਼ੁਵੇਂਦੂ ਅਧਿਕਾਰੀ ਨੇ ਪਛਮੀ ਬੰਗਾਲ ’ਚ ਹਾਲ ਹੀ ’ਚ ਹੋਈਆਂ ਲੋਕ ਸਭਾ ਚੋਣਾਂ ’ਚ ਪਾਰਟੀ ਦੇ ਮਾੜੇ ਪ੍ਰਦਰਸ਼ਨ ਲਈ ਘੱਟ ਗਿਣਤੀ ਭਾਈਚਾਰੇ ਦੇ ਘੱਟ ਸਮਰਥਨ ਨੂੰ ਜ਼ਿੰਮੇਵਾਰ ਠਹਿਰਾਉਂਦਿਆਂ ਕਿਹਾ ਕਿ ‘ਸਬਕਾ ਸਾਥ ਸਬਕਾ ਵਿਕਾਸ’ ਦੀ ਕੋਈ ਲੋੜ ਨਹੀਂ ਹੈ ਅਤੇ ਇਸ ਦੀ ਬਜਾਏ ‘ਅਸੀਂ ਉਨ੍ਹਾਂ ਨਾਲ ਜੋ ਸਾਡੇ ਨਾਲ’ ਦਾ ਪ੍ਰਸਤਾਵ ਦਿਤਾ ਹੈ।
ਭਾਜਪਾ ਦੀ ਸੂਬਾ ਕਾਰਜਕਾਰੀ ਕਮੇਟੀ ਦੇ ਵਧੇ ਹੋਏ ਸੈਸ਼ਨ ਨੂੰ ਸੰਬੋਧਨ ਕਰਦਿਆਂ ਅਧਿਕਾਰੀ ਨੇ ਪਾਰਟੀ ਦੇ ਘੱਟ ਗਿਣਤੀ ਵਿੰਗ ਦੀ ਜ਼ਰੂਰਤ ਨੂੰ ਵੀ ਖ਼ਾਰਜ ਕਰ ਦਿਤਾ ਹੈ।
ਉਨ੍ਹਾਂ ਕਿਹਾ, ‘‘ਮੈਂ ਰਾਸ਼ਟਰਵਾਦੀ ਮੁਸਲਮਾਨਾਂ ਲਈ ਵੀ ਬੋਲਿਆ ਹੈ। ਅਸੀਂ ਸਾਰੇ ‘ਸਬਕਾ ਸਾਥ ਸਬਕਾ ਵਿਕਾਸ’ ਦੀ ਗੱਲ ਕਰਦੇ ਸੀ ਪਰ ਹੁਣ ਤੋਂ ਮੈਂ ਇਹ ਨਹੀਂ ਕਹਾਂਗਾ ਕਿਉਂਕਿ ਮੇਰਾ ਮੰਨਣਾ ਹੈ ਕਿ ਇਸ ਦੀ ਬਜਾਏ ਸਾਨੂੰ ਉਨ੍ਹਾਂ ਦੇ ਨਾਲ ਰਹਿਣਾ ਚਾਹੀਦਾ ਹੈ ਜੋ ਸਾਡੇ ਨਾਲ ਹਨ। ਘੱਟ ਗਿਣਤੀ ਮੋਰਚੇ ਦੀ ਕੋਈ ਲੋੜ ਨਹੀਂ ਹੈ।’’ ਪਛਮੀ ਬੰਗਾਲ ’ਚ ਲਗਭਗ 30 ਫ਼ੀ ਸਦੀ ਘੱਟ ਗਿਣਤੀ ਵੋਟਰ ਹਨ।
2014 ’ਚ ਭਾਜਪਾ ਨੇ ‘ਸਬਕਾ ਸਾਥ ਸਬਕਾ ਵਿਕਾਸ’ ਦਾ ਨਾਅਰਾ ਦਿਤਾ ਸੀ ਅਤੇ 2019 ’ਚ ਇਸ ਨੇ ਇਕ ਕਦਮ ਅੱਗੇ ਵਧਦਿਆਂ ਇਸ ਨੂੰ ‘ਸਬਕਾ ਸਾਥ ਸਬਕਾ ਵਿਕਾਸ, ਸਬਕਾ ਵਿਸ਼ਵਾਸ’ ਬਣਾ ਦਿਤਾ।
ਅਧਿਕਾਰੀ ਨੇ ਦਾਅਵਾ ਕੀਤਾ ਕਿ ਲੋਕ ਸਭਾ ਚੋਣਾਂ ਦੌਰਾਨ ਤ੍ਰਿਣਮੂਲ ਕਾਂਗਰਸ ਦੇ ਜੇਹਾਦੀ ਗੁੰਡਿਆਂ ਨੇ ਕਈ ਇਲਾਕਿਆਂ ’ਚ ਹਿੰਦੂਆਂ ਨੂੰ ਵੋਟ ਪਾਉਣ ਦੀ ਇਜਾਜ਼ਤ ਨਹੀਂ ਦਿਤੀ। ਉਨ੍ਹਾਂ ਕਿਹਾ, ‘‘ਪਛਮੀ ਬੰਗਾਲ ’ਚ ਸੁਤੰਤਰ ਅਤੇ ਨਿਰਪੱਖ ਚੋਣਾਂ ਸੰਭਵ ਨਹੀਂ ਹਨ। ਤ੍ਰਿਣਮੂਲ ਦੇ ਜੇਹਾਦੀ ਗੁੰਡੇ ਅਜਿਹਾ ਨਹੀਂ ਹੋਣ ਦੇਣਗੇ। ਸੁਤੰਤਰ ਅਤੇ ਨਿਰਪੱਖ ਚੋਣਾਂ ਸਿਰਫ ਸੂਬੇ ’ਚ ਅਸ਼ਾਂਤ ਖੇਤਰ ਐਕਟ ਲਾਗੂ ਕਰ ਕੇ ਹੀ ਸੰਭਵ ਹਨ। ਅਸੀਂ ਰਾਸ਼ਟਰਪਤੀ ਸ਼ਾਸਨ ਲਗਾ ਕੇ ਪਿਛਲੇ ਦਰਵਾਜ਼ੇ ਰਾਹੀਂ ਸੂਬੇ ਦੀ ਸੱਤਾ ਹਾਸਲ ਨਹੀਂ ਕਰਨਾ ਚਾਹੁੰਦੇ।’’
ਉਨ੍ਹਾਂ ਕਿਹਾ, ‘‘ਅਸੀਂ ਉਦੋਂ ਹੀ ਸੱਤਾ ’ਚ ਆਵਾਂਗੇ ਜਦੋਂ ਅਸੀਂ ਲੋਕਾਂ ਦੇ ਫਤਵੇ ਨਾਲ ਚੋਣਾਂ ਜਿੱਤਾਂਗੇ। ਪਰ ਇਸ ਦੇ ਲਈ ਸੁਤੰਤਰ ਅਤੇ ਨਿਰਪੱਖ ਚੋਣਾਂ ਯਕੀਨੀ ਬਣਾਉਣੀਆਂ ਪੈਣਗੀਆਂ।’’
ਭਾਜਪਾ ਦੀ ਸੂਬਾ ਕਾਰਜਕਾਰਨੀ ਦਾ ਵਿਸਤਾਰਿਤ ਸੈਸ਼ਨ ਪਿਛਲੇ ਹਫਤੇ ਹੋਈਆਂ ਵਿਧਾਨ ਸਭਾ ਜ਼ਿਮਨੀ ਚੋਣਾਂ ’ਚ ਟੀ.ਐਮ.ਸੀ. ਤੋਂ ਤਿੰਨ ਸੀਟਾਂ ਹਾਰਨ ਤੋਂ ਕੁੱਝ ਦਿਨ ਬਾਅਦ ਹੋਇਆ ਸੀ। ਸੂਬੇ ’ਚ ਸੰਸਦੀ ਚੋਣਾਂ ’ਚ ਭਾਜਪਾ ਦੇ ਮਾੜੇ ਪ੍ਰਦਰਸ਼ਨ ਤੋਂ ਬਾਅਦ ਜ਼ਿਮਨੀ ਚੋਣ ਨਤੀਜੇ ਵੀ ਪਾਰਟੀ ਲਈ ਨਿਰਾਸ਼ਾਜਨਕ ਸਨ।
ਹਾਲ ਹੀ ’ਚ ਹੋਈਆਂ ਲੋਕ ਸਭਾ ਚੋਣਾਂ ’ਚ ਭਾਜਪਾ ਨੇ 12 ਸੀਟਾਂ ਜਿੱਤੀਆਂ ਸਨ, ਜਦਕਿ 2019 ਦੀਆਂ ਚੋਣਾਂ ’ਚ ਉਸ ਨੇ 18 ਸੀਟਾਂ ਜਿੱਤੀਆਂ ਸਨ। ਅਧਿਕਾਰੀ ਦੀ ਟਿਪਣੀ ’ਤੇ ਤਿੱਖੀ ਪ੍ਰਤੀਕਿਰਿਆ ਦਿੰਦੇ ਹੋਏ ਤ੍ਰਿਣਮੂਲ ਕਾਂਗਰਸ ਦੇ ਨੇਤਾ ਕੁਨਾਲ ਘੋਸ਼ ਨੇ ਕਿਹਾ ਕਿ ਭਾਜਪਾ ਸੂਬੇ ’ਚ ਲੋਕ ਸਭਾ ਚੋਣਾਂ ’ਚ ਮਾੜੇ ਪ੍ਰਦਰਸ਼ਨ ਤੋਂ ਬਾਅਦ ਅਪਣੇ ਵਰਕਰਾਂ ਨੂੰ ਸ਼ਾਂਤ ਕਰਨ ਲਈ ਬਹਾਨੇ ਲੱਭ ਰਹੀ ਹੈ।