
ਭਾਰਤ ਸਰਕਾਰ ਨੇ ਵੀ ਏਅਰ ਇੰਡੀਆ ਨੂੰ ਕਿਹਾ ਕਿ ਉਹ ਕਾਬੁਲ ਤੋਂ ਐਮਰਜੈਂਸੀ ਨਿਕਾਸੀ ਲਈ ਦੋ ਹਵਾਈ ਜਹਾਜ਼ਾਂ ਨੂੰ ਸਟੈਂਡਬਾਇ ’ਤੇ ਰੱਖੇ।
ਨਵੀਂ ਦਿੱਲੀ: ਅਫ਼ਗ਼ਾਨਿਸਤਾਨ ਦੀ ਰਾਜਧਾਨੀ ਕਾਬੁਲ (Kabul) ’ਚ ਤਾਲਿਬਾਨ ਦਾਖ਼ਲ ਹੋ ਚੁਕਾ ਹੈ ਜਿਸ ਤੋਂ ਬਾਅਦ ਉੱਥੇ ਹਫ਼ੜਾ-ਦਫ਼ੜੀ ਦਾ ਮਾਹੌਲ ਬਣਿਆ ਹੋਇਆ ਹੈ। ਸਾਰੇ ਦੇਸ਼ ਅਪਣੇ ਨਾਗਰਿਕਾਂ ਨੂੰ ਸੁਰੱਖਿਅਤ ਕੱਢਣ ’ਚ ਲੱਗੇ ਹੋਏ ਹਨ। ਭਾਰਤ ਸਰਕਾਰ ਨੇ ਵੀ ਏਅਰ ਇੰਡੀਆ (Air India) ਨੂੰ ਕਿਹਾ ਕਿ ਉਹ ਕਾਬੁਲ ਤੋਂ ਐਮਰਜੈਂਸੀ ਨਿਕਾਸੀ (Emergency evacuation) ਲਈ ਦੋ ਹਵਾਈ ਜਹਾਜ਼ਾਂ ਨੂੰ ਸਟੈਂਡਬਾਇ ’ਤੇ ਰੱਖੇ। ਏਅਰ ਇੰਡੀਆ ਨੇ ਕਾਬੁਲ ਤੋਂ ਨਵੀਂ ਦਿੱਲੀ ਲਈ ਐਮਰਜੈਂਸੀ ਆਪਰੇਸ਼ਨ ਲਈ ਇਕ ਦਲ ਤਿਆਰ ਕੀਤਾ ਹੈ।
Flights
ਇਸ ਵਿਚਾਲੇ ਖ਼ਬਰ ਹੈ ਕਿ ਏਅਰ ਇੰਡੀਆ ਦੀ ਦਿੱਲੀ ਤੋਂ ਕਾਬੁਲ (Delhi to Kabul) ਜਾਣ ਵਾਲੀਆਂ ਸਾਰੀਆਂ ਉਡਾਣਾਂ ਨੂੰ ਰੱਦ (India flights canceled) ਕਰ ਦਿਤਾ ਗਿਆ ਹੈ। ਇਸ ਤੋਂ ਪਹਿਲਾਂ ਏਅਰ ਇੰਡੀਆ ਦੀ ਫ਼ਲਾਈਟ ਨੇ 12.30 ਵਜੇ ਉਡਾਣ ਭਰਨੀ ਸੀ ਪਰ ਹੁਣ ਇਸ ਨੂੰ ਰੱਦ ਕਰ ਦਿਤਾ ਗਿਆ ਹੈ। ਜ਼ਿਕਰਯੋਗ ਹੈ ਕਿ ਇਸ ਤੋਂ ਪਹਿਲਾਂ ਕਾਬੁਲ ਤੋਂ ਏਅਰ ਇੰਡੀਆ ਦੀ ਵਾਪਸੀ ਦੀ ਉਡਾਣ ਐਤਵਾਰ ਸ਼ਾਮ ਨੂੰ 129 ਯਾਤਰੀਆਂ ਨੂੰ ਲੈ ਕੇ ਦਿੱਲੀ ਪੁੱਜੀ।
Air India
ਅਧਿਕਾਰੀਆਂ ਨੇ ਕਿਹਾ ਕਿ (ਭਾਰਤੀ ਸਮੇਂ ਮੁਤਾਬਕ) ਦੁਪਹਿਰ ਕਰੀਬ ਪੌਣੇ ਇਕ ਵਜੇ ਏ. ਆਈ.-243 ਉਡਾਣ ਦਿੱਲੀ ਤੋਂ ਰਵਾਨਾ ਹੋਈ ਤੇ ਉਸ ਨੂੰ ਕਾਬੁਲ ਹਵਾਈ ਅੱਡੇ ਦੇ ਆਸਪਾਸ ਇਕ ਘੰਟੇ ਤਕ ਚੱਕਰ ਲਾਉਣਾ ਪਿਆ ਕਿਉਂਕਿ ਉਸ ਨੂੰ ਉਤਰਨ ਲਈ ਹਵਾਈ ਆਵਾਜ਼ਾਈ ਕੰਟਰੋਲ (ATC) ਤੋਂ ਇਜਾਜ਼ਤ ਨਹੀਂ ਮਿਲੀ ਸੀ, ਇਸ ਲਈ ਐਤਵਾਰ ਨੂੰ ਏ. ਆਈ.-243 ਦੀ ਉਡਾਣ ਦੀ ਆਮ ਸਮਾਂ ਮਿਆਦ ਇਕ ਘੰਟੇ ਚਾਲੀ ਮਿੰਟ ਦੀ ਬਜਾਏ ਦੋ ਘੰਟੇ ਪੰਜਾਹ ਮਿੰਟ ਸੀ।