
ਮ੍ਰਿਤਕਾਂ ਵਿਚ ਦੋ ਕਾਰ ਅਤੇ ਬਾਈਕ ਸਵਾਰ ਸ਼ਾਮਲ ਹਨ
ਨਵੀਂ ਦਿੱਲੀ : ਮਲੇਸ਼ੀਆ ਵਿਚ ਵੀਰਵਾਰ ਦੁਪਹਿਰ ਨੂੰ ਇਕ ਵੱਡਾ ਹਾਦਸਾ ਵਾਪਰ ਗਿਆ। ਕੁਆਲਾਲੰਪੁਰ ਦੇ ਉੱਤਰ ਵਿਚ ਇਕ ਐਕਸਪ੍ਰੈਸਵੇਅ 'ਤੇ ਇਕ ਚਾਰਟਰ ਜਹਾਜ਼ ਦੇ ਹਾਦਸਾਗ੍ਰਸਤ ਹੋਣ ਕਾਰਨ 10 ਲੋਕਾਂ ਦੀ ਮੌਤ ਹੋ ਗਈ। ਇਸ ਹਾਦਸੇ ਦਾ ਵੀਡੀਓ ਵੀ ਸਾਹਮਣੇ ਆਇਆ ਹੈ। ਜਿਸ 'ਚ ਐਕਸਪ੍ਰੈੱਸ ਵੇਅ 'ਤੇ ਲੈਂਡ ਕਰਦੇ ਸਮੇਂ ਇਕ ਜਹਾਜ਼ ਹਾਦਸਾਗ੍ਰਸਤ ਹੋ ਗਿਆ। ਫਿਰ ਭਿਆਨਕ ਅੱਗ ਲੱਗ ਗਈ। ਜਹਾਜ਼ ਵਿਚ ਚਾਲਕ ਦਲ ਦੇ ਦੋ ਮੈਂਬਰ ਅਤੇ 6 ਯਾਤਰੀ ਬੈਠੇ ਸਨ। ਇਸ ਦੇ ਨਾਲ ਹੀ ਮ੍ਰਿਤਕਾਂ ਵਿਚ ਦੋ ਕਾਰ ਅਤੇ ਬਾਈਕ ਸਵਾਰ ਵੀ ਸ਼ਾਮਲ ਹਨ, ਜੋ ਹਾਦਸੇ ਸਮੇਂ ਸੜਕ ਤੋਂ ਲੰਘ ਰਹੇ ਸਨ।
ਇਹ ਵੀ ਪੜ੍ਹੋ: ਲੋਕਾਂ ਨੇ ਭਗਵੰਤ ਮਾਨ ਨੂੰ ਆਪਣੇ 'ਚੋਂ ਇਕ ਸਮਝਿਆ ਸੀ, ਪਰ ਉਸ ਨੇ ਉਨ੍ਹਾਂ ਦੀ ਪਿੱਠ 'ਤੇ ਵਾਰ ਕੀਤਾ : ਰਾਜਾ ਵੜਿੰਗ
ਮਲੇਸ਼ੀਆ ਦੀ ਨਾਗਰਿਕ ਹਵਾਬਾਜ਼ੀ ਅਥਾਰਟੀ ਨੇ ਕਿਹਾ ਕਿ ਜਹਾਜ਼ ਵਿਚ ਸਵਾਰ ਛੇ ਯਾਤਰੀ ਅਤੇ ਚਾਲਕ ਦਲ ਦੇ ਦੋ ਮੈਂਬਰ ਲੰਗਕਾਵੀ ਅੰਤਰਰਾਸ਼ਟਰੀ ਹਵਾਈ ਅੱਡੇ ਤੋਂ ਰਵਾਨਾ ਹੋਏ ਸਨ। ਜਹਾਜ਼ ਸੁਲਤਾਨ ਅਬਦੁਲ ਅਜ਼ੀਜ਼ ਸ਼ਾਹ ਹਵਾਈ ਅੱਡੇ 'ਤੇ ਜਾ ਰਿਹਾ ਸੀ। ਜਹਾਜ਼ ਨੇ ਦੁਪਹਿਰ 2.47 'ਤੇ ਸੁਬਾਂਗ ਏਅਰ ਟ੍ਰੈਫਿਕ ਕੰਟਰੋਲ ਟਾਵਰ ਨਾਲ ਪਹਿਲਾ ਸੰਪਰਕ ਕੀਤਾ ਅਤੇ ਦੁਪਹਿਰ 2:48 'ਤੇ ਲੈਂਡਿੰਗ ਲਈ ਮਨਜ਼ੂਰੀ ਦਿਤੀ ਗਈ।
ਇਹ ਵੀ ਪੜ੍ਹੋ: ਭਾਰਤੀ ਫ਼ੌਜ ਨੂੰ ਸਲਾਮ, ਗੁਰਦਾਸਪੁਰ 'ਚ ਹੜ੍ਹ ਦੌਰਾਨ 15 ਦਿਨ ਦੇ ਮਾਸੂਮ ਦਾ ਕੀਤਾ ਰੈਸਕਿਊ
ਇਸ ਦੌਰਾਨ ਅਚਾਨਕ ਜਹਾਜ਼ ਦਾ ਏਅਰ ਟ੍ਰੈਫਿਕ ਕੰਟਰੋਲ ਟਾਵਰ ਨਾਲ ਸੰਪਰਕ ਟੁੱਟ ਗਿਆ। ਜਹਾਜ਼ ਨੇ ਐਕਸਪ੍ਰੈਸ ਵੇਅ 'ਤੇ ਉਤਰਨਾ ਸ਼ੁਰੂ ਕਰ ਦਿਤਾ। ਫਿਰ ਜਹਾਜ਼ ਕਾਰ ਅਤੇ ਬਾਈਕ ਨਾਲ ਟਕਰਾ ਗਿਆ ਅਤੇ ਇਸ ਨੂੰ ਅੱਗ ਲੱਗ ਗਈ। ਏਅਰ ਟ੍ਰੈਫਿਕ ਕੰਟਰੋਲ ਟਾਵਰ ਨੇ ਦੁਪਹਿਰ 2:51 ਵਜੇ ਹਾਦਸੇ ਵਾਲੀ ਥਾਂ ਤੋਂ ਧੂੰਆਂ ਨਿਕਲਦਾ ਦੇਖਿਆ। ਪਾਇਲਟ ਨੇ ਕੋਈ ਐਮਰਜੈਂਸੀ ਸਿਗਨਲ ਵੀ ਨਹੀਂ ਦਿਤਾ।
ਸੇਲਾਂਗੋਰ ਪੁਲਿਸ ਮੁਖੀ ਹੁਸੈਨ ਉਮਰ ਖਾਨ ਨੇ ਕਿਹਾ ਕਿ ਜਹਾਜ਼ ਦੀ ਇਕ ਕਾਰ ਅਤੇ ਮੋਟਰਸਾਈਕਲ ਨਾਲ ਟੱਕਰ ਹੋ ਗਈ। ਇਕ ਵਿਅਕਤੀ ਇਕ ਕਾਰ ਅਤੇ ਇਕ ਬਾਈਕ ਵਿਚ ਸਫ਼ਰ ਕਰ ਰਿਹਾ ਸੀ। ਫੋਰੈਂਸਿਕ ਵਿਭਾਗ ਦੇ ਕਰਮਚਾਰੀ ਜਹਾਜ਼ ਦੇ ਅਵਸ਼ੇਸ਼ਾਂ ਨੂੰ ਇਕੱਠਾ ਕਰਨ ਵਿਚ ਜੁਟੇ ਹੋਏ ਹਨ। ਲਾਸ਼ਾਂ ਨੂੰ ਪੋਸਟਮਾਰਟਮ ਲਈ ਭੇਜ ਦਿਤਾ ਗਿਆ ਹੈ। ਖਾਨ ਨੇ ਅੱਗੇ ਕਿਹਾ ਕਿ ਟਰਾਂਸਪੋਰਟ ਮੰਤਰਾਲਾ ਇਸ ਘਟਨਾ ਦੀ ਜਾਂਚ ਕਰੇਗਾ।