
19 ਅਗਸਤ ਤੱਕ ਜੰਮੂ-ਕਸ਼ਮੀਰ ’ਚ ਭਾਰੀ ਮੀਂਹ ਪੈਣ ਦੀ ਹੈ ਸੰਭਾਵਨਾ
ਕਠੂਆ : ਜੰਮੂ-ਕਸ਼ਮੀਰ ’ਚ 4 ਦਿਨਾਂ ਵਿੱਚ ਦੂਜੀ ਵਾਰ ਬੱਦਲ ਫਟਣ ਦੀ ਘਟਨਾ ਵਾਪਰੀ ਹੈ। ਐਤਵਾਰ ਸਵੇਰੇ ਕਠੂਆ ਜ਼ਿਲ੍ਹੇ ਦੇ ਮਥਰੇ ਚੱਕ ਪਿੰਡ ਵਿੱਚ ਬੱਦਲ ਫਟਣ ਦੀ ਘਟਨਾ ਵਾਪਰੀ ਅਤੇ ਇੱਥੇ ਕਈ ਘਰਾਂ ਨੂੰ ਨੁਕਸਾਨ ਪਹੁੰਚਿਆ ਹੈ। ਨੇੜਲੇ ਜੋਡ ਪਿੰਡ ਵਿੱਚ ਭਾਰੀ ਮੀਂਹ ਕਾਰਨ ਕਈ ਘਰ ਢਹਿ ਗਏ ਹਨ ਅਤੇ ਕੁਝ ਵਿਅਕਤੀਆਂ ਦੇ ਮਲਬੇ ਹੇਠ ਫਸਣ ਦੀ ਸੰਭਾਵਨਾ ਹੈ। ਇੱਥੇ ਬਚਾਅ ਕਾਰਜ ਜਾਰੀ ਹਨ। ਜੰਮੂ-ਕਸ਼ਮੀਰ ਵਿੱਚ 17 ਤੋਂ 19 ਅਗਸਤ ਤੱਕ ਭਾਰੀ ਮੀਂਹ ਪੈਣ ਦੀ ਸੰਭਾਵਨਾ ਹੈ। ਜੰਮੂ, ਰਿਆਸੀ, ਊਧਮਪੁਰ, ਰਾਜੌਰੀ, ਪੁੰਛ, ਸਾਂਬਾ, ਕਠੂਆ, ਡੋਡਾ, ਕਿਸ਼ਤਵਾੜ, ਰਾਮਬਨ ਅਤੇ ਕਸ਼ਮੀਰ ਦੇ ਕੁਝ ਹਿੱਸਿਆਂ ਵਿੱਚ ਬੱਦਲ ਫਟਣ ਅਤੇ ਜ਼ਮੀਨ ਖਿਸਕਣ ਦੀ ਚੇਤਾਵਨੀ ਦਿੱਤੀ ਗਈ ਹੈ।
ਉਧਰ ਮੱਧ ਪ੍ਰਦੇਸ਼ ਵਿੱਚ ਵੀ ਹੜ੍ਹਾਂ ਦੇ ਹਾਲਾਤ ਹਨ। ਬਰਵਾਨੀ ਦੇ ਰਾਜਪੁਰ ਵਿੱਚ ਨਦੀਆਂ ਅਤੇ ਨਾਲੇ ਉਫਾਨ ’ਤੇ ਹਨ ਅਤੇ ਇੱਥੋਂ ਦੀ ਨਗਰਪਾਲਿਕਾ ਦੇ ਉਪ ਪ੍ਰਧਾਨ ਦੀ ਕਾਰ ਨਦੀ ਵਿੱਚ ਰੁੜ੍ਹ ਗਈ। ਉੱਤਰ ਪ੍ਰਦੇਸ਼ ਦੇ 20 ਜ਼ਿਲਿ੍ਹਆਂ ਵਿੱਚ ਵੀ ਹੜ੍ਹ ਵਰਗੇ ਹਾਲਾਤ ਹਨ। ਫਤਿਹਪੁਰ ਵਿੱਚ ਗੰਗਾ ਖ਼ਤਰੇ ਦੇ ਨਿਸ਼ਾਨ ਤੋਂ ਉੱਪਰ ਵਹਿ ਰਹੀ ਹੈ, ਜਿਸ ਦੇ ਚਲਦਿਆਂ ਪਾਣੀ 10 ਤੋਂ ਵੱਧ ਪਿੰਡਾਂ ਵਿੱਚ ਦਾਖਲ ਹੋ ਗਿਆ ਹੈ। ਪਿਛਲੇ 24 ਘੰਟਿਆਂ ਵਿੱਚ ਰਾਜ ਵਿੱਚ 0.8 ਮਿਲੀਮੀਟਰ ਬਾਰਿਸ਼ ਹੋਈ ਹੈ, ਜੋ ਕਿ ਆਮ 8.8 ਮਿਲੀਮੀਟਰ ਨਾਲੋਂ 91% ਘੱਟ ਹੈ। 1 ਜੂਨ ਤੋਂ ਲੈ ਕੇ ਹੁਣ ਤੱਕ ਸੂਬੇ ’ਚ 516.2 ਮਿਲੀਮੀਟਰ ਬਾਰਿਸ਼ ਹੋਈ ਹੈ, ਜੋ ਕਿ ਆਮ 488.9 ਮਿਲੀਮੀਟਰ ਨਾਲੋਂ 6% ਵੱਧ ਹੈ।
ਮੁੰਬਈ ਵਿੱਚ ਭਾਰੀ ਮੀਂਹ ਦਾ ਰੈੱਡ ਅਲਰਟ ਜਾਰੀ ਹੈ। ਸ਼ਨੀਵਾਰ ਨੂੰ ਵਿਖਰੋਲੀ ਵਿੱਚ ਜ਼ਮੀਨ ਖਿਸਕਣ ਦੀ ਘਟਨਾ ਵਾਪਰੀ, ਜਿਸ ਵਿੱਚ 2 ਲੋਕਾਂ ਦੀ ਮੌਤ ਹੋ ਗਈ ਅਤੇ 2 ਲੋਕ ਜ਼ਖਮੀ ਹੋ ਗਏ ਅਤੇ ਇੱਥੇ ਐਤਵਾਰ ਨੂੰ ਵੀ ਮੀਂਹ ਜਾਰੀ ਹੈ। ਰਾਏਗੜ੍ਹ ਜ਼ਿਲ੍ਹੇ ਵਿੱਚ ਅੰਬਾ ਨਦੀ ਦਾ ਪਾਣੀ ਦਾ ਪੱਧਰ ਖ਼ਤਰੇ ਦੇ ਨਿਸ਼ਾਨ ਤੋਂ ਉੱਪਰ ਹੈ। ਰਤਨਾਗਿਰੀ ਜ਼ਿਲ੍ਹੇ ਵਿੱਚ ਵੀ ਜਗਬੂੜੀ-ਕੋਦਾਵਾਲੀ ਨਦੀਆਂ ਚੇਤਾਵਨੀ ਦੇ ਪੱਧਰ ਤੋਂ ਉੱਪਰ ਵਹਿ ਰਹੀਆਂ ਹਨ।