
ਇਸ ਸਾਲ ਹੁਣ ਤਕ ਕੋਟਾ ’ਚ ਕੋਚਿੰਗ ਇੰਸਟੀਚਿਊਟ ਦੇ 23 ਵਿਦਿਆਰਥੀ ਖੁਦਕੁਸ਼ੀ ਕਰ ਚੁੱਕੇ ਹਨ
ਕੋਟਾ (ਰਾਜਸਥਾਨ): ਕੋਟਾ ਦੇ ਕੋਚਿੰਗ ਕੇਂਦਰਾਂ ’ਚ ਵਿਦਿਆਰਥੀਆਂ ਵਲੋਂ ਖੁਦਕੁਸ਼ੀ ਕਰਨ ਦੀਆਂ ਘਟਨਾਵਾਂ ਨਾ ਸਿਰਫ ਸਿਆਸਤਦਾਨਾਂ, ਸੰਸਥਾਵਾਂ, ਪੁਲਸ ਅਤੇ ਮਾਪਿਆਂ ਸਮੇਤ ਵੱਖ-ਵੱਖ ਧਿਰਾਂ ਲਈ ਚਰਚਾ ਦਾ ਵਿਸ਼ਾ ਬਣੀਆਂ ਹੋਈਆਂ ਹਨ, ਸਗੋਂ ਇਕ ਮਨੋਵਿਗਿਆਨੀ ਦੀ ਪੀਐਚਡੀ ਖੋਜ ਦਾ ਵਿਸ਼ਾ ਵੀ ਬਣ ਗਈਆਂ ਹਨ।
ਕੋਟਾ ਦੇ ਸਰਕਾਰੀ ਨਰਸਿੰਗ ਕਾਲਜ ਦੇ ਮਨੋਵਿਗਿਆਨ ਵਿਭਾਗ ਦੇ ਮੁਖੀ ਦਿਨੇਸ਼ ਸ਼ਰਮਾ ਨੇ ਇੰਜੀਨੀਅਰਿੰਗ ਅਤੇ ਮੈਡੀਕਲ ਦਾਖਲਾ ਇਮਤਿਹਾਨਾਂ ਲਈ ਕੋਚਿੰਗ ਲੈ ਰਹੇ 400 ਤੋਂ ਵੱਧ ਵਿਦਿਆਰਥੀਆਂ ਦੀ ‘ਕਾਊਂਸਲਿੰਗ’ ਕੀਤੀ।
ਉਨ੍ਹਾਂ ਵਿਦਿਆਰਥੀਆਂ ’ਚ ਤਣਾਅ ਦੇ ਪੱਧਰਾਂ ਅਤੇ ਉਨ੍ਹਾਂ ਨੂੰ ਪਰੇਸ਼ਾਨ ਕਰਨ ਵਾਲੇ ਵੱਖ-ਵੱਖ ਮੁੱਦਿਆਂ ’ਤੇ ਅਪਣੀ ਪੀ.ਐੱਚ.ਡੀ. ਕਰਨ ਦਾ ਫੈਸਲਾ ਕੀਤਾ ਅਤੇ ਜੈਪੁਰ ਨੈਸ਼ਨਲ ਯੂਨੀਵਰਸਿਟੀ ਨੂੰ ਅਪਣੇ ਖੋਜ ਵਿਸ਼ੇ ਦੀ ਜਾਣਕਾਰੀ ਦਿਤੀ। ਉਨ੍ਹਾਂ ਪਿਛਲੇ ਮਹੀਨੇ ਅਪਣੀ ਪੀ.ਐਚ.ਡੀ. ਪੂਰੀ ਕੀਤੀ ਅਤੇ ਅਪਣਾ ਖੋਜ ਪੱਤਰ ਵੀ ਜ਼ਿਲ੍ਹਾ ਪ੍ਰਸ਼ਾਸਨ ਨੂੰ ਸੌਂਪਿਆ। ਜ਼ਿਲ੍ਹਾ ਪ੍ਰਸ਼ਾਸਨ ਵਲੋਂ ਵਿਦਿਆਰਥੀ ਖੁਦਕੁਸ਼ੀ ਦੀਆਂ ਘਟਨਾਵਾਂ ਨਾਲ ਨਜਿੱਠਣ ਲਈ ਉਪਰਾਲੇ ਕੀਤੇ ਜਾ ਰਹੇ ਹਨ।
ਇਸ ਸਾਲ ਹੁਣ ਤਕ ਕੋਟਾ ’ਚ ਕੋਚਿੰਗ ਇੰਸਟੀਚਿਊਟ ਦੇ 23 ਵਿਦਿਆਰਥੀ ਖੁਦਕੁਸ਼ੀ ਕਰ ਚੁੱਕੇ ਹਨ, ਜੋ ਹੁਣ ਤਕ ਦੀ ਸਭ ਤੋਂ ਵੱਡੀ ਗਿਣਤੀ ਹੈ। ਪਿਛਲੇ ਸਾਲ 15 ਵਿਦਿਆਰਥੀਆਂ ਨੇ ਖੁਦਕੁਸ਼ੀ ਕਰ ਲਈ ਸੀ।
ਸ਼ਰਮਾ ਨੇ ਇਕ ਇੰਟਰਵਿਊ ’ਚ ਪੀ.ਟੀ.ਆਈ. ਨੂੰ ਦਸਿਆ, ‘‘ਜਦੋਂ ਮੈਂ ਕੋਚਿੰਗ ਸੰਸਥਾਵਾਂ ਦੇ ਵਿਦਿਆਰਥੀਆਂ ਦੀ ਕਾਊਂਸਲਿੰਗ ਕੀਤੀ ਤਾਂ ਮੈਨੂੰ ਅਹਿਸਾਸ ਹੋਇਆ ਕਿ ਇਸ ਵਿਸ਼ੇ ਦਾ ਕਦੇ ਵੀ ਡੂੰਘਾਈ ਨਾਲ ਅਧਿਐਨ ਨਹੀਂ ਕੀਤਾ ਗਿਆ ਸੀ। ਕਈ ਉਪਾਵਾਂ ਦੀ ਕੋਸ਼ਿਸ਼ ਕੀਤੀ ਗਈ ਹੈ, ਪਰ ਉਹ ਸਿਰਫ ਅਸਥਾਈ ਪ੍ਰਬੰਧ ਹਨ ਜੋ ਸਪੱਸ਼ਟ ਤੌਰ ’ਤੇ ਕੰਮ ਨਹੀਂ ਕਰ ਰਹੇ ਹਨ। ਮੈਂ ਇਸ ’ਤੇ ਖੋਜ ਕਰਨੀ ਸ਼ੁਰੂ ਕੀਤੀ ਅਤੇ ਮਹਿਸੂਸ ਕੀਤਾ ਕਿ ਇਸ ਵਿਸ਼ੇ ’ਤੇ ਕੁਝ ਪੇਪਰਾਂ ਨੂੰ ਛੱਡ ਕੇ ਕੋਈ ਪ੍ਰਕਾਸ਼ਤ ਸਮੱਗਰੀ ਨਹੀਂ ਹੈ ਅਤੇ ਇਸ ਲਈ ਮੈਂ ਇਸ ਵਿਸ਼ੇ ’ਤੇ ਪਹਿਲੀ ਪੀ.ਐੱਚ.ਡੀ. ਕਰਨ ਦਾ ਫੈਸਲਾ ਕੀਤਾ ਹੈ।’’
ਮਨੋਵਿਗਿਆਨੀ ਨੇ ਕਿਹਾ ਕਿ ਉਨ੍ਹਾਂ ਨੇ ਇਨ੍ਹਾਂ ਦੁਖਦਾਈ ਘਟਨਾਵਾਂ ਨੂੰ ਰੋਕਣ ਲਈ ਅਪਣੇ ਖੋਜ ਪੱਤਰ ’ਚ ਤਿੰਨ ਅਹਿਮ ਸਿਫ਼ਾਰਸ਼ਾਂ ਕੀਤੀਆਂ ਹਨ, ਜਿਨ੍ਹਾਂ ’ਚ ਕੋਚਿੰਗ ਦੇ ਸ਼ੁਰੂਆਤੀ ਮਹੀਨਿਆਂ ’ਚ ਰੈਂਕਿੰਗ ਸਿਸਟਮ ਨਾ ਹੋਣ ਦੀ ਸਿਫ਼ਾਰਸ਼ ਵੀ ਸ਼ਾਮਲ ਹੈ। ਉਨ੍ਹਾਂ ਇਹ ਵੀ ਸਿਫ਼ਾਰਸ਼ ਕੀਤੀ ਕਿ ਕੋਚਿੰਗ ਸੰਸਥਾਵਾਂ ਨੂੰ ਪੂਰੇ ਕੋਰਸ ਲਈ ਫੀਸ ਨਹੀਂ ਲੈਣੀ ਚਾਹੀਦੀ, ਸਗੋਂ ਤਿਮਾਹੀ ਆਧਾਰ ’ਤੇ ਲੈਣੀ ਚਾਹੀਦੀ ਹੈ। ਸ਼ਰਮਾ ਦੀ ਤੀਜੀ ਸਿਫਾਰਸ਼ ਹੈ ਕਿ ਵਿਦਿਆਰਥੀਆਂ ਨੂੰ ਉਨ੍ਹਾਂ ਦੇ ਅੰਕਾਂ ਅਨੁਸਾਰ ਵੱਖ-ਵੱਖ ਬੈਚਾਂ ’ਚ ਨਾ ਵੰਡਿਆ ਜਾਵੇ।