ਅਰਵਿੰਦ ਕੇਜਰੀਵਾਲ ਨੇ ਐਲਜੀ ਵਿਨੈ ਸਕਸੈਨਾ ਨੂੰ ਸੌਂਪਿਆ ਆਪਣਾ ਅਸਤੀਫ਼ਾ
Arvind Kejriwal Resignation : ਦਿੱਲੀ ਦੇ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਨੇ ਮੁੱਖ ਮੰਤਰੀ ਦੇ ਅਹੁਦੇ ਤੋਂ ਅਸਤੀਫ਼ਾ ਦੇ ਦਿੱਤਾ ਹੈ।ਅਰਵਿੰਦ ਕੇਜਰੀਵਾਲ ਨੇ ਮੰਗਲਵਾਰ ਸ਼ਾਮ ਕਰੀਬ 4.45 ਵਜੇ ਲੈਫਟੀਨੈਂਟ ਗਵਰਨਰ (ਐਲਜੀ) ਵਿਨੈ ਸਕਸੈਨਾ ਨੂੰ ਆਪਣਾ ਅਸਤੀਫ਼ਾ ਸੌਂਪ ਦਿੱਤਾ ਹੈ। ਉਨ੍ਹਾਂ ਦੇ ਨਾਲ ਆਤਿਸ਼ੀ ਸਮੇਤ ਸਾਰੇ ਮੰਤਰੀ ਮੌਜੂਦ ਸਨ।
ਅਰਵਿੰਦ ਕੇਜਰੀਵਾਲ ਦੇ ਮੁੱਖ ਮੰਤਰੀ ਦੇ ਅਹੁਦੇ ਤੋਂ ਅਸਤੀਫਾ ਦੇਣ ਤੋਂ ਬਾਅਦ 'ਆਪ' ਦੇ ਸਾਰੇ ਨੇਤਾ LG ਦਫਤਰ ਤੋਂ ਬਾਹਰ ਆ ਗਏ ਹਨ। ਬਾਹਰ ਆਉਂਦਿਆਂ ਗੋਪਾਲ ਰਾਏ ਨੇ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਕਿਹਾ, 'ਅਸੀਂ ਆਤਿਸ਼ੀ ਨੂੰ ਨਵਾਂ ਸੀਐਮ ਬਣਾਉਣ ਲਈ LG ਨੂੰ ਆਪਣਾ ਦਾਅਵਾ ਪੇਸ਼ ਕੀਤਾ ਹੈ। ਅਸੀਂ ਉਪ ਰਾਜਪਾਲ ਤੋਂ ਸਹੁੰ ਚੁੱਕਣ ਦੀ ਤਰੀਕ ਤੈਅ ਕਰਨ ਦੀ ਵੀ ਮੰਗ ਕੀਤੀ ਹੈ।
ਅਰਵਿੰਦ ਕੇਜਰੀਵਾਲ ਦੇ ਅਸਤੀਫੇ ਤੋਂ ਬਾਅਦ ਆਤਿਸ਼ੀ ਨੇ ਕਿਹਾ, ਭਾਜਪਾ ਨੇ ਸਾਡੇ ਸੀਐਮ 'ਤੇ ਝੂਠੇ ਇਲਜ਼ਾਮ ਲਾਏ ਹਨ। ਆਤਿਸ਼ੀ ਨੇ ਕੇਜਰੀਵਾਲ ਦੇ ਫੈਸਲੇ ਨੂੰ ਦੁਨੀਆ ਦੇ ਲੋਕਤੰਤਰਿਕ ਇਤਿਹਾਸ ਦਾ ਸਭ ਤੋਂ ਵੱਡਾ ਫੈਸਲਾ ਦੱਸਿਆ। ਭਾਜਪਾ 'ਤੇ ਨਿਸ਼ਾਨਾ ਸਾਧਦੇ ਹੋਏ ਆਤਿਸ਼ੀ ਨੇ ਕਿਹਾ, 'ਉਨ੍ਹਾਂ ਨੇ ਅਰਵਿੰਦ ਕੇਜਰੀਵਾਲ ਦੇ ਪਿੱਛੇ ਸਾਰੀਆਂ ਏਜੰਸੀਆਂ ਲਗਾ ਦਿੱਤੀਆਂ ਹਨ। ਉਹ ਕਰੀਬ 6 ਮਹੀਨੇ ਤੱਕ ਜੇਲ੍ਹ ਵਿੱਚ ਰਹੇ। ਜੇਕਰ ਅਰਵਿੰਦ ਕੇਜਰੀਵਾਲ ਦੀ ਥਾਂ ਕੋਈ ਹੋਰ ਹੁੰਦਾ ਤਾਂ ਉਹ ਤੁਰੰਤ ਮੁੱਖ ਮੰਤਰੀ ਦੀ ਕੁਰਸੀ 'ਤੇ ਬੈਠ ਜਾਂਦਾ। ਦਿੱਲੀ ਦੇ ਲੋਕ ਬਹੁਤ ਦੁਖੀ ਹਨ ਪਰ ਉਨ੍ਹਾਂ ਨੇ ਕੇਜਰੀਵਾਲ ਨੂੰ ਦੁਬਾਰਾ ਮੁੱਖ ਮੰਤਰੀ ਬਣਾਉਣ ਦਾ ਪ੍ਰਣ ਲਿਆ ਹੈ।
ਇਸ ਤੋਂ ਪਹਿਲਾਂ ਆਤਿਸ਼ੀ ਮਾਰਲੇਨਾ ਨੂੰ ਦਿੱਲੀ ਦੀ ਮੁੱਖ ਮੰਤਰੀ ਬਣਾਉਣ ਦਾ ਐਲਾਨ ਕੀਤਾ ਗਿਆ ਸੀ। ਅਰਵਿੰਦ ਕੇਜਰੀਵਾਲ ਨੇ ਮੰਗਲਵਾਰ ਨੂੰ ਆਮ ਆਦਮੀ ਪਾਰਟੀ (ਆਪ) ਵਿਧਾਇਕ ਦਲ ਦੀ ਬੈਠਕ ਵਿੱਚ ਉਨ੍ਹਾਂ ਦੇ ਨਾਮ ਦਾ ਪ੍ਰਸਤਾਵ ਰੱਖਿਆ। ਵਿਧਾਇਕਾਂ ਨੇ ਇਸ 'ਤੇ ਸਹਿਮਤੀ ਜਤਾਈ।
ਦੱਸ ਦੇਈਏ ਕਿ ਸ਼ਰਾਬ ਨੀਤੀ ਮਾਮਲੇ ਵਿੱਚ ਸੁਪਰੀਮ ਕੋਰਟ ਤੋਂ ਜ਼ਮਾਨਤ ਮਿਲਣ ਤੋਂ ਬਾਅਦ ਕੇਜਰੀਵਾਲ ਨੇ ਕਿਹਾ ਸੀ ਕਿ ਮੈਂ ਦੋ ਦਿਨਾਂ ਬਾਅਦ ਆਪਣੇ ਅਹੁਦੇ ਤੋਂ ਅਸਤੀਫਾ ਦੇਵਾਂਗਾ ਅਤੇ ਇਸ ਕੁਰਸੀ 'ਤੇ ਉਦੋਂ ਤੱਕ ਨਹੀਂ ਬੈਠਾਂਗਾ ਜਦੋਂ ਤੱਕ ਲੋਕ ਖੁਦ ਮੈਨੂੰ ਇਸ 'ਤੇ ਨਹੀਂ ਬਿਠਾ ਦਿੰਦੇ। ਉਨ੍ਹਾਂ ਕਿਹਾ ਸੀ, 'ਹੁਣ ਜਨਤਾ ਤੈਅ ਕਰੇ ਕਿ ਮੈਂ ਇਮਾਨਦਾਰ ਹਾਂ ਜਾਂ ਬੇਈਮਾਨ।