ਕਵਾਡ ਸਿਖਰ ਸੰਮੇਲਨ ਦੀ ਬੈਠਕ ਵਿਚ ਹਿੱਸਾ ਲੈਣਗੇ
ਨਵੀਂ ਦਿੱਲੀ : ਪ੍ਰਧਾਨ ਮੰਤਰੀ ਨਰਿੰਦਰ ਮੋਦੀ ਸਾਲਾਨਾ ‘ਕਵਾਡ’ ਸਿਖਰ ਸੰਮੇਲਨ ’ਚ ਹਿੱਸਾ ਲੈਣ ਅਤੇ ਸੰਯੁਕਤ ਰਾਸ਼ਟਰ ਮਹਾਸਭਾ ’ਚ ‘ਸੁਮਿਟ ਆਫ਼ ਫ਼ਿਊਚਰ’ ਨੂੰ ਸੰਬੋਧਨ ਕਰਨ ਲਈ 21 ਸਤੰਬਰ ਤੋਂ ਅਮਰੀਕਾ ਦੀ ਤਿੰਨ ਦਿਨਾਂ ਯਾਤਰਾ ’ਤੇ ਜਾਣਗੇ। ਵਿਦੇਸ਼ ਮੰਤਰਾਲੇ ਨੇ ਮੰਗਲਵਾਰ ਨੂੰ ਕਿਹਾ ਕਿ ਮੋਦੀ 22 ਸਤੰਬਰ ਨੂੰ ਨਿਊਯਾਰਕ ’ਚ ਭਾਰਤੀ ਭਾਈਚਾਰੇ ਨੂੰ ਵੀ ਸੰਬੋਧਨ ਕਰਨਗੇ।
ਪ੍ਰਧਾਨ ਮੰਤਰੀ ਦੀ ਯਾਤਰਾ ਦਾ ਐਲਾਨ ਕਰਦਿਆਂ ਵਿਦੇਸ਼ ਮੰਤਰਾਲੇ ਨੇ ਕਿਹਾ ਕਿ ਮੋਦੀ 21 ਸਤੰਬਰ ਨੂੰ ਡੇਲਾਵੇਅਰ ਦੇ ਵਿਲਮਿੰਗਟਨ ’ਚ ਅਮਰੀਕੀ ਰਾਸ਼ਟਰਪਤੀ ਜੋ ਬਾਈਡਨ ਵਲੋਂ ਸੱਦੇ ‘ਕਵਾਡ ਲੀਡਰਜ਼ ਸਮਿਟ’ ’ਚ ਹਿੱਸਾ ਲੈਣਗੇ। ਇਸ ’ਚ ਆਸਟਰੇਲੀਆ ਦੇ ਪ੍ਰਧਾਨ ਮੰਤਰੀ ਐਂਥਨੀ ਅਲਬਾਨੀਜ਼ ਅਤੇ ਉਨ੍ਹਾਂ ਦੇ ਜਾਪਾਨੀ ਹਮਰੁਤਬਾ ਫੂਮਿਓ ਕਿਸ਼ੀਦਾ ਵੀ ਸ਼ਾਮਲ ਹੋਣਗੇ।
ਇਸ ਸਾਲ ਕਵਾਡ ਸਿਖਰ ਸੰਮੇਲਨ ਦੀ ਮੇਜ਼ਬਾਨੀ ਕਰਨ ਦੀ ਵਾਰੀ ਭਾਰਤ ਦੀ ਸੀ। ਪਰ ਵਾਸ਼ਿੰਗਟਨ ਦੀ ਬੇਨਤੀ ਤੋਂ ਬਾਅਦ ਭਾਰਤ ਅਗਲੇ ਸਾਲ ਸਿਖਰ ਸੰਮੇਲਨ ਦੀ ਮੇਜ਼ਬਾਨੀ ਕਰਨ ਲਈ ਸਹਿਮਤ ਹੋ ਗਿਆ। ਵਿਦੇਸ਼ ਮੰਤਰਾਲੇ ਨੇ ਕਿਹਾ ਕਿ ਕਵਾਡ ਸਿਖਰ ਸੰਮੇਲਨ ’ਚ ਨੇਤਾ ਪਿਛਲੇ ਇਕ ਸਾਲ ’ਚ ਕਵਾਡ ਵਲੋਂ ਹਾਸਲ ਕੀਤੀ ਪ੍ਰਗਤੀ ਦੀ ਸਮੀਖਿਆ ਕਰਨਗੇ ਅਤੇ ਹਿੰਦ-ਪ੍ਰਸ਼ਾਂਤ ਖੇਤਰ ਦੇ ਦੇਸ਼ਾਂ ਲਈ ਸਹਿਯੋਗ ਦਾ ਏਜੰਡਾ ਤੈਅ ਕਰਨਗੇ ਤਾਂ ਜੋ ਉਨ੍ਹਾਂ ਦੇ ਵਿਕਾਸ ਟੀਚਿਆਂ ਅਤੇ ਇੱਛਾਵਾਂ ਨੂੰ ਪੂਰਾ ਕੀਤਾ ਜਾ ਸਕੇ।
ਵਿਦੇਸ਼ ਮੰਤਰਾਲੇ ਨੇ ਕਿਹਾ ਕਿ ਪ੍ਰਧਾਨ ਮੰਤਰੀ ਮੋਦੀ 23 ਸਤੰਬਰ ਨੂੰ ਨਿਊਯਾਰਕ ’ਚ ਸੰਯੁਕਤ ਰਾਸ਼ਟਰ ਮਹਾਸਭਾ ’ਚ ‘ਸੁਮਿਟ ਆਫ਼ ਦ ਫ਼ਿਊਚਰ’ ਨੂੰ ਸੰਬੋਧਨ ਕਰਨਗੇ। ਸੰਯੁਕਤ ਰਾਸ਼ਟਰ ਅਨੁਸਾਰ, ਵੱਖ-ਵੱਖ ਦੇਸ਼ਾਂ ਦੇ ਨੇਤਾ ਇਕੱਠੇ ਹੋਣਗੇ ਅਤੇ ਵਰਤਮਾਨ ਨੂੰ ਬਿਹਤਰ ਅਤੇ ਭਵਿੱਖ ਨੂੰ ਸੁਰੱਖਿਅਤ ਬਣਾਉਣ ਲਈ ਇਕ ਨਵੀਂ ਕੌਮਾਂਤਰੀ ਸਹਿਮਤੀ ਬਣਾਉਣਗੇ।
ਵਿਦੇਸ਼ ਮੰਤਰਾਲੇ ਨੇ ਕਿਹਾ ਕਿ ਪ੍ਰਧਾਨ ਮੰਤਰੀ ਵਿਸ਼ਵ ਦੇ ਕਈ ਨੇਤਾਵਾਂ ਨਾਲ ਦੁਵਲੀਆਂ ਬੈਠਕਾਂ ਕਰਨਗੇ ਅਤੇ ਆਪਸੀ ਹਿੱਤਾਂ ਦੇ ਮੁੱਦਿਆਂ ’ਤੇ ਚਰਚਾ ਕਰਨਗੇ। ਮੰਤਰਾਲੇ ਨੇ ਕਿਹਾ ਕਿ ਭਾਰਤ 2025 ’ਚ ਕਵਾਡ ਸਿਖਰ ਸੰਮੇਲਨ ਦੀ ਮੇਜ਼ਬਾਨੀ ਕਰੇਗਾ। ਵਿਦੇਸ਼ ਮੰਤਰਾਲੇ ਨੇ ਕਿਹਾ ਕਿ ਅਮਰੀਕਾ ਦੀ ਬੇਨਤੀ ਤੋਂ ਬਾਅਦ ਭਾਰਤ 2025 ’ਚ ਅਗਲੇ ਕਵਾਡ ਸਿਖਰ ਸੰਮੇਲਨ ਦੀ ਮੇਜ਼ਬਾਨੀ ਕਰਨ ਲਈ ਸਹਿਮਤ ਹੋ ਗਿਆ ਹੈ।
ਨਿਊਯਾਰਕ ’ਚ ਮੋਦੀ ਦੋਹਾਂ ਦੇਸ਼ਾਂ ਦਰਮਿਆਨ ਸਹਿਯੋਗ ਵਧਾਉਣ ਲਈ ਪ੍ਰਮੁੱਖ ਅਮਰੀਕੀ ਕੰਪਨੀਆਂ ਦੇ ਮੁੱਖ ਕਾਰਜਕਾਰੀ ਅਧਿਕਾਰੀਆਂ ਨਾਲ ਵੀ ਗੱਲਬਾਤ ਕਰਨਗੇ।
ਵਿਦੇਸ਼ ਮੰਤਰਾਲੇ ਨੇ ਇਕ ਬਿਆਨ ਵਿਚ ਕਿਹਾ ਕਿ ਪ੍ਰਧਾਨ ਮੰਤਰੀ ਏਆਈ (ਆਰਟੀਫਿਸ਼ੀਅਲ ਇੰਟੈਲੀਜੈਂਸ), ਕੁਆਂਟਮ ਕੰਪਿਊਟਿੰਗ, ਸੈਮੀਕੰਡਕਟਰ ਅਤੇ ਬਾਇਓਟੈਕਨਾਲੋਜੀ ਦੇ ਅਤਿ ਆਧੁਨਿਕ ਖੇਤਰਾਂ ਵਿਚ ਦੋਹਾਂ ਦੇਸ਼ਾਂ ਵਿਚਾਲੇ ਵਧੇਰੇ ਸਹਿਯੋਗ ਨੂੰ ਉਤਸ਼ਾਹਤ ਕਰਨ ਲਈ ਪ੍ਰਮੁੱਖ ਅਮਰੀਕੀ ਕੰਪਨੀਆਂ ਦੇ ਮੁੱਖ ਕਾਰਜਕਾਰੀ ਅਧਿਕਾਰੀਆਂ ਨਾਲ ਵੀ ਗੱਲਬਾਤ ਕਰਨਗੇ। ਬਿਆਨ ਵਿਚ ਕਿਹਾ ਗਿਆ ਹੈ ਕਿ ਮੋਦੀ ਭਾਰਤ-ਅਮਰੀਕਾ ਦੁਵਲੇ ਦ੍ਰਿਸ਼ ’ਤੇ ਮਾਹਰਾਂ ਅਤੇ ਹੋਰ ਸਰਗਰਮ ਹਿੱਸੇਦਾਰਾਂ ਨਾਲ ਵੀ ਗੱਲਬਾਤ ਕਰਨਗੇ।
ਮੋਦੀ ਦੀ ਯਾਤਰਾ ਤੋਂ ਪਹਿਲਾਂ ਨਿਊਯਾਰਕ ਦੇ ਸਵਾਮੀ ਨਾਰਾਇਣ ਮੰਦਰ ਦੀ ਬੇਹੁਰਮਤੀ
ਨਿਊਯਾਰਕ : ਅਮਰੀਕਾ ਦੇ ਨਿਊਯਾਰਕ ’ਚ ਸਵਾਮੀ ਨਰਾਇਣ ਮੰਦਰ ਨੂੰ ਨਿਸ਼ਾਨਾ ਬਣਾ ਕੇ ‘ਭੰਨਤੋੜ ਦਾ ਮਾਮਲਾ’ ਸਾਹਮਣੇ ਆਇਆ ਹੈ। ਨਿਊਯਾਰਕ ਦੇ ਮੇਲਵਿਲ ਸਥਿਤ ਸਵਾਮੀ ਨਰਾਇਣ ਮੰਦਰ ਦੇ ਬਾਹਰ ਸਾਈਨ ਬੋਰਡ ’ਤੇ ਸਪਰੇਅ ਪੇਂਟ ਨਾਲ ਇਤਰਾਜ਼ਯੋਗ ਸ਼ਬਦ ਲਿਖੇ ਗਏ ਹਨ। ਭਾਰਤ ਨੇ ਇਸ ਘਟਨਾ ਦੀ ਸਖ਼ਤ ਨਿੰਦਾ ਕੀਤੀ ਹੈ ਅਤੇ ਆਪਣਾ ਰੋਸ ਪ੍ਰਗਟ ਕੀਤਾ ਹੈ ਅਤੇ ਇਸ ਮਾਮਲੇ ਵਿਚ ਤੁਰਤ ਕਾਰਵਾਈ ਲਈ ਕਾਨੂੰਨ ਲਾਗੂ ਕਰਨ ਵਾਲੀਆਂ ਏਜੰਸੀਆਂ ਦੇ ਅਧਿਕਾਰੀਆਂ ਕੋਲ ਉਠਾਇਆ ਹੈ। ਨਿਊਯਾਰਕ ਸਥਿਤ ਭਾਰਤੀ ਵਣਜ ਦੂਤਘਰ ਨੇ ਮੰਦਰ ’ਚ ‘‘ਭੰਨਤੋੜ ਦੀ ਘਟਨਾ ਨੂੰ ਘਿਨਾਉਣੀ ਕਾਰਵਾਈ’’ (ਇਸ ਨੂੰ ‘ਭੰਨਤੋੜ’ ਹੀ ਆਖਿਆ ਜਾ ਰਿਹਾ ਹੈ) ਦਸਦਿਆਂ ਕਿਹਾ ਹੈ ਕਿ ਇਹ ਘਟਨਾ ਬਰਦਾਸ਼ਤਯੋਗ ਨਹੀਂ ਹੈ।
ਨਿਊਯਾਰਕ ਵਿਚ ਭਾਰਤੀ ਵਣਜ ਦੂਤਘਰ ਨੇ ‘ਐਕਸ’ ’ਤੇ ਇੱਕ ਪੋਸਟ ’ਚ ਕਿਹਾ,‘ਨਿਊਯਾਰਕ ਦੇ ਮੇਲਵਿਲ ’ਚ ਬੀਏਪੀਐਸ ਸਵਾਮੀਨਾਰਾਇਣ ਮੰਦਿਰ ਦੇ ਨੇੜੇ ਸਾਈਨੇਜ ਨੂੰ ਵਿਗਾੜਨ ਦੀ ਘਟਨਾ ਅਸਵੀਕਾਰਨਯੋਗ ਹੈ। ਪੋਸਟ ਵਿਚ ਕਿਹਾ ਗਿਆ ਹੈ ਕਿ ਕੌਂਸਲੇਟ ‘ਕਮਿਊਨਿਟੀ ਦੇ ਸੰਪਰਕ ਵਿੱਚ ਹੈ ਅਤੇ ਇਸ ਘਿਨਾਉਣੇ ਕਾਰੇ ਦੇ ਦੋਸ਼ੀਆਂ ਵਿਰੁੱਧ ਤੁਰੰਤ ਕਾਰਵਾਈ ਲਈ ਮਾਮਲਾ ਕਾਨੂੰਨ ਲਾਗੂ ਕਰਨ ਵਾਲੀਆਂ ਏਜੰਸੀਆਂ ਦੇ ਅਧਿਕਾਰੀਆਂ ਕੋਲ ਉਠਾਇਆ ਗਿਆ ਹੈ।’
ਮੇਲਵਿਲ ਸਫੋਕ ਕਾਉਂਟੀ, ਲੌਂਗ ਆਈਲੈਂਡ ’ਚ ਸਥਿਤ ਹੈ ਅਤੇ ਨਸਾਓ ਵੈਟਰਨਜ਼ ਮੈਮੋਰੀਅਲ ਕੋਲੀਜੀਅਮ ਤੋਂ ਲਗਭਗ 28 ਕਿਲੋਮੀਟਰ ਦੀ ਦੂਰੀ ’ਤੇ ਹੈ, ਜਿੱਥੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਆਉਂਦੀ 22 ਸਤੰਬਰ ਨੂੰ ਇੱਕ ਭਾਈਚਾਰਕ ਸਮਾਗਮ ਨੂੰ ਸੰਬੋਧਨ ਕਰਨ ਵਾਲੇ ਹਨ। ਸੋਸ਼ਲ ਮੀਡੀਆ ’ਤੇ ਸਾਹਮਣੇ ਆਈ ਫ਼ੁਟੇਜ ਮੁਤਾਬਕ ਮੰਦਰ ਦੇ ਬਾਹਰ ਸੜਕ ’ਤੇ ਸਪਰੇਅ ਪੇਂਟ ਨਾਲ ਇਤਰਾਜ਼ਯੋਗ ਸ਼ਬਦ ਲਿਖੇ ਗਏ ਸਨ। ਹਿੰਦੂ ਅਮਰੀਕਨ ਫਾਊਂਡੇਸ਼ਨ ਨੇ ‘ਐਕਸ’ ’ਤੇ ਇਕ ਪੋਸਟ ਵਿਚ ਕਿਹਾ ਕਿ ਨਿਆਂ ਵਿਭਾਗ ਅਤੇ ਹੋਮਲੈਂਡ ਸੁਰੱਖਿਆ ਵਿਭਾਗ ਨੂੰ ਇਸ ਘਟਨਾ ਦੀ ਜਾਂਚ ਕਰਨੀ ਚਾਹੀਦੀ ਹੈ।