ਫ਼ਿਰਕੂ ਨਫ਼ਰਤ ਫੈਲਾਉਣ ਦੇ ਦੋਸ਼ 'ਚ ਕੰਗਨਾ ਰਣੌਤ ਅਤੇ ਉਸਦੀ ਭੈਣ ਵਿਰੁਧ ਐਫ਼.ਆਈ.ਆਰ ਦਰਜ
ਮੁੰਬਈ, 17 ਅਕਤੂਬਰ : ਬਾਲੀਵੁੱਡ ਅਦਾਕਾਰਾ ਕੰਗਨਾ ਰਨੌਤ ਅਤੇ ਉਸ ਦੀ ਭੈਣ ਰੰਗੋਲੀ ਚੰਦੇਲ ਵਿਰੁਧ ਮੁੰਬਈ ਦੀ ਬਾਂਦਰਾ ਕੋਰਟ ਨੇ ਐੱਫ. ਆਈ. ਆਰ. ਦਰਜ ਕਰਨ ਦਾ ਆਦੇਸ਼ ਦਿਤਾ ਹੈ। ਕੰਗਨਾ ਰਨੌਤ ਤੇ ਉਸ ਦੀ ਭੈਣ 'ਤੇ ਫਿਰਕੂ ਨਫ਼ਰਤ ਫੈਲਾਉਣ ਦਾ ਦੋਸ਼ ਹੈ, ਜਿਸ ਕਾਰਨ ਉਸ ਦੇ ਖ਼ਿਲਾਫ਼ ਐੱਫ. ਆਈ. ਆਰ. ਦਰਜ ਕਰਨ ਲਈ ਕਿਹਾ ਹੈ। ਮੁਹੰਮਦ ਸਾਹਿਲ ਅਸ਼ਰਫ ਅਲੀ ਸਯਯਾ ਨਾਂ ਦੇ ਇਕ ਵਿਅਕਤੀ ਨੇ ਮੁੰਬਈ ਦੀ ਬਾਂਦਰਾ ਅਦਾਲਤ ਵਿਚ ਕੰਗਨਾ ਦੇ ਖ਼ਿਲਾਫ਼ ਪਟੀਸ਼ਨ ਦਾਇਰ ਕੀਤੀ ਸੀ, ਜਿਸ ਵਿਚ ਕਿਹਾ ਗਿਆ ਸੀ ਕਿ ਕੰਗਨਾ ਰਣੌਤ ਅਪਣੇ ਟਵੀਟ ਰਾਹੀਂ ਬਾਲੀਵੁੱਡ ਵਿਚ ਹਿੰਦੂ-ਮੁਸਲਿਮ ਭਾਈਚਾਰੇ ਵਿਚ ਝਗੜਾ ਪੈਦਾ ਕਰਨ ਦੀ ਕੋਸ਼ਿਸ਼ ਕਰ ਰਹੀ ਹੈ।
ਉਸ ਦਾ ਕਹਿੰਦਾ ਹੈ ਕਿ ਕੰਗਨਾ ਦੋਵਾਂ ਭਾਈਚਾਰਿਆਂ ਦਰਮਿਆਨ ਨਫ਼ਰਤ ਵਧਾ ਰਹੀ ਹੈ। ਅਜਿਹੀ ਸਥਿਤੀ ਵਿਚ ਕੰਗਨਾ 'ਤੇ ਫਿਰਕਾਪ੍ਰਸਤੀ ਨੂੰ ਉਤਸ਼ਾਹਤ ਕਰਨ ਦਾ ਇਲਜ਼ਾਮ ਹੈ, ਜਿਸ ਕਾਰਨ ਬਾਂਦਰਾ ਅਦਾਲਤ ਵਲੋਂ ਕੰਗਨਾ ਖ਼ਿਲਾਫ਼ ਐੱਫ. ਆਈ. ਆਰ. ਦਰਜ ਕਰਨ ਦੇ ਆਦੇਸ਼ ਦਿਤੇ ਗਏ ਹਨ। (ਪੀਟੀਆਈ)