
ਬੈਂਕ ਦੀ ਮਹਿਲਾ ਮੈਨੇਜਰ ਪੂਨਮ ਗੁਪਤਾ ਅਤੇ ਹੋਰ ਬੈਂਕ ਮੁਲਾਜ਼ਮਾਂ ਦੀ ਹਿੰਮਤ ਅਤੇ ਹੌਸਲੇ ਅੱਗੇ ਇਹ ਇਹ ਬਦਮਾਸ਼ ਟਿਕ ਨਹੀਂ ਸਕਿਆ।
ਸ਼੍ਰੀਗੰਗਾਨਗਰ: ਰਾਜਸਥਾਨ ਦੇ ਸਰਹੱਦੀ ਜ਼ਿਲ੍ਹੇ ਸ਼੍ਰੀਗੰਗਾਨਗਰ 'ਚ ਸ਼ਨੀਵਾਰ ਤੋਂ ਬੈਂਕ ਲੁੱਟ ਦੀ ਇਕ ਘਟਨਾ ਚਰਚਾ 'ਚ ਹੈ। ਇੱਥੋਂ ਦੇ ਜਵਾਹਰ ਨਗਰ ਥਾਣਾ ਖੇਤਰ ਵਿਚ ਸਥਿਤ ਰਾਜਸਥਾਨ ਮਰੁਧਰਾ ਗ੍ਰਾਮੀਣ ਬੈਂਕ ਵਿਚ ਬੀਤੀ ਦੇਰ ਸ਼ਾਮ ਬਦਮਾਸ ਨੇ ਚਾਕੂ ਦੀ ਨੋਕ ’ਤੇ ਬੈਂਕ ਨੂੰ ਲੁੱਟਣ ਦੀ ਕੋਸ਼ਿਸ਼ ਕੀਤੀ ਪਰ ਉਸ ਦੇ ਨਾਪਾਕ ਇਰਾਦਿਆਂ ’ਤੇ ਬੈਂਕ ਦੇ ਮੈਨੇਜਰ ਨੇ ਪਾਣੀ ਫੇਰ ਦਿੱਤਾ। ਬੈਂਕ ਦੀ ਮਹਿਲਾ ਮੈਨੇਜਰ ਪੂਨਮ ਗੁਪਤਾ ਅਤੇ ਹੋਰ ਬੈਂਕ ਮੁਲਾਜ਼ਮਾਂ ਦੀ ਹਿੰਮਤ ਅਤੇ ਹੌਸਲੇ ਅੱਗੇ ਇਹ ਇਹ ਬਦਮਾਸ਼ ਟਿਕ ਨਹੀਂ ਸਕਿਆ।
ਲੁੱਟ ਦੀ ਵਾਰਦਾਤ ਨੂੰ ਅੰਜਾਮ ਦੇਣ ਆਏ ਬਦਮਾਸ਼ ਨੂੰ ਪੁਲਿਸ ਦੇ ਆਉਣ ਤੋਂ ਪਹਿਲਾਂ ਹੀ ਬੈਂਕ ਦੀ ਮਹਿਲਾ ਮੈਨੇਜਰ ਪੂਨਮ ਗੁਪਤਾ ਅਤੇ ਹੋਰ ਬੈਂਕ ਕਰਮਚਾਰੀਆਂ ਨੇ ਦਬੋਚ ਲਿਆ। ਦੋਸ਼ੀ ਬਦਮਾਸ਼ ਦੀ ਪਛਾਣ ਕਰ ਲਈ ਗਈ ਹੈ। ਸ਼੍ਰੀਗੰਗਾਨਗਰ ਦੀ ਦਾਵੜਾ ਕਾਲੋਨੀ ਦਾ ਰਹਿਣ ਵਾਲਾ 29 ਸਾਲਾ ਲਵਿਸ਼ ਉਰਫ ਟਿਸ਼ੂ ਅਰੋੜਾ ਬੀਤੀ ਦੇਰ ਸ਼ਾਮ ਚਾਕੂ ਦੀ ਨੋਕ 'ਤੇ ਬੈਂਕ ਲੁੱਟਣ ਦੇ ਇਰਾਦੇ ਨਾਲ ਮਾਸਕ ਪਹਿਨ ਕੇ ਬੈਂਕ 'ਚ ਦਾਖਲ ਹੋਇਆ ਸੀ। ਉਸ ਨੇ ਚਾਕੂ ਦੀ ਨੋਕ 'ਤੇ ਬੈਂਕ ਮੁਲਾਜ਼ਮਾਂ ਨੂੰ ਬੰਧਕ ਬਣਾਉਣ ਦੀ ਕੋਸ਼ਿਸ਼ ਕੀਤੀ ਪਰ ਸਫ਼ਲਤਾ ਨਹੀਂ ਮਿਲੀ।
ਦੱਸਿਆ ਜਾ ਰਿਹਾ ਹੈ ਕਿ ਘਟਨਾ ਦੌਰਾਨ ਬਦਮਾਸ਼ ਚਾਕੂ ਦੀ ਨੋਕ 'ਤੇ ਬੈਂਕ ਕਰਮਚਾਰੀਆਂ ਦੇ ਮੋਬਾਈਲ ਖੋਹ ਰਿਹਾ ਸੀ। ਇਸੇ ਦੌਰਾਨ ਬੈਂਕ ਦੀ ਬ੍ਰਾਂਚ ਮੈਨੇਜਰ ਪੂਨਮ ਗੁਪਤਾ ਨੇ ਡਰਾਅ ਵਿਚੋਂ ਕੈਂਚੀ ਕੱਢ ਲਈ ਅਤੇ ਬਦਮਾਸ਼ ਨਾਲ ਭਿੜ ਗਈ। ਮਹਿਲਾ ਮੈਨੇਜਰ ਦੀ ਹਿੰਮਤ ਦੇਖ ਕੇ ਬੈਂਕ ਦੇ ਹੋਰ ਮੁਲਾਜ਼ਮਾਂ ਨੇ ਵੀ ਹਿੰਮਤ ਦਿਖਾਈ। ਇਸ ਤੋਂ ਬਾਅਦ ਕੁਝ ਹੀ ਸਕਿੰਟਾਂ 'ਚ ਬਦਮਾਸ਼ ਨੂੰ ਫੜ ਲਿਆ ਗਿਆ।
ਬੈਂਕ ਲੁੱਟਣ ਦੀ ਅਸਫਲ ਕੋਸ਼ਿਸ਼ ਦੀ ਸੀਸੀਟੀਵੀ ਫੁਟੇਜ ਸਾਹਮਣੇ ਆਈ ਹੈ, ਜਿਸ ਵਿਚ ਦੇਖਿਆ ਜਾ ਸਕਦਾ ਹੈ ਕਿ ਬਦਮਾਸ਼ ਆਪਣੇ ਨਾਲ ਇੱਕ ਬੈਗ ਅਤੇ ਇੱਕ ਵੱਡਾ ਚਾਕੂ ਲੈ ਕੇ ਆਇਆ ਸੀ। ਇਸ ਦੇ ਨਾਲ ਹੀ ਉਸ ਨੇ ਆਪਣੇ ਚਿਹਰੇ ਨੂੰ ਕੱਪੜੇ ਨਾਲ ਪੂਰੀ ਤਰ੍ਹਾਂ ਢੱਕ ਲਿਆ ਸੀ। ਬੈਂਕ ਵਿਚ ਦਾਖਲ ਹੁੰਦੇ ਹੀ ਉਸ ਨੇ ਉੱਥੇ ਮੌਜੂਦ ਸਾਰੇ ਮੁਲਾਜ਼ਮਾਂ ਨੂੰ ਚਾਕੂ ਨਾਲ ਧਮਕਾਇਆ ਅਤੇ ਲਾਬੀ ਵਿਚ ਇਕੱਠੇ ਹੋਣ ਲਈ ਕਿਹਾ।
ਇਸ ਦੌਰਾਨ ਜਦੋਂ ਉਹ ਬੈਂਕ ਮੁਲਾਜ਼ਮਾਂ ਤੋਂ ਮੋਬਾਈਲ ਖੋਹ ਰਿਹਾ ਸੀ। ਉਦੋਂ ਬੈਂਕ ਮੈਨੇਜਰ ਪੂਨਮ ਗੁਪਤਾ ਨੇ ਹਿੰਮਤ ਅਤੇ ਬਹਾਦਰੀ ਦਿਖਾਉਂਦੇ ਹੋਏ ਕੈਂਚੀ ਦੀ ਮਦਦ ਨਾਲ ਬਦਮਾਸ਼ ਦਾ ਮੁਕਾਬਲਾ ਕੀਤਾ। ਫਿਲਹਾਲ ਸ਼੍ਰੀਗੰਗਾਨਗਰ ਪੁਲਸ ਬਦਮਾਸ਼ ਤੋਂ ਪੁੱਛਗਿੱਛ ਕਰਨ 'ਚ ਲੱਗੀ ਹੋਈ ਹੈ। ਉਸ ਦੇ ਅਪਰਾਧਿਕ ਇਤਿਹਾਸ ਦੀ ਜਾਂਚ ਕੀਤੀ ਜਾ ਰਹੀ ਹੈ।