
ਕਿਹਾ, ''ਜਿਨ੍ਹਾਂ ਨੂੰ ਮਾਂ ਗੰਗਾ ਨੇ ਬੁਲਾਇਆ ਸੀ, ਉਨ੍ਹਾਂ ਨੇ ਮਾਂ ਗੰਗਾ ਨੂੰ ਵੀ ਨਹੀਂ ਬਖਸ਼ਿਆ"
ਨਵੀਂ ਦਿੱਲੀ: ਕਾਂਗਰਸ ਨੇ ਮੰਗਲਵਾਰ ਨੂੰ ਦਾਅਵਾ ਕੀਤਾ ਕਿ ਕੇਂਦਰ ਸਰਕਾਰ ਨੇ ਗੰਗਾ ਜਲ 'ਤੇ 18 ਫ਼ੀ ਸਦੀ ਜੀ.ਐਸ.ਟੀ. ਵਸੂਲਣਾ ਸ਼ੁਰੂ ਕਰ ਦਿਤਾ ਸੀ ਪਰ ਉਨ੍ਹਾਂ ਦੇ ਜ਼ਬਰਦਸਤ ਵਿਰੋਧ ਤੋਂ ਬਾਅਦ ਸਰਕਾਰ ਨੇ ਅਪਣਾ ਫੈਸਲਾ ਬਦਲ ਲਿਆ। ਪਾਰਟੀ ਦੀ ਬੁਲਾਰਾ ਅਤੇ ਕਾਂਗਰਸ ਦੇ ਸੋਸ਼ਲ ਮੀਡੀਆ ਵਿਭਾਗ ਦੀ ਮੁਖੀ ਸੁਪ੍ਰੀਆ ਸ਼੍ਰੀਨੇਤ ਨੇ ਇਲਜ਼ਾਮ ਲਾਇਆ ਕਿ ਸਰਕਾਰ ਨੇ ਝੂਠ ਬੋਲਿਆ ਕਿ ਗੰਗਾ ਜਲ 'ਤੇ ਕੋਈ ਜੀ.ਐਸ.ਟੀ. ਨਹੀਂ ਹੈ, ਜਦਕਿ 8 ਅਗਸਤ, 2023 ਅਤੇ 3 ਅਕਤੂਬਰ, 2023 ਨੂੰ ਸਰਕਾਰੀ ਆਦੇਸ਼ਾਂ ਰਾਹੀਂ ਜੀ.ਐਸ.ਟੀ. ਲਗਾਇਆ ਗਿਆ ਸੀ।
ਕਾਂਗਰਸ ਪ੍ਰਧਾਨ ਮਲਿਕਾਰਜੁਨ ਖੜਗੇ ਨੇ 12 ਅਕਤੂਬਰ ਨੂੰ ਦਾਅਵਾ ਕੀਤਾ ਸੀ ਕਿ ਕੇਂਦਰ ਸਰਕਾਰ ਨੇ ਗੰਗਾ ਜਲ 'ਤੇ 18 ਫ਼ੀ ਸਦੀ ਵਸਤੂ ਅਤੇ ਸੇਵਾ ਟੈਕਸ (ਜੀ.ਐਸ.ਟੀ.) ਲਗਾਇਆ ਹੈ, ਜੋ ਕਿ ਲੁੱਟ ਅਤੇ ਪਾਖੰਡ ਦਾ ਸਿਖਰ ਹੈ। ਇਸ ਤੋਂ ਬਾਅਦ ਸੀ.ਬੀ.ਆਈ.ਸੀ. ਨੇ ਇਸ ਦਾਅਵੇ ਨੂੰ ਰੱਦ ਕਰਦਿਆਂ ਕਿਹਾ ਕਿ ਗੰਗਾ ਜਲ 'ਤੇ ਕੋਈ ਜੀ.ਐਸ.ਟੀ. ਨਹੀਂ ਲੱਗਦਾ। ਸੁਪ੍ਰਿਆ ਸ਼੍ਰੀਨੇਤ ਨੇ ਪੱਤਰਕਾਰਾਂ ਨੂੰ ਕਿਹਾ, ''ਜਿਨ੍ਹਾਂ ਨੂੰ ਮਾਂ ਗੰਗਾ ਨੇ ਬੁਲਾਇਆ ਸੀ, ਉਨ੍ਹਾਂ ਨੇ ਮਾਂ ਗੰਗਾ ਨੂੰ ਵੀ ਨਹੀਂ ਬਖਸ਼ਿਆ। ਪਰ ਕਾਂਗਰਸ ਦੀ ਬਦੌਲਤ ਇਕ ਵਾਰ ਫਿਰ ਮੋਦੀ ਸਰਕਾਰ ਨੂੰ ਬੈਕਫੁੱਟ 'ਤੇ ਆਉਣਾ ਪਿਆ, ਅਪਣਾ ਫੈਸਲਾ ਵਾਪਸ ਲੈਣਾ ਪਿਆ ਅਤੇ ਅਪਣੀ ਗਲਤੀ ਸੁਧਾਰਨੀ ਪਈ।
ਉਨ੍ਹਾਂ ਅਨੁਸਾਰ, ਕੇਂਦਰ ਸਰਕਾਰ ਦੀ "ਗੰਗਾਜਲ ਆਪਕੇ ਦੁਆਰ ਯੋਜਨਾ" 2016 ਵਿਚ ਸ਼ੁਰੂ ਕੀਤੀ ਗਈ ਸੀ। ਡਾਕ ਵਿਭਾਗ ਵਲੋਂ ਗੰਗੋਤਰੀ ਦੇ ਗੰਗਾ ਜਲ ਦੀ 250 ਮਿਲੀਲੀਟਰ ਦੀ ਬੋਤਲ ਮੁਹੱਈਆ ਕਰਵਾਈ ਜਾ ਰਹੀ ਹੈ ਜਿਸ ਦੀ ਕੀਮਤ 30 ਰੁਪਏ ਹੈ, 18 ਫ਼ੀ ਸਦੀ ਜੀ.ਐਸ.ਟੀ. ਲਾਗੂ ਹੋਣ ਤੋਂ ਬਾਅਦ ਇਸ ਦੀ ਕੀਮਤ 35 ਰੁਪਏ ਹੋ ਗਈ ਹੈ। ਡਾਕ ਵਿਭਾਗ ਦੇ ਅਧਿਕਾਰੀਆਂ ਮੁਤਾਬਕ ਸਰਕਲ ਦੇਹਰਾਦੂਨ ਤੋਂ ਹੁਕਮ ਜਾਰੀ ਹੋਣ ਤੋਂ ਬਾਅਦ ਗੰਗਾ ਜਲ ਵਧੀ ਹੋਈ ਕੀਮਤ 'ਤੇ ਉਪਲਬਧ ਕਰਵਾਇਆ ਜਾ ਰਿਹਾ ਹੈ।
ਭਾਰਤੀ ਡਾਕ ਵਿਭਾਗ ਵਲੋਂ 18 ਅਗਸਤ ਨੂੰ ਕੀਤਾ ਗਿਆ ਇਕ ਟਵੀਟ ਸਾਂਝਾ ਕਰਦੇ ਹੋਏ, ਉਨ੍ਹਾਂ ਦਾਅਵਾ ਕੀਤਾ ਕਿ 8 ਅਗਸਤ 2023 ਅਤੇ 3 ਅਕਤੂਬਰ, 2023 ਨੂੰ ਸਰਕਾਰ ਨੇ ਗੰਗਾ ਜਲ 'ਤੇ 18 ਫ਼ੀ ਸਦੀ ਜੀ.ਐਸ.ਟੀ. ਲਗਾਉਣ ਦੇ ਆਦੇਸ਼ ਜਾਰੀ ਕੀਤੇ ਸਨ। ਸੁਪ੍ਰੀਆ ਨੇ ਕਿਹਾ, ''ਭਾਜਪਾ ਵਾਲਿਆਂ ਨੇ ਪਹਿਲਾਂ ਇਹ ਗਲਤ ਧਾਰਨਾ ਫੈਲਾਈ ਕਿ ਇਹ ਗਲਤ ਹੈ, ਫਿਰ ਹੌਲੀ-ਹੌਲੀ ਭਾਰਤੀ ਡਾਕ ਵਿਭਾਗ ਦੀ ਵੈੱਬਸਾਈਟ ਤੋਂ 18 ਫ਼ੀ ਸਦੀ ਜੀ.ਐਸ.ਟੀ. ਹਟਾ ਦਿਤਾ ਪਰ ਸੱਚ ਕਿਥੇ ਛੁਪਦਾ ਹੈ? ਜੀ.ਐਸ.ਟੀ. ਅਥਾਰਟੀ ਦੇ ਹੁਕਮਾਂ ਵਿਚ ਕਿਹਾ ਗਿਆ ਹੈ ਕਿ 8 ਅਗਸਤ ਅਤੇ 3 ਅਕਤੂਬਰ ਦੇ ਹੁਕਮ ਰੱਦ ਹਨ ਅਤੇ ਗੰਗਾ ਜਲ 'ਤੇ ਕੋਈ ਜੀ.ਐਸ.ਟੀ. ਨਹੀਂ ਲੱਗੇਗਾ”।