
ਸਿੱਖਾਂ ਦੀ ਦੇਸ਼ ’ਚ ਹਾਲਤ ਬਾਰੇ ਕੀਤੀਆਂ ਟਿਪਣੀਆਂ ਕਾਰਨ ਨਾਗੇਸ਼ਵਰ ਮਿਸ਼ਰਾ ਨੇ ਦਾਇਰ ਕੀਤੀ ਸੀ ਪਟੀਸ਼ਨ
ਵਾਰਾਣਸੀ : ਵਾਰਾਣਸੀ ਦੀ ਇਕ ਅਦਾਲਤ ਨੇ ਕਾਂਗਰਸ ਆਗੂ ਰਾਹੁਲ ਗਾਂਧੀ ਵਿਰੁਧ ਦਾਇਰ ਪਟੀਸ਼ਨ ਖਾਰਜ ਕਰ ਦਿਤੀ ਹੈ। ਰਾਹੁਲ ਵਿਰੁਧ ਪਟੀਸ਼ਨ ਸਿੱਖਾਂ ਦੀ ਦੇਸ਼ ’ਚ ਹਾਲਤ ਬਾਰੇ ਕੀਤੀਆਂ ਟਿਪਣੀਆਂ ਲਈ ਦਾਇਰ ਕੀਤੀ ਗਈ ਸੀ।
ਐਡੀਸ਼ਨਲ ਚੀਫ ਜੁਡੀਸ਼ੀਅਲ ਮੈਜਿਸਟਰੇਟ (ਐਮ.ਪੀ./ਐਮ.ਐਲ.ਏ. ਕੋਰਟ) ਨੀਰਜ ਕੁਮਾਰ ਤ੍ਰਿਪਾਠੀ ਨੇ ਸ਼ਿਕਾਇਤ ਨੂੰ ਰੱਦ ਕਰਦਿਆਂ ਕਿਹਾ ਕਿ ਪਟੀਸ਼ਨਕਰਤਾ ਨੇ ਸਿਰਫ ਇਹ ਖਦਸ਼ਾ ਜ਼ਾਹਰ ਕੀਤਾ ਸੀ ਕਿ ਗਾਂਧੀ ਦੀਆਂ ਟਿਪਣੀਆਂ ਦਾ ਫਾਇਦਾ ਖਾਲਿਸਤਾਨੀ ਤੱਤ ਹਿੰਸਾ ਭੜਕਾਉਣ ਜਾਂ ਵਿਦੇਸ਼ਾਂ ਵਿਚ ਭਾਰਤ ਬਾਰੇ ਗਲਤ ਜਾਣਕਾਰੀ ਫੈਲਾਉਣ ਲਈ ਕਰ ਸਕਦੇ ਹਨ।
ਅਦਾਲਤ ਨੇ ਅਪਣੇ ਹੁਕਮ ਵਿਚ ਕਿਹਾ, ‘‘ਪਟੀਸ਼ਨਕਰਤਾ ਨੇ ਇਸ ਖਦਸ਼ੇ ਨੂੰ ਸਾਬਤ ਕਰਨ ਵਾਲੀ ਕਿਸੇ ਵੀ ਘਟਨਾ ਦਾ ਕੋਈ ਠੋਸ ਸਬੂਤ ਜਾਂ ਹਵਾਲਾ ਨਹੀਂ ਦਿਤਾ। ਇਸ ਲਈ ਸ਼ਿਕਾਇਤ ਖਾਰਜ ਕਰ ਦਿਤੀ ਜਾਂਦੀ ਹੈ।’’
ਇਹ ਕੇਸ ਪਿਛਲੇ ਸਾਲ ਜੁਲਾਈ ਵਿਚ ਵਾਰਾਣਸੀ ਦੇ ਤਿਲਮਾਪੁਰ ਨਿਵਾਸੀ ਨਾਗੇਸ਼ਵਰ ਮਿਸ਼ਰਾ ਨੇ ਸਤੰਬਰ 2024 ਵਿਚ ਅਪਣੇ ਅਮਰੀਕਾ ਦੌਰੇ ਦੌਰਾਨ ਸਿੱਖਾਂ ਬਾਰੇ ਰਾਹੁਲ ਗਾਂਧੀ ਦੀਆਂ ਟਿਪਣੀਆਂ ਨੂੰ ਲੈ ਕੇ ਦਾਇਰ ਕੀਤਾ ਸੀ। ਮਿਸ਼ਰਾ ਨੇ ਪਹਿਲਾਂ ਜੁਡੀਸ਼ੀਅਲ ਮੈਜਿਸਟਰੇਟ ਅਦਾਲਤ ਦਾ ਦਰਵਾਜ਼ਾ ਖੜਕਾਇਆ ਸੀ, ਜਿੱਥੇ ਉਨ੍ਹਾਂ ਦੀ ਪਟੀਸ਼ਨ ਖਾਰਜ ਕਰ ਦਿਤੀ ਗਈ ਸੀ।