
ਥਾਣੇ ਵਿੱਚ ਲੱਗੇ ਸੀ.ਸੀ.ਟੀ.ਵੀ. ਫੁਟੇਜ ਦੀ ਜਾਂਚ ਜਾਰੀ
ਬਕਸਰ - ਬਿਹਾਰ ਦੇ ਬਕਸਰ ਜ਼ਿਲ੍ਹੇ ਦੇ ਕੋਰਾਨਸਰਾਏ ਥਾਣੇ ਦੇ ਕੰਪਿਊਟਰ ਰੂਮ ਵਿੱਚ ਬੁੱਧਵਾਰ ਰਾਤ ਇੱਕ ਬਜ਼ੁਰਗ ਮੁਲਜ਼ਮ ਨੇ ਕਥਿਤ ਤੌਰ ’ਤੇ ਪੱਖੇ ਨਾਲ ਪਰਨਾ ਬੰਨ੍ਹ ਕੇ ਲਟਕ ਕੇ ਖ਼ੁਦਕੁਸ਼ੀ ਕਰ ਲਈ।
ਪੁਲਿਸ ਸੁਪਰਡੈਂਟ ਨੀਰਜ ਕੁਮਾਰ ਸਿੰਘ ਨੇ ਕਿਹਾ ਕਿ ਕੋਰਾਨਸਰਾਏ ਦੇ ਐਸ.ਐਚ.ਓ. ਜੁਨੈਦ ਆਲਮ ਨੂੰ ਲਾਪਰਵਾਹੀ ਲਈ ਮੁਅੱਤਲ ਕਰ ਦਿੱਤਾ ਗਿਆ ਹੈ ਅਤੇ ਮਾਮਲੇ ਦੀ ਜਾਂਚ ਸ਼ੁਰੂ ਕਰ ਦਿੱਤੀ ਗਈ ਹੈ। ਉਨ੍ਹਾਂ ਕਿਹਾ ਕਿ ਥਾਣੇ ਵਿੱਚ ਲੱਗੇ ਸੀ.ਸੀ.ਟੀ.ਵੀ. ਫੁਟੇਜ ਦੀ ਜਾਂਚ ਕੀਤੀ ਜਾ ਰਹੀ ਹੈ।
ਐਸਪੀ ਦੇ ਦੱਸਣ ਅਨੁਸਾਰ, ਕੋਪਵਾਨ ਪਿੰਡ ਦੇ ਵਾਸੀ ਯਮੁਨਾ ਸਿੰਘ (70) ਨੂੰ ਬੁੱਧਵਾਰ ਨੂੰ ਅਨੁਸੂਚਿਤ ਜਾਤੀ ਅਤੇ ਅਨੁਸੂਚਿਤ ਜਨਜਾਤੀ ਅੱਤਿਆਚਾਰ ਰੋਕਥਾਮ ਐਕਟ ਤਹਿਤ ਗ੍ਰਿਫ਼ਤਾਰ ਕੀਤਾ ਗਿਆ ਸੀ ਅਤੇ ਉਸ ਨੂੰ ਕੋਰਾਨਸਰਾਏ ਥਾਣੇ ਦੇ ਕੰਪਿਊਟਰ ਰੂਮ ਵਿੱਚ ਬੈਠਣ ਲਈ ਕਿਹਾ ਗਿਆ ਸੀ।
ਦੱਸਿਆ ਗਿਆ ਹੈ ਕਿ ਖੇਡ ਦੌਰਾਨ ਬੱਚਿਆਂ ਦੇ ਝਗੜੇ ਨੂੰ ਲੈ ਕੇ ਯਮੁਨਾ ਸਿੰਘ ਦੀ ਆਪਣੇ ਗੁਆਂਢੀ ਨਾਲ ਬਹਿਸ ਹੋ ਗਈ, ਜਿਸ ਤੋਂ ਬਾਅਦ ਉਸ ਵਿਰੁੱਧ ਐੱਫ਼.ਆਈ.ਆਰ. ਦਰਜ ਕਰਵਾਈ ਗਈ ਸੀ ਅਤੇ ਪੁਲਿਸ ਨੇ ਉਸ ਨੂੰ ਗ੍ਰਿਫ਼ਤਾਰ ਕਰਕੇ ਥਾਣੇ ਦੇ ਕੰਪਿਊਟਰ ਰੂਮ ਵਿਚ ਬਿਠਾ ਦਿੱਤਾ ਸੀ।
ਐਸ.ਪੀ. ਅਨੁਸਾਰ ਰਾਤ ਨੂੰ ਆਪਣੇ ਆਪ ਨੂੰ ਇਕੱਲਾ ਦੇਖ ਕੇ ਸਿੰਘ ਨੇ ਕਥਿਤ ਤੌਰ 'ਤੇ ਆਪਣੇ ਪਰਨੇ ਦੀ ਮਦਦ ਨਾਲ ਛੱਤ ਵਾਲੇ ਪੱਖੇ ਨਾਲ ਫ਼ਾਹਾ ਲੈ ਲਿਆ, ਜਿਸ ਕਾਰਨ ਉਸ ਦੀ ਮੌਤ ਹੋ ਗਈ। ਉੱਧਰ ਮ੍ਰਿਤਕ ਦੇ ਪੁੱਤਰ ਅਰੁਣ ਸਿੰਘ ਨੇ ਦੋਸ਼ ਲਾਇਆ ਹੈ ਕਿ ਇਹ ਖ਼ੁਦਕੁਸ਼ੀ ਨਹੀਂ ਸਗੋਂ ਪੁਲਿਸ ਤਸ਼ੱਦਦ ਕਾਰਨ ਹੋਈ ਮੌਤ ਦਾ ਮਾਮਲਾ ਹੈ।
ਘਟਨਾ ਤੋਂ ਬਾਅਦ ਗੁੱਸੇ 'ਚ ਆਏ ਰਿਸ਼ਤੇਦਾਰਾਂ ਨੇ ਪੁਲਿਸ 'ਤੇ ਬਜ਼ੁਰਗ ਦੀ ਕੁੱਟਮਾਰ ਦਾ ਦੋਸ਼ ਲਾਉਂਦੇ ਹੋਏ ਡੁਮਰਾਓ ਕੋਰਾਨਸਰਾਏ ਮੁੱਖ ਮਾਰਗ 'ਤੇ ਧਰਨਾ ਲਗਾ ਦਿੱਤਾ।