
ਰਖਿਆ ਮੰਤਰੀ ਰਾਜਨਾਥ ਨੇ ਇਸ ਨੂੰ ਇਤਿਹਾਸਕ ਪ੍ਰਾਪਤੀ ਦਸਿਆ
ਨਵੀਂ ਦਿੱਲੀ : ਇਕ ਵੱਡੀ ਫੌਜੀ ਪ੍ਰਾਪਤੀ ਵਿਚ ਭਾਰਤ ਨੇ ਓਡੀਸ਼ਾ ਤੱਟ ਤੋਂ ਲੰਮੀ ਦੂਰੀ ਦੀ ਹਾਈਪਰਸੋਨਿਕ ਮਿਜ਼ਾਈਲ ਦੀ ਸਫਲ ਪਰਖ ਕੀਤੀ, ਜਿਸ ਨਾਲ ਇਹ ਤੇਜ਼ ਰਫਤਾਰ ਵਾਲੇ ਅਤੇ ਹਵਾਈ ਰੱਖਿਆ ਪ੍ਰਣਾਲੀ ਤੋਂ ਬਚਣ ਵਾਲੇ ਚੁਣੇ ਹੋਏ ਦੇਸ਼ਾਂ ਦੇ ਕਲੱਬ ਵਿਚ ਸ਼ਾਮਲ ਹੋ ਗਈ।
ਰੱਖਿਆ ਮੰਤਰੀ ਰਾਜਨਾਥ ਸਿੰਘ ਨੇ ਸਨਿਚਰਵਾਰ ਨੂੰ ਦੇਸ਼ ਦੀ ਪਹਿਲੀ ਲੰਮੀ ਦੂਰੀ ਦੀ ਹਾਈਪਰਸੋਨਿਕ ਮਿਸ਼ਨ ਮਿਜ਼ਾਈਲ ਪਰਖ ਨੂੰ ਸ਼ਾਨਦਾਰ ਪ੍ਰਾਪਤੀ ਅਤੇ ਇਤਿਹਾਸਕ ਪਲ ਦਸਿਆ। ਰੱਖਿਆ ਖੋਜ ਅਤੇ ਵਿਕਾਸ ਸੰਗਠਨ (ਡੀ.ਆਰ.ਡੀ.ਓ.) ਵਲੋਂ ਵਿਕਸਿਤ ਇਸ ਮਿਜ਼ਾਈਲ ਨੂੰ 1,500 ਕਿਲੋਮੀਟਰ ਤੋਂ ਵੱਧ ਦੀ ਦੂਰੀ ’ਤੇ ਵੱਖ-ਵੱਖ ਪੇਲੋਡ ਲਿਜਾਣ ਲਈ ਤਿਆਰ ਕੀਤਾ ਗਿਆ ਹੈ।
ਰੱਖਿਆ ਮੰਤਰੀ ਨੇ ਸੋਸ਼ਲ ਮੀਡੀਆ ਮੰਚ ‘ਐਕਸ’ ’ਤੇ ਇਕ ਪੋਸਟ ’ਚ ਕਿਹਾ, ‘‘ਭਾਰਤ ਨੇ ਓਡੀਸ਼ਾ ਦੇ ਤੱਟ ’ਤੇ ਡਾ. ਏ.ਪੀ.ਜੇ. ਅਬਦੁਲ ਕਲਾਮ ਟਾਪੂ ਤੋਂ ਸਟਰਾਈਕ ਰੇਂਜ ਨਾਲ ਅਪਣੀ ਲੰਮੀ ਦੂਰੀ ਦੀ ਹਾਈਪਰਸੋਨਿਕ ਮਿਜ਼ਾਈਲ ਦੀ ਸਫਲ ਪਰਖ ਕਰ ਕੇ ਇਕ ਵੱਡਾ ਮੀਲ ਪੱਥਰ ਹਾਸਲ ਕੀਤਾ ਹੈ।’’
ਉਨ੍ਹਾਂ ਕਿਹਾ, ‘‘ਇਹ ਇਕ ਇਤਿਹਾਸਕ ਪਲ ਹੈ ਅਤੇ ਇਹ ਮਹੱਤਵਪੂਰਨ ਮੀਲ ਪੱਥਰ ਸਾਡੇ ਦੇਸ਼ ਨੂੰ ਉਨ੍ਹਾਂ ਚੁਣੇ ਹੋਏ ਦੇਸ਼ਾਂ ਦੇ ਸਮੂਹ ਵਿਚ ਸ਼ਾਮਲ ਕਰਦਾ ਹੈ ਜਿਨ੍ਹਾਂ ਕੋਲ ਅਜਿਹੀਆਂ ਮਹੱਤਵਪੂਰਨ ਅਤੇ ਉੱਨਤ ਫੌਜੀ ਤਕਨਾਲੋਜੀਆਂ ਹਨ।’’
ਆਮ ਤੌਰ ’ਤੇ, ਰਵਾਇਤੀ ਵਿਸਫੋਟਕ ਜਾਂ ਪ੍ਰਮਾਣੂ ਹਥਿਆਰ ਲਿਜਾਣ ਦੇ ਸਮਰੱਥ ਹਾਈਪਰਸੋਨਿਕ ਮਿਜ਼ਾਈਲਾਂ ਸਮੁੰਦਰ ਦੇ ਤਲ ’ਤੇ ਪ੍ਰਤੀ ਘੰਟਾ ਆਵਾਜ਼ ਦੀ ਗਤੀ ਤੋਂ ਪੰਜ ਗੁਣਾ (ਲਗਭਗ 1,220 ਕਿਲੋਮੀਟਰ, ਜਾਂ ਪੰਜ ਮੈਕ) ਤੋਂ ਵੱਧ ਰਫਤਾਰ ਨਾਲ ਉਡਾਨ ਭਰ ਸਕਦੀਆਂ ਹਨ।
ਹਾਲਾਂਕਿ, ਕੁੱਝ ਐਡਵਾਂਸਡ ਹਾਈਪਰਸੋਨਿਕ ਮਿਜ਼ਾਈਲਾਂ ਮੈਕ 15 ਤੋਂ ਵੱਧ ਦੀ ਰਫਤਾਰ ਨਾਲ ਉਡਾਣ ਭਰ ਸਕਦੀਆਂ ਹਨ। ਫਿਲਹਾਲ ਰੂਸ ਅਤੇ ਚੀਨ ਹਾਈਪਰਸੋਨਿਕ ਮਿਜ਼ਾਈਲਾਂ ਵਿਕਸਿਤ ਕਰਨ ’ਚ ਕਾਫੀ ਅੱਗੇ ਹਨ, ਜਦਕਿ ਅਮਰੀਕਾ ਅਪਣੇ ਪ੍ਰੋਗਰਾਮ ਦੇ ਤਹਿਤ ਅਜਿਹੇ ਕਈ ਹਥਿਆਰ ਵਿਕਸਿਤ ਕਰਨ ਦੀ ਪ੍ਰਕਿਰਿਆ ’ਚ ਹੈ।
ਫਰਾਂਸ, ਜਰਮਨੀ, ਆਸਟਰੇਲੀਆ, ਜਾਪਾਨ, ਈਰਾਨ ਅਤੇ ਇਜ਼ਰਾਈਲ ਸਮੇਤ ਕਈ ਹੋਰ ਦੇਸ਼ ਵੀ ਹਾਈਪਰਸੋਨਿਕ ਮਿਜ਼ਾਈਲ ਪ੍ਰਣਾਲੀ ਵਿਕਸਤ ਕਰਨ ਦੇ ਪ੍ਰਾਜੈਕਟਾਂ ’ਤੇ ਕੰਮ ਕਰ ਰਹੇ ਹਨ। ਰਾਜਨਾਥ ਸਿੰਘ ਨੇ ਇਸ ਸ਼ਾਨਦਾਰ ਪ੍ਰਾਪਤੀ ਲਈ ਡੀ.ਆਰ.ਡੀ.ਓ., ਹਥਿਆਰਬੰਦ ਬਲਾਂ ਆਦਿ ਨੂੰ ਵਧਾਈ ਦਿਤੀ।
ਇਸ ਮਿਜ਼ਾਈਲ ਨੂੰ ਹੈਦਰਾਬਾਦ ਦੇ ਡਾ. ਏ.ਪੀ.ਜੇ. ਅਬਦੁਲ ਕਲਾਮ ਮਿਜ਼ਾਈਲ ਕੰਪਲੈਕਸ ਦੀਆਂ ਪ੍ਰਯੋਗਸ਼ਾਲਾਵਾਂ ਨੇ ਡੀ.ਆਰ.ਡੀ.ਓ. ਦੀਆਂ ਕਈ ਹੋਰ ਪ੍ਰਯੋਗਸ਼ਾਲਾਵਾਂ ਅਤੇ ਉਦਯੋਗ ਭਾਈਵਾਲਾਂ ਦੇ ਸਹਿਯੋਗ ਨਾਲ ਸਵਦੇਸ਼ੀ ਤੌਰ ’ਤੇ ਵਿਕਸਿਤ ਕੀਤਾ ਹੈ। ਡੀ.ਆਰ.ਡੀ.ਓ. ਦੇ ਸੀਨੀਅਰ ਵਿਗਿਆਨੀਆਂ ਅਤੇ ਹਥਿਆਰਬੰਦ ਬਲਾਂ ਦੇ ਅਧਿਕਾਰੀਆਂ ਦੀ ਮੌਜੂਦਗੀ ’ਚ ਮਿਜ਼ਾਈਲ ਦਾ ਪ੍ਰੀਖਣ ਕੀਤਾ ਗਿਆ।