4 ਦਿਨਾਂ ਦੀ ਪੁਲਿਸ ਹਿਰਾਸਤ ’ਚ ਭੇਜਿਆ
ਪੁਣੇ/ਸਤਾਰਾ : ਮਹਾਰਾਸ਼ਟਰ ਦੇ ਸਤਾਰਾ ਜ਼ਿਲ੍ਹੇ ’ਚ 28 ਸਾਲ ਦੀ ਮਹਿਲਾ ਡਾਕਟਰ ਦੀ ਕਥਿਤ ਖੁਦਕੁਸ਼ੀ ਦੇ ਮਾਮਲੇ ’ਚ ਪੁਲਿਸ ਨੇ ਸਨਿਚਰਵਾਰ ਨੂੰ ਇਕ ਸਾਫਟਵੇਅਰ ਇੰਜੀਨੀਅਰ ਨੂੰ ਗ੍ਰਿਫਤਾਰ ਕੀਤਾ ਹੈ। ਉਨ੍ਹਾਂ ਦਸਿਆ ਕਿ ਫਲਟਨ ਪੁਲਿਸ ਦੀ ਇਕ ਟੀਮ ਨੇ ਸਵੇਰੇ ਸਤਾਰਾ ਤੋਂ ਕਰੀਬ 125 ਕਿਲੋਮੀਟਰ ਦੂਰ ਪੁਣੇ ਤੋਂ ਪ੍ਰਸ਼ਾਂਤ ਬਾਂਕਰ ਨੂੰ ਗ੍ਰਿਫਤਾਰ ਕੀਤਾ ਸੀ।
ਅਧਿਕਾਰੀ ਅਨੁਸਾਰ, ਬਾਂਕਰ ਉਤੇ ਪੀੜਤਾ ਨੂੰ ਮਾਨਸਿਕ ਤੌਰ ਉਤੇ ਤੰਗ ਪ੍ਰੇਸ਼ਾਨ ਕਰਨ ਦਾ ਦੋਸ਼ ਹੈ ਅਤੇ ਹੁਣ ਉਹ ਖੁਦਕੁਸ਼ੀ ਲਈ ਉਕਸਾਉਣ ਦੇ ਦੋਸ਼ ਦਾ ਸਾਹਮਣਾ ਕਰ ਰਿਹਾ ਹੈ। ਉਸ ਨੂੰ ਬਾਅਦ ਵਿਚ ਸਤਾਰਾ ਜ਼ਿਲ੍ਹਾ ਅਦਾਲਤ ਵਿਚ ਪੇਸ਼ ਕੀਤਾ ਗਿਆ, ਜਿਸ ਨੇ ਉਸ ਨੂੰ ਚਾਰ ਦਿਨਾਂ ਲਈ ਪੁਲਿਸ ਹਿਰਾਸਤ ਵਿਚ ਭੇਜ ਦਿਤਾ।
ਮੱਧ ਮਹਾਰਾਸ਼ਟਰ ਦੇ ਮਰਾਠਵਾੜਾ ਖੇਤਰ ਦੇ ਬੀਡ ਜ਼ਿਲ੍ਹੇ ਦੀ ਰਹਿਣ ਵਾਲੀ ਅਤੇ ਸਤਾਰਾ ਜ਼ਿਲ੍ਹੇ ਦੇ ਇਕ ਸਰਕਾਰੀ ਹਸਪਤਾਲ ’ਚ ਤਾਇਨਾਤ ਡਾਕਟਰ ਦੀ ਲਾਸ਼ ਵੀਰਵਾਰ ਰਾਤ ਨੂੰ ਫਲਟਨ ਕਸਬੇ ਦੇ ਇਕ ਹੋਟਲ ਦੇ ਕਮਰੇ ’ਚ ਲਟਕਦੀ ਮਿਲੀ ਸੀ। ਅਪਣੀ ਹਥੇਲੀ ਉਤੇ ਲਿਖੇ ਸੁਸਾਈਡ ਨੋਟ ’ਚ ਉਸ ਨੇ ਦੋਸ਼ ਲਾਇਆ ਕਿ ਪੁਲਿਸ ਸਬ-ਇੰਸਪੈਕਟਰ (ਪੀ.ਐਸ.ਆਈ.) ਗੋਪਾਲ ਬਦਾਨੇ ਨੇ ਉਸ ਨਾਲ ਕਈ ਵਾਰ ਜਬਰ ਜਨਾਹ ਕੀਤਾ, ਜਦਕਿ ਸਾਫਟਵੇਅਰ ਇੰਜੀਨੀਅਰ ਬਾਂਕਰ ਨੇ ਉਸ ਨੂੰ ਮਾਨਸਿਕ ਤੌਰ ਉਤੇ ਤੰਗ ਪ੍ਰੇਸ਼ਾਨ ਕੀਤਾ।
ਸਤਾਰਾ ਜ਼ਿਲ੍ਹੇ ਦੇ ਫਲਟਨ ਵਿਚ ਦੋਹਾਂ ਵਿਰੁਧ ਜਬਰ ਜਨਾਹ ਅਤੇ ਖੁਦਕੁਸ਼ੀ ਲਈ ਉਕਸਾਉਣ ਦਾ ਕੇਸ ਦਰਜ ਕੀਤਾ ਗਿਆ ਸੀ। ਪੁਲਿਸ ਮੁਤਾਬਕ ਬਾਂਕਰ ਉਸ ਘਰ ਦੇ ਮਕਾਨ ਮਾਲਕ ਦਾ ਪੁੱਤਰ ਹੈ, ਜਿੱਥੇ ਡਾਕਟਰ ਰਹਿੰਦੀ ਸੀ। ਮ੍ਰਿਤਕਾ ਨੇ ਅਪਣੀ ਜਾਨ ਖਤਮ ਕਰਨ ਤੋਂ ਪਹਿਲਾਂ ਕਥਿਤ ਤੌਰ ਉਤੇ ਉਸ ਨੂੰ ਫੋਨ ਕੀਤਾ ਸੀ।
ਪੁਲਿਸ ਨੇ ਦਸਿਆ ਕਿ ਸਬ-ਇੰਸਪੈਕਟਰ ਬਦਾਨੇ ਨੂੰ ਅਜੇ ਗ੍ਰਿਫਤਾਰ ਨਹੀਂ ਕੀਤਾ ਗਿਆ ਹੈ, ਜਾਂਚ ਦੌਰਾਨ ਉਸ ਦਾ ਨਾਮ ਸਾਹਮਣੇ ਆਉਣ ਤੋਂ ਬਾਅਦ ਉਸ ਨੂੰ ਸੇਵਾ ਤੋਂ ਮੁਅੱਤਲ ਕਰ ਦਿਤਾ ਗਿਆ ਸੀ। ਇਸ ਦੌਰਾਨ ਡਾਕਟਰ ਦਾ ਸ਼ੁਕਰਵਾਰ ਰਾਤ ਨੂੰ ਬੀਡ ਦੀ ਵਡਵਾਨੀ ਤਹਿਸੀਲ ’ਚ ਉਨ੍ਹਾਂ ਦੇ ਜੱਦੀ ਸਥਾਨ ਉਤੇ ਅੰਤਿਮ ਸੰਸਕਾਰ ਕਰ ਦਿਤਾ ਗਿਆ। ਉਸ ਦੇ ਰਿਸ਼ਤੇਦਾਰਾਂ ਨੇ ਇਸ ਮਾਮਲੇ ਵਿਚ ਮੁਲਜ਼ਮ ਨੂੰ ਫਾਂਸੀ ਦੀ ਸਜ਼ਾ ਦੀ ਮੰਗ ਕੀਤੀ ਹੈ।
ਇਕ ਰਿਸ਼ਤੇਦਾਰ ਨੇ ਇਕ ਨਿਊਜ਼ ਚੈਨਲ ਨਾਲ ਗੱਲਬਾਤ ਕਰਦਿਆਂ ਦੋਸ਼ ਲਾਇਆ ਕਿ ਉਸ ਨੇ ਕਈ ਵਾਰ ਪ੍ਰੇਸ਼ਾਨ ਕਰਨ ਦੀ ਸ਼ਿਕਾਇਤ ਕੀਤੀ, ਪਰ ਉਸ ਦੀਆਂ ਸ਼ਿਕਾਇਤਾਂ ਦਾ ਹੱਲ ਨਹੀਂ ਕੀਤਾ ਗਿਆ। ਇਕ ਹੋਰ ਰਿਸ਼ਤੇਦਾਰ ਨੇ ਦਾਅਵਾ ਕੀਤਾ ਕਿ ਪੀੜਤਾ ਉਤੇ ਉਪ-ਜ਼ਿਲ੍ਹਾ ਹਸਪਤਾਲ ਵਿਚ ਮੈਡੀਕਲ ਰੀਪੋਰਟ ਬਦਲਣ ਲਈ ਦਬਾਅ ਪਾਇਆ ਗਿਆ ਸੀ, ਜਿੱਥੇ ਉਹ ਕੰਮ ਕਰਦੀ ਸੀ।
ਇਕ ਰਿਸ਼ਤੇਦਾਰ ਨੇ ਕਿਹਾ, ‘‘ਫਲਟਨ ਦੇ ਸਿਆਸੀ ਲੋਕ ਅਕਸਰ ਉਸ ਨੂੰ ਮੈਡੀਕਲ ਰੀਪੋਰਟ ਬਦਲਣ ਲਈ ਕਹਿੰਦੇ ਸਨ ਕਿਉਂਕਿ ਉਹ ਨਿਯਮਤ ਤੌਰ ਉਤੇ ਪੋਸਟਮਾਰਟਮ ਡਿਊਟੀ ਉਤੇ ਹੁੰਦੀ ਸੀ। ਉਸ ਨੇ ਕਈ ਵਾਰ ਪੀ.ਐਸ.ਆਈ. (ਨੋਟ ਵਿਚ ਨਾਮਜ਼ਦ) ਵਿਰੁਧ ਸ਼ਿਕਾਇਤ ਕੀਤੀ ਸੀ, ਪਰ ਉਸ ਦੀਆਂ ਸ਼ਿਕਾਇਤਾਂ ਉਤੇ ਕੋਈ ਧਿਆਨ ਨਹੀਂ ਦਿਤਾ ਗਿਆ।’’ ਉਨ੍ਹਾਂ ਕਿਹਾ ਕਿ ਸਿਰਫ ਮੁਲਜ਼ਮ ਨੂੰ ਫੜਨਾ ਹੀ ਕਾਫ਼ੀ ਨਹੀਂ ਹੈ। ਡਾਕਟਰ ਅਤੇ ਉਸ ਦੇ ਪਰਵਾਰ ਨੂੰ ਇਨਸਾਫ ਦਿਵਾਉਣ ਲਈ ਉਨ੍ਹਾਂ ਨੂੰ ਫਾਂਸੀ ਦਿਤੀ ਜਾਣੀ ਚਾਹੀਦੀ ਹੈ।
ਉਸ ਦੇ ਇਕ ਹੋਰ ਰਿਸ਼ਤੇਦਾਰ ਨੇ ਦਾਅਵਾ ਕੀਤਾ ਕਿ ਉਸ ਉਤੇ ਸਰਕਾਰੀ ਹਸਪਤਾਲ ਵਿਚ ਲਿਆਂਦੇ ਗਏ ਗ੍ਰਿਫਤਾਰ ਕੀਤੇ ਗਏ ਵਿਅਕਤੀਆਂ ਦੀਆਂ ਮੈਡੀਕਲ ਟੈਸਟ ਰੀਪੋਰਟਾਂ ਵਿਚ ਸੋਧ ਕਰਨ ਲਈ ਵੀ ਦਬਾਅ ਪੈਂਦਾ ਸੀ।
ਦੋਸ਼ੀਆਂ ਨੂੰ ਹਸਪਤਾਲ ਦੇ ਸਾਹਮਣੇ ਗੋਲੀ ਮਾਰ ਦਿਤੀ ਜਾਣੀ ਚਾਹੀਦੀ ਹੈ: ਆਰ.ਜੀ. ਕਰ ਪੀੜਤਾ ਦੇ ਪਿਤਾ
ਕੋਲਕਾਤਾ : ਮਹਾਰਾਸ਼ਟਰ ’ਚ ਸਤਾਰਾ ਡਾਕਟਰ ਦੀ ਖੁਦਕੁਸ਼ੀ ਉਤੇ ਸਨਿਚਰਵਾਰ ਨੂੰ ਆਰ.ਜੀ. ਕਰ ਪੀੜਤਾ ਦੇ ਪਿਤਾ ਨੇ ਪ੍ਰਤੀਕਿਰਿਆ ਦਿੰਦੇ ਹੋਏ ਕਿਹਾ ਕਿ ਮੁਲਜ਼ਮਾਂ ਨੂੰ ਹਸਪਤਾਲ ਦੇ ਸਾਹਮਣੇ ਗੋਲੀ ਮਾਰ ਦਿਤੀ ਜਾਣੀ ਚਾਹੀਦੀ ਹੈ ਤਾਂ ਜੋ ਅਜਿਹੀਆਂ ਘਟਨਾਵਾਂ ਦੁਬਾਰਾ ਨਾ ਵਾਪਰਨ। ਉਨ੍ਹਾਂ ਕਿਹਾ, ‘‘ਮੁਲਜ਼ਮਾਂ ਨੇ ਜੋ ਕੀਤਾ ਹੈ ਉਹ ਗਲਤ ਹੈ ਅਤੇ ਉਨ੍ਹਾਂ ਵਿਰੁਧ ਸਖ਼ਤ ਕਾਰਵਾਈ ਹੋਣੀ ਚਾਹੀਦੀ ਹੈ। ਜਿੱਥੇ ਵੀ ਘਟਨਾ ਵਾਪਰੀ ਹੈ, ਉਸ ਹਸਪਤਾਲ ਦੇ ਬਾਹਰ, ਮੁਲਜ਼ਮ ਨੂੰ ਗੋਲੀ ਮਾਰ ਦਿਤੀ ਜਾਣੀ ਚਾਹੀਦੀ ਹੈ।’’ ਉਨ੍ਹਾਂ ਅੱਗੇ ਕਿਹਾ, ‘‘ਇਕ ਸਪੱਸ਼ਟ ਸੰਦੇਸ਼ ਦਿਤਾ ਜਾਣਾ ਚਾਹੀਦਾ ਹੈ ਕਿ ਅਜਿਹੀਆਂ ਕਾਰਵਾਈਆਂ ਨੂੰ ਬਰਦਾਸ਼ਤ ਨਹੀਂ ਕੀਤਾ ਜਾਵੇਗਾ ਅਤੇ ਭਵਿੱਖ ਵਿਚ ਦੁਹਰਾਇਆ ਨਹੀਂ ਜਾਣਾ ਚਾਹੀਦਾ। ਇਸ ਮਾਮਲੇ ’ਚ ਮੁਕਾਬਲਾ ਹੋਣਾ ਚਾਹੀਦਾ ਹੈ।’’ ਉਨ੍ਹਾਂ ਨੇ ਖ਼ੁਦ ਨੋਟਿਸ ਲੈ ਕੇ ਕੇਸ ਦਾਇਰ ਕਰਨ ਵਾਲੇ ਮਹਿਲਾ ਕਮਿਸ਼ਨ ਦੀ ਵੀ ਆਲੋਚਨਾ ਕੀਤੀ ਅਤੇ ਕਿਹਾ, ‘‘ਉਹ ਕੁੱਝ ਨਹੀਂ ਕਰਦੇ; ਉਹ ਸਿਰਫ ਆਉਂਦੇ ਹਨ ਅਤੇ ਕੇਸ ਦਾਇਰ ਕਰਦੇ ਹਨ। ਉਨ੍ਹਾਂ ਨੇ ਸਾਡੇ ਕੇਸ ਦਾ ਵੀ ਦੌਰਾ ਕੀਤਾ, ਪਰ ਕੁੱਝ ਨਹੀਂ ਹੋਇਆ।’’
