
"ਬਾਬਾ ਰਾਮ ਸਿੰਘ ਦੀ ਸ਼ਹਾਦਤ ਲਈ ਕੇਂਦਰ ਸਰਕਾਰ ਦਾ ਅੜੀਅਲ ਰਵੱਈਆ ਜ਼ਿੰਮੇਵਾਰ"
ਨਵੀਂ ਦਿੱਲੀ: ਦਿੱਲੀ ਦੀਆਂ ਬਰੂਹਾਂ ‘ਤੇ ਸਰਦ-ਰਾਤਾਂ ਸੜਕਾਂ ਕੰਢੇ ਕੱਟਣ ਲਈ ਮਜ਼ਬੂਰ ਸੰਘਰਸ਼ੀ ਧਿਰਾਂ ਦਾ ਦਰਦ ਦੇਸ਼ਾਂ-ਵਿਦੇਸ਼ਾਂ ਵਿਚ ਚਰਚਾ ਦਾ ਵਿਸ਼ਾ ਬਣਿਆ ਹੋਇਆ ਹੈ। ਛੋਟੇ ਬੱਚਿਆਂ ਤੋਂ ਲੈ ਕੇ 80 ਸਾਲਾਂ ਦੇ ਬਜ਼ੁਰਗਾਂ ਸਮੇਤ ਹਰ ਵਰਗ ਤੇ ਉਮਰ ਦੇ ਲੋਕਾਂ ਦਾ ਇੰਨੀ ਵੱਡੀ ਗਿਣਤੀ ਵਿਚ ਖੁਲ੍ਹੇ ਅਸਮਾਨ ਹੇਠ ਹੱਕੀਂ ਮੰਗਾਂ ਲਈ ਡਟਣਾ ਆਪਣੇ ਆਪ ਵਿਚ ਇਕ ਇਤਿਹਾਸਕ ਘਟਨਾ ਹੈ ਜੋ ਸਭ ਦਾ ਧਿਆਨ ਖਿੱਚ ਰਹੀ ਹੈ। ਬੀਤੇ ਕੱਲ੍ਹ ਕਿਸਾਨਾਂ ਦੀ ਤਕਲੀਫ ਨੂੰ ਨਾ ਸਹਾਰਦਿਆ ਬਾਬਾ ਰਾਮ ਸਿੰਘ ਸੀਂਘੜਾ ਵਾਲਿਆਂ ਵਲੋਂ ਚੁਕੇ ਗਏ ਖੌਫਨਾਕ ਕਦਮ ਨੇ ਕਿਸਾਨੀ ਸੰਘਰਸ਼ ਦੀ ਗੰਭੀਰਤਾ ਨੂੰ ਹੋਰ ਉਭਾਰ ਦਿਤਾ ਹੈ। ਦੇਸ਼-ਵਿਦੇਸ਼ ਦੀਆਂ ਵੱਡੀ ਗਿਣਤੀ ਸ਼ਖਸ਼ੀਅਤਾਂ ਵਲੋਂ ਬਾਬਾ ਰਾਮ ਸਿੰਘ ਦੇ ਚਲਾਣੇ ‘ਤੇ ਦੁੱਖ ਦਾ ਪ੍ਰਗਟਾਵਾ ਕੀਤਾ ਜਾ ਰਿਹਾ ਹੈ।
Manohar Lal Khattar
ਹਰਿਆਣਾ ਦੇ ਮੁੱਖ ਮੰਤਰੀ ਮਨੋਹਰ ਲਾਲ ਖੱਟਰ ਨੇ ਬਾਬਾ ਰਾਮ ਸਿੰਘ ਦੀ ਮੌਤ ‘ਤੇ ਦੁੱਖ ਜ਼ਾਹਰ ਕਰਦਿਆਂ ਇਸ ਨੂੰ ਸੰਤ ਸਮਾਜ, ਦੇਸ਼ ਤੇ ਰਾਜ ਦਾ ਨਾ ਪੂਰਾ ਹੋਣ ਵਾਲਾ ਘਾਟਾ ਦੱਸਿਆ ਹੈ। ਮੁੱਖ ਮੰਤਰੀ ਮਨੋਹਰ ਲਾਲ ਖੱਟਰ ਨੇ ਆਪਣੇ ਟਵੀਟ ਵਿਚ ਲਿਖਿਆ, “ਸੰਤ ਬਾਬਾ ਰਾਮ ਸਿੰਘ ਜੀ ਦੀ ਮੌਤ ਸੰਤ ਸਮਾਜ, ਦੇਸ਼, ਰਾਜ ਤੇ ਮੇਰੇ ਲਈ ਇੱਕ ਨਾ ਪੂਰਾ ਹੋਣ ਵਾਲਾ ਘਾਟਾ ਹੈ। ਇਹ ਬੜੇ ਦੁੱਖ ਦਾ ਪਲ ਹੈ, ਬਾਬਾ ਜੀ ਦੀ ਰੂਹ, ਪਰਮਾਤਮਾ ਵਿੱਚ ਲੀਨ ਹੋਵੇ। ਅਸੀਂ ਉਨ੍ਹਾਂ ਦੁਆਰਾ ਦਰਸਾਏ ਮਨੁੱਖ ਭਲਾਈ ਦੇ ਮਾਰਗ 'ਤੇ ਚੱਲਣ ਲਈ ਦ੍ਰਿੜ ਹਾਂ, ਇਹ ਹੀ ਉਨ੍ਹਾਂ ਲਈ ਸੱਚੀ ਸ਼ਰਧਾਂਜਲੀ ਹੋਵੇਗੀ।”
Kejriwal
ਇਸ ਤੋਂ ਪਹਿਲਾਂ ਦਿੱਲੀ ਦੇ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਨੇ ਵੀ ਬਾਬਾ ਰਾਮ ਸਿੰਘ ਦੀ ਮੌਤ ‘ਤੇ ਦੁੱਖ ਦਾ ਪ੍ਰਗਟਾਵਾ ਕੀਤਾ ਹੈ। ਕੇਜਰੀਵਾਲ ਨੇ ਟਵੀਟ ਕੀਤਾ, "ਸੰਤ ਬਾਬਾ ਰਾਮ ਸਿੰਘ ਜੀ ਦੀ ਖੁਦਕੁਸ਼ੀ ਦੀ ਖ਼ਬਰ ਬਹੁਤ ਹੀ ਦੁਖਦਾਈ ਹੈ। ਇਸ ਦੁੱਖ ਦੀ ਘੜੀ ਵਿੱਚ ਉਨ੍ਹਾਂ ਦੇ ਪਰਿਵਾਰ ਨਾਲ ਦੁੱਖ ਦਾ ਪ੍ਰਗਟਾਵਾ ਕੀਤਾ ਗਿਆ। ਸਾਡਾ ਕਿਸਾਨ ਆਪਣੇ ਹੱਕ ਦੀ ਮੰਗ ਕਰ ਰਿਹਾ ਹੈ, ਸਰਕਾਰ ਨੂੰ ਚਾਹੀਦਾ ਹੈ ਕਿ ਉਹ ਕਿਸਾਨਾਂ ਦੀ ਆਵਾਜ਼ ਸੁਣੇ ਤੇ ਤਿੰਨੇ ਕਾਲੇ ਕਾਨੂੰਨ ਵਾਪਸ ਲਵੇ।”
Rahul Gandhi
ਕਾਂਗਰਸ ਦੇ ਸਾਬਕਾ ਪ੍ਰਧਾਨ ਰਾਹੁਲ ਗਾਂਧੀ ਨੇ ਟਵੀਟ ਕੀਤਾ, "ਕਰਨਾਲ ਦੇ ਸੰਤ ਬਾਬਾ ਰਾਮ ਸਿੰਘ ਜੀ ਨੇ ਕਿਸਾਨਾਂ ਦੀ ਦੁਰਦਸ਼ਾ ਨੂੰ ਵੇਖਦਿਆਂ ਖ਼ੁਦਕੁਸ਼ੀ ਕਰ ਲਈ। ਇਸ ਦੁੱਖ ਦੀ ਘੜੀ ਵਿੱਚ ਮੇਰਾ ਦੁੱਖ ਤੇ ਸ਼ਰਧਾਂਜਲੀ। ਬਹੁਤ ਸਾਰੇ ਕਿਸਾਨਾਂ ਨੇ ਆਪਣੀਆਂ ਕੁਰਬਾਨੀਆਂ ਦਿੱਤੀਆਂ। ਮੋਦੀ ਸਰਕਾਰ ਦੀ ਬੇਰਹਿਮੀ ਨੇ ਸਾਰੀਆਂ ਹੱਦਾਂ ਪਾਰ ਕਰ ਦਿੱਤੀਆਂ ਹਨ। ਜ਼ਿੱਦ ਨੂੰ ਛੱਡੋ ਤੇ ਤੁਰੰਤ ਖੇਤੀ-ਵਿਰੋਧੀ ਕਾਨੂੰਨ ਵਾਪਸ ਲਓ!”
Baba Ram Singh Singhra
ਇਸੇ ਤਰ੍ਹਾਂ ਦੇਸ਼-ਵਿਦੇਸ਼ ਵਿਚੋਂ ਵੱਡੀ ਗਿਣਤੀ ਲੋਕਾਂ ਵਲੋਂ ਬਾਬਾ ਰਾਮ ਸਿੰਘ ਦੇ ਚਲਾਣੇ ‘ਤੇ ਦੁਖ ਦਾ ਪ੍ਰਗਟਾਵਾ ਕਰਦਿਆਂ ਇਸ ਲਈ ਕੇਂਦਰ ਸਰਕਾਰ ਨੂੰ ਜ਼ਿੰਮੇਵਾਰ ਦਸਿਆ ਜਾ ਰਿਹਾ ਹੈ। ਬਾਬਾ ਰਾਮ ਸਿੰਘ ਦੇ ਪੈਰੋਕਾਰਾਂ ਸਮੇਤ ਸੰਘਰਸ਼ੀ ਧਿਰਾਂ ਇਸ ਨੂੰ ਕਿਸਾਨਾਂ ਦੇ ਹੱਕ ਵਿਚ ਦਿਤੀ ਗਈ ਵੱਡੀ ਕੁਰਬਾਨੀ ਕਰਾਰ ਦਿਤਾ ਗਿਆ ਹੈ। ਬਾਬਾ ਰਾਮ ਸਿੰਘ ਵਲੋਂ ਲਿਖੇ ਖੁਦਕੁਸ਼ੀ ਨੋਟ ਵਿਚ ਵੀ ਉਨ੍ਹਾਂ ਨੇ ਖੇਤੀ ਕਾਨੂੰਨਾਂ ਦੇ ਵਿਰੋਧ ਵਿਚ ਵੱਖ-ਵੱਖ ਸ਼ਖਸੀਅਤਾਂ ਵਲੋਂ ਪੁਰਸਕਾਰ ਵਾਪਸ ਕਰਨ ਦਾ ਜ਼ਿਕਰ ਕੀਤਾ ਹੈ।