ਅਜੇ ਤਕ, ਇਨ੍ਹਾਂ ਗੁਬਾਰਿਆਂ ਦੇ ਅੰਦਰ ਕੋਈ ਸ਼ੱਕੀ ਉਪਕਰਣ ਜਿਵੇਂ ਕਿ ਗੈਜੇਟ, ਨਿਗਰਾਨੀ ਉਪਕਰਣ, ਟਰੈਕਰ ਜਾਂ ਹੋਰ ਸਮੱਗਰੀ ਨਹੀਂ ਮਿਲੀ
ਸ਼ਿਮਲਾ : ਹਿਮਾਚਲ ਪ੍ਰਦੇਸ਼ ਪੁਲਿਸ ਨੇ ਪੰਜਾਬ ਅਤੇ ਰਾਜਸਥਾਨ ਪੁਲਿਸ ਨਾਲ ਸੰਪਰਕ ਕੀਤਾ ਹੈ ਤਾਂ ਜੋ ਪਿਛਲੇ ਕੁੱਝ ਹਫ਼ਤਿਆਂ ਦੌਰਾਨ ਸੂਬੇ ਦੇ ਵੱਖ-ਵੱਖ ਜ਼ਿਲ੍ਹਿਆਂ ਵਿਚ ਪੀ.ਆਈ.ਏ. (ਪਾਕਿਸਤਾਨ ਇੰਟਰਨੈਸ਼ਨਲ ਏਅਰਲਾਈਨਜ਼) ਜਾਂ ਪਾਕਿਸਤਾਨੀ ਝੰਡੇ ਛਾਪੇ ਹੋਏ ਗੁਬਾਰਿਆਂ ਦੇ ਸਰੋਤ ਦਾ ਪਤਾ ਲਗਾਇਆ ਜਾ ਸਕੇ। ਪੁਲਿਸ ਨੇ ਇਸ ਸਬੰਧ ਵਿਚ ਭਾਰਤੀ ਹਵਾਈ ਫੌਜ ਦੇ ਅਧਿਕਾਰੀਆਂ ਨਾਲ ਵੀ ਸੰਪਰਕ ਕੀਤਾ ਹੈ।
ਪੁਲਿਸ ਨੇ ਕਿਹਾ, ‘‘ਅਜੇ ਤਕ, ਇਨ੍ਹਾਂ ਗੁਬਾਰਿਆਂ ਦੇ ਅੰਦਰ ਕੋਈ ਸ਼ੱਕੀ ਉਪਕਰਣ ਜਿਵੇਂ ਕਿ ਗੈਜੇਟ, ਨਿਗਰਾਨੀ ਉਪਕਰਣ, ਟਰੈਕਰ ਜਾਂ ਹੋਰ ਸਮੱਗਰੀ ਨਹੀਂ ਮਿਲੀ ਹੈ। ਅਸੀਂ ਪਾਕਿਸਤਾਨ ਦੀ ਸਰਹੱਦ ਨਾਲ ਲਗਦੇ ਸਰਹੱਦੀ ਸੂਬਿਆਂ ’ਚ ਅਪਣੇ ਹਮਰੁਤਬਾ ਨਾਲ ਸੰਪਰਕ ਕੀਤਾ ਹੈ, ਜਿੱਥੇ ਅਜਿਹੇ ਗੁਬਾਰੇ ਮਿਲੇ ਹਨ।’’
ਹਾਲਾਂਕਿ ਇਸ ਮਾਮਲੇ ’ਚ ਕੋਈ ਐਫ.ਆਈ.ਆਰ. ਦਰਜ ਨਹੀਂ ਕੀਤੀ ਗਈ ਹੈ। ਪੁਲਿਸ ਇਸ ਮਾਮਲੇ ਦੀ ਜਾਂਚ ਕਰ ਰਹੀ ਹੈ ਅਤੇ ਸਥਾਨਕ ਵਿਕਰੇਤਾਵਾਂ ਤੋਂ ਇਨ੍ਹਾਂ ਗੁਬਾਰੇ ਦੇ ਸਰੋਤ ਬਾਰੇ ਪੁੱਛ-ਪੜਤਾਲ ਕਰ ਰਹੀ ਹੈ। ਹਾਲ ਹੀ ’ਚ, ਦੌਲਤਪੁਰ ਪੁਲਿਸ ਚੌਕੀ ਅਧੀਨ ਚਲੇਟ ਪਿੰਡ ਵਿਚ ਇਕ ਪਿੰਡ ਵਾਸੀ ਦੇ ਘਰ ਦੀ ਛੱਤ ਉਤੇ ਪੀ.ਆਈ.ਏ. ਲਿਖਿਆ ਹੋਇਆ ਹਵਾਈ ਜਹਾਜ਼ ਦੇ ਆਕਾਰ ਦਾ ਗੁਬਾਰਾ ਮਿਲਣ ਤੋਂ ਬਾਅਦ ਸਥਾਨਕ ਵਸਨੀਕਾਂ ਨੇ ਚਿੰਤਾ ਜ਼ਾਹਰ ਕੀਤੀ ਹੈ।
ਪਿੰਡ ਵਾਸੀਆਂ ਨੇ ਤੁਰਤ ਦੌਲਤਪੁਰ ਪੁਲਿਸ ਚੌਕੀ ਨੂੰ ਸੂਚਿਤ ਕੀਤਾ। ਸੂਚਨਾ ਮਿਲਦਿਆਂ ਪੁਲਿਸ ਟੀਮ ਮੌਕੇ ਉਤੇ ਪਹੁੰਚੀ ਅਤੇ ਗੁਬਾਰੇ ਨੂੰ ਜ਼ਬਤ ਕਰ ਲਿਆ। ਪੁਲਿਸ ਨੇ ਸਾਵਧਾਨੀ ਦੇ ਤੌਰ ਉਤੇ ਆਲੇ-ਦੁਆਲੇ ਦੇ ਇਲਾਕਿਆਂ ਦਾ ਵੀ ਨਿਰੀਖਣ ਕੀਤਾ ਤਾਂ ਜੋ ਕਿਸੇ ਹੋਰ ਸ਼ੱਕੀ ਵਸਤੂ ਦੀ ਮੌਜੂਦਗੀ ਦੀ ਸੰਭਾਵਨਾ ਨੂੰ ਰੱਦ ਕੀਤਾ ਜਾ ਸਕੇ।
8 ਦਸੰਬਰ ਨੂੰ ਗੈਗਰੇਟ ਸਬ-ਡਵੀਜ਼ਨ ਦੇ ਤਾਤੇਹਰਾ ਪਿੰਡ ਵਿਚ ਤਿੰਨ ਗੁਬਾਰੇ ਮਿਲੇ ਸਨ। ਗੁਬਾਰਿਆਂ ਉਤੇ ਪਾਕਿਸਤਾਨੀ ਝੰਡਾ ਸੀ, ਜਿਸ ਉਤੇ ‘ਆਈ ਲਵ ਪਾਕਿਸਤਾਨ‘ ਲਿਖਿਆ ਹੋਇਆ ਸੀ। ਇਸ ਤੋਂ ਇਲਾਵਾ ਪਿਛਲੇ ਕੁੱਝ ਮਹੀਨਿਆਂ ’ਚ ਹਮੀਰਪੁਰ ਅਤੇ ਕਾਂਗੜਾ ਜ਼ਿਲ੍ਹਿਆਂ ’ਚ ਵੀ ਇਸੇ ਤਰ੍ਹਾਂ ਦੇ ਗੁਬਾਰੇ ਮਿਲੇ ਹਨ।
