ਸ਼੍ਰੀ ਗੁਰੂ ਤੇਗ ਬਹਾਦਰ ਜੀ ਦੇ 350ਵੇਂ ਸ਼ਹੀਦੀ ਪੁਰਬ ਨੂੰ ਸਮਰਪਿਤ ਇੱਕ ਅੰਤਰ-ਧਰਮ ਸੰਮੇਲਨ ਦਾ ਕੀਤਾ ਆਯੋਜਨ
ਨਵੀਂ ਦਿੱਲੀ: ਸ਼੍ਰੀ ਗੁਰੂ ਤੇਗ ਬਹਾਦਰ ਜੀ ਦੇ 350ਵੇਂ ਸ਼ਹੀਦੀ ਪੁਰਬ ਨੂੰ ਸਮਰਪਿਤ ਇੱਕ ਅੰਤਰ-ਧਰਮ ਸੰਮੇਲਨ ਅੱਜ ਵਿਸ਼ਵ ਪੰਜਾਬੀ ਸੰਗਠਨ ਅਤੇ ਗਲੋਬਲ ਇੰਟਰਫੇਥ ਹਾਰਮਨੀ ਫਾਊਂਡੇਸ਼ਨ ਦੁਆਰਾ, ਇਸਦੇ ਅੰਤਰਰਾਸ਼ਟਰੀ ਪ੍ਰਧਾਨ ਡਾ. ਵਿਕਰਮਜੀਤ ਸਿੰਘ ਸਾਹਨੀ, ਸੰਸਦ ਮੈਂਬਰ, ਰਾਜ ਸਭਾ ਦੀ ਅਗਵਾਈ ਹੇਠ ਨਵੀ ਦਿੱਲੀ ਦੇ ਵਿਗਿਆਨ ਭਵਨ ਵਿਖੇ ਆਯੋਜਿਤ ਕੀਤਾ ਗਿਆ। ਇਸ ਸੰਮੇਲਨ ਵਿਚ ਸਿੱਖ ਧਰਮ, ਹਿੰਦੂ ਧਰਮ, ਇਸਲਾਮ, ਈਸਾਈ ਧਰਮ ਅਤੇ ਜੈਨ ਧਰਮ ਦੇ ਉੱਘੇ ਅਧਿਆਤਮਿਕ ਆਗੂਆਂ ਨੇ ਧਾਰਮਿਕ ਆਜ਼ਾਦੀ, ਬਹੁਲਵਾਦ ਅਤੇ ਸ਼ਾਂਤੀਪੂਰਨ ਸਹਿ-ਹੋਂਦ ਦੇ ਭਾਰਤ ਦੇ ਸੱਭਿਅਕ ਸਿਧਾਂਤਾਂ ਪ੍ਰਤੀ ਵਚਨਬੱਧਤਾ ਪ੍ਰਗਟ ਕੀਤੀ।
ਭਾਰਤ ਦੇ ਉਪ ਰਾਸ਼ਟਰਪਤੀ, ਸ਼੍ਰੀ ਸੀ. ਪੀ. ਰਾਧਾਕ੍ਰਿਸ਼ਨਨ ਨੇ ਸ੍ਰੀ ਗੁਰੂ ਤੇਗ ਬਹਾਦਰ ਜੀ ਨੂੰ ਸ਼ਰਧਾਂਜਲੀ ਭੇਟ ਕਰਦਿਆਂ, ਉਨ੍ਹਾਂ ਦੀ ਸ਼ਹਾਦਤ ਨੂੰ ਭਾਰਤ ਦੇ ਧਰਮ ਨਿਰਪੱਖ ਲੋਕਤੰਤਰ ਦੀ ਨੈਤਿਕ ਨੀਂਹ ਦੱਸਿਆ। ਉਨ੍ਹਾਂ ਕਿਹਾ ਕਿ 1675 ਵਿੱਚ ਗੁਰੂ ਜੀ ਦਾ ਬਲੀਦਾਨ ਧਾਰਮਿਕ ਆਜ਼ਾਦੀ ਦੀ ਰੱਖਿਆ ਵਿੱਚ ਹਿੰਮਤ ਦਾ ਪ੍ਰਤੀਕ ਸੀ ਅਤੇ ਇਸ ਗੱਲ 'ਤੇ ਜ਼ੋਰ ਦਿੱਤਾ ਕਿ ਇਹ ਸੰਮੇਲਨ ਭਾਰਤ ਦੇ ਸਭਿਅਕ ਸਿਧਾਂਤ ਵਸੁਧੈਵ ਕੁਟੁੰਬਕਮ ਦੇ ਸਿਧਾਂਤ ਨੂੰ ਦਰਸਾਉਂਦਾ ਹੈ। ਉਪ ਰਾਸ਼ਟਰਪਤੀ ਨੇ ਜ਼ੋਰ ਦੇ ਕੇ ਕਿਹਾ ਕਿ ਅਸਹਿਣਸ਼ੀਲਤਾ ਨੂੰ ਦੂਰ ਕਰਨ ਅਤੇ ਵਿਭਿੰਨਤਾ ਵਾਲੇ ਦੇਸ਼ ਭਾਰਤ ਵਿੱਚ ਏਕਤਾ ਨੂੰ ਉਤਸ਼ਾਹਿਤ ਕਰਨ ਲਈ ਅੰਤਰ-ਧਰਮ ਸੰਵਾਦ ਜ਼ਰੂਰੀ ਹੈ।
ਆਪਣੇ ਸੰਬੋਧਨ ਵਿੱਚ, ਡਾ. ਵਿਕਰਮਜੀਤ ਸਿੰਘ ਸਾਹਨੀ ਨੇ ਸ੍ਰੀ ਗੁਰੂ ਤੇਗ ਬਹਾਦਰ ਜੀ ਦੇ ਸਰਵਉੱਚ ਬਲੀਦਾਨ ਨੂੰ ਮਨੁੱਖੀ ਅਧਿਕਾਰਾਂ ਦੇ ਵਿਸ਼ਵ ਇਤਿਹਾਸ ਵਿੱਚ ਇੱਕ ਮਹੱਤਵਪੂਰਨ ਪਲ ਵਜੋਂ ਯਾਦ ਕੀਤਾ। ਉਨ੍ਹਾਂ ਕਿਹਾ ਕਿ ਧਾਰਮਿਕ ਆਜ਼ਾਦੀ ਇੱਕ ਸੱਭਿਅਕ ਸਮਾਜ ਦੀ ਨੀਂਹ ਹੈ ਅਤੇ ਇਸ ਗੱਲ 'ਤੇ ਜ਼ੋਰ ਦਿੱਤਾ ਕਿ ਗੁਰੂ ਤੇਗ ਬਹਾਦਰ ਜੀ ਦੀ ਸ਼ਹਾਦਤ ਸਿਰਫ਼ ਇੱਕ ਵਿਸ਼ਵਾਸ ਲਈ ਨਹੀਂ ਸੀ, ਸਗੋਂ ਹਰ ਵਿਅਕਤੀ ਦੇ ਡਰ ਤੋਂ ਬਿਨਾਂ ਆਪਣੇ ਧਰਮ ਦਾ ਪਾਲਣ ਕਰਨ ਦੇ ਅਧਿਕਾਰ ਨੂੰ ਬਰਕਰਾਰ ਰੱਖਣ ਲਈ ਸੀ ਅਤੇ ਇਹ ਧਰਮ ਨਿਰਪੱਖਤਾ ਦੀ ਸੱਚੀ ਭਾਵਨਾ ਸੀ । ਉਹਨਾਂ ਕਿਹਾ “ਅੱਜ ਦੇ ਵੰਡੇ ਹੋਏ ਸਮੇਂ ਵਿੱਚ, ਗੁਰੂ ਜੀ ਦਾ ਸੰਦੇਸ਼ ਸ਼ਾਂਤੀ ਅਤੇ ਮਨੁੱਖੀ ਸਨਮਾਨ ਦੇ ਆਧਾਰ ਵਜੋਂ ਅੰਤਰ-ਧਰਮ ਸਦਭਾਵਨਾ ਦੀ ਮੰਗ ਕਰਦਾ ਹੈ।"
ਇਸ ਸੰਮੇਲਨ ਵਿੱਚ ਨਾਮਧਾਰੀ ਸਤਿਗੁਰੂ ਉਦੈ ਸਿੰਘ ਜੀ,. ਜੈਨ ਅਚਾਰੀਆ ਲੋਕੇਸ਼ ਮੁਨੀ ਜੀ, ਅਜਮੇਰ ਸ਼ਰੀਫ ਦੇ ਹਾਜੀ ਸਈਅਦ ਸਲਮਾਨ ਚਿਸ਼ਤੀ ਜੀ,ਫ਼ਾਦਰ . ਮੋਨੋਦੀਪ ਡੈਨੀਅਲ ਜੀ, ਇਸਕਾਨ ਦਿੱਲੀ ਦੇ ਐਚ.ਐਚ.ਮੋਹਨ ਰੂਪ ਦਾਸ ਜੀ, ਅਤੇ ਸਰਦਾਰ ਤਰਲੋਚਨ ਸਿੰਘ ਜ ਨੇ ਵੀ ਸੰਬੋਧਨ ਕੀਤਾ।
