
ਚਡੂਨੀ ਨੇ ਦਿੱਤੀ ਸਫ਼ਾਈ, ਕਿਹਾ ਸਮਾਜ ਸੇਵੀਆਂ ਜਥੇਬੰਦੀਆਂ ਨਾਲ ਹੋਈ ਸੀ ਮੀਟਿੰਗ
ਨਵੀ ਦਿੱਲੀ: ਬੀਤੇ ਦਿਨੀਂ ਕੁੱਝ ਸਿਆਸੀ ਆਗੂਆਂ ਦੀ ਸ਼ਮੂਲੀਅਤ ਵਾਲੀ ਸਮਾਜ ਸੇਵੀ ਜਥੇਬੰਦੀਆਂ ਦੀ ਮੀਟਿੰਗ ’ਚ ਕਿਸਾਨ ਆਗੂ ਗੁਰਨਾਮ ਸਿੰਘ ਚਡੂਨੀ ਦੇ ਸ਼ਾਮਲ ਹੋਣ ਨੂੰ ਲੈ ਕੇ ਸ਼ੁਰੂ ਹੋਇਆ ਘਮਾਸਾਨ ਅੱਜ ਸ਼ਾਮ ਸਮਾਪਤ ਹੋ ਗਿਆ। ਸੰਯੁਕਤ ਕਿਸਾਨ ਮੋਰਚਾ ਸਾਹਮਣੇ ਕਿਸਾਨ ਆਗੂ ਚਡੂਨੀ ਵਲੋਂ ਆਪਣਾ ਪੱਖ ਰੱਖਣ ਬਾਅਦ ਸੰਯੁਕਤ ਕਿਸਾਨ ਮੋਰਚੇ ਦੇ ਆਗੂਆਂ ਨੇ ਪ੍ਰੈੱਸ ਕਾਨਫਰੰਸ ਦੌਰਾਨ ਚਡੂਨੀ ਵਾਲਾ ਮਾਮਲਾ ਸਮਾਪਤ ਹੋਣ ਦਾ ਐਲਾਨ ਕੀਤਾ।
All India joint Kisan Morcha
ਕਾਬਲੇਗੌਰ ਹੈ ਕਿ ਕਿਸਾਨ ਸੰਗਠਨਾਂ ਦੀ ਤਰਫੋਂ, ਦਿੱਲੀ ਦੇ ਕੰਸਟੀਟਿਊਸ਼ਨ ਕਲੱਬ ਵਿਖੇ ਕਿਸਾਨ ਸੰਸਦ ਦੇ ਆਯੋਜਨ ਲਈ ਵਿਰੋਧੀ ਪਾਰਟੀਆਂ ਦੇ ਆਗੂਆਂ ਨਾਲ ਮੀਟਿੰਗ ਕੀਤੀ ਸੀ। ਇਸ ’ਚ ਪੰਜਾਬ ਕਾਂਗਰਸ ਦੇ ਸਾਂਸਦ ਤੇ ਵਿਧਾਇਕ ਅਤੇ ਸ਼੍ਰੋਮਣੀ ਅਕਾਲੀ ਦਲ ਡੈਮੋਕਰੇਟਸ ਦੇ ਲੀਡਰ ਪਰਮਿੰਦਰ ਸਿੰਘ ਢੀਂਡਸਾ, ਆਮ ਆਦਮੀ ਪਾਰਟੀ ਦੇ ਵਿਧਾਇਕ ਅਤੇ ਪੰਜਾਬ ਦੇ ਇੰਚਾਰਜ ਜਰਨੈਲ ਸਿੰਘ ਸਮੇਤ ਹੋਰਨਾਂ ਰਾਜਾਂ ਦੀਆਂ ਰਾਜਨੀਤਿਕ ਪਾਰਟੀਆਂ ਦੇ ਆਗੂ ਸ਼ਾਮਲ ਸਨ।
Gurnam Singh Charuni
ਮੀਟਿੰਗ ’ਚ ਪੰਜਾਬ ਅਤੇ ਦਿੱਲੀ ਦੇ ਕਈ ਵਿਧਾਇਕਾਂ ਨੇ ਸ਼ਿਰਕਤ ਕੀਤੀ, ਜਿਨ੍ਹਾਂ ’ਚ ਦਾਦਰੀ ਦੇ ਸੁਤੰਤਰ ਵਿਧਾਇਕ ਸੋਮਵੀਰ ਸੰਗਵਾਨ ਵੀ ਸ਼ਾਮਲ ਸੀ। ਇਨ੍ਹਾਂ ਵਿਧਾਇਕਾਂ, ਸਾਬਕਾ ਵਿਧਾਇਕਾਂ, ਸੰਸਦ ਮੈਂਬਰਾਂ, ਸਾਬਕਾ ਸੰਸਦ ਮੈਂਬਰਾਂ ਨੂੰ ਕਿਸਾਨ ਸੰਸਦ ਵਲੋਂ ਬੁਲਾਇਆ ਗਿਆ ਸੀ, ਜੋ ਕਿ ਕਿਸਾਨ ਕਾਨੂੰਨਾਂ ਦੇ ਵਿਰੁੱਧ ਹਨ। ਦੂਜੇ ਪਾਸੇ ਕਿਸਾਨ ਆਗੂ ਗੁਰਨਾਮ ਸਿੰਘ ਚਡੂਨੀ ਨੇ ਆਪਣੇ ’ਤੇ ਲੱਗੇ ਸਾਰੇ ਦੋਸ਼ਾਂ ਦਾ ਖੰਡਨ ਕਰਦਿਆਂ ਇਸ ਨੂੂੰ ਕਿਸਾਨ ਵਿਰੋਧੀਆਂ ਦੀ ਸਾਜ਼ਸ਼ ਕਰਾਰ ਦਿਤਾ ਹੈ।
farmers Unions
ਚਡੂਨੀ ਮੁਤਾਬਕ ਉਨ੍ਹਾਂ ਨੇ ਜਿਹੜੀ ਮੀਟਿੰਗ ਵਿਚ ਹਿੱਸਾ ਲਿਆ, ਉਹ ਸਮਾਜ ਸੇਵੀ ਸੰਸਥਾ ਵਲੋਂ ਬੁਲਾਈ ਗਈ ਸੀ। ਇਸ ਦਾ ਮਕਸਦ ਕਿਸਾਨੀ ਸੰਘਰਸ਼ ਦੀ ਬਿਹਤਰੀ ਲਈ ਢੰਗ-ਤਰੀਕਿਆਂ ’ਤੇ ਵਿਚਾਰ ਕਰਨਾ ਸੀ। ਉਨ੍ਹਾਂ ਕਿਹਾ ਕਿ ਸੰਘਰਸ਼ ’ਚ ਸ਼ਾਮਲ ਜਥੇਬੰਦੀਆਂ ਵਿਚ ਵਿਚਾਰਧਾਰਕ ਵਖਰੇਵੇਂ ਹੋ ਸਕਦੇ ਹਨ ਪਰ ਸਾਰਿਆਂ ਦਾ ਟੀਚਾ ਇਕ ਹੈ। ਉਨ੍ਹਾਂ ਕਿਹਾ ਕਿ ਕਿਸੇ ਵੀ ਸੰਘਰਸ਼ ਵਿਚ ਵਿਚਾਰਾਂ ਦਾ ਵਖਰੇਵਾ ਹੋ ਸਕਦੇ ਹਨ। ਜਿਵੇਂ ਮਹਾਤਮਾ ਗਾਂਧੀ ਅਤੇ ਭਗਤ ਸਿੰਘ ਦੇ ਵਿਚਾਰਾਂ ਵਿਚ ਵੱਡਾ ਵਖਰੇਵਾਂ ਸੀ, ਪਰ ਦੋਵਾਂ ਆਗੂਆਂ ਦਾ ਟੀਚਾ ਇਕੋ ਸੀ, ਦੇਸ਼ ਨੂੰ ਆਜ਼ਾਦ ਕਰਵਾਉਣਾ।
Gurnam Singh Charuni
ਉਨ੍ਹਾਂ ਕਿਹਾ ਕਿ ਸਰਕਾਰ ’ਤੇ ਦਬਾਅ ਬਣਾਉਣ ਲਈ ਸਾਨੂੰ ਉਨ੍ਹਾਂ ਸਾਰੇ ਢੰਗ-ਤਰੀਕਿਆਂ ਨੂੰ ਅਪਨਾਉਣਾ ਪਵੇਗਾ, ਜਿਸ ਦਾ ਕਿਸਾਨੀ ਸੰਘਰਸ਼ ਨੂੰ ਫ਼ਾਇਦਾ ਹੁੰਦਾ ਹੋਵੇ। ਉਨ੍ਹਾਂ ਕਿਹਾ ਕਿ ਮੇਰਾ ਮਕਸਦ ਵੀ ਸੰਘਰਸ਼ ਨੂੰ ਲਾਭ ਪਹੁੰਚਾਉਣਾ ਸੀ। ਉਨ੍ਹਾਂ ਕਿਹਾ ਕਿ ਜੇਕਰ ਉਨ੍ਹਾਂ ਨੂੰ ਸੰਯੁਕਤ ਕਿਸਾਨ ਮੋਰਚੇ ਵਲੋਂ ਆਪਣਾ ਪੱਖ ਰੱਖਣ ਲਈ ਬੁਲਾਇਆ ਜਾਂਦਾ ਹੈ ਤਾਂ ਉਹ ਜ਼ਰੂਰ ਜਾਣਗੇ ਅਤੇ ਅਜਿਹਾ ਕੋਈ ਵੀ ਕਦਮ ਨਹੀਂ ਚੁੱਕਣਗੇ, ਜਿਸ ਨਾਲ ਸੰਘਰਸ਼ ਨੂੰ ਨੁਕਸਾਨ ਪਹੁੰਚਦਾ ਹੋਵੇ।