
ਅਜਿਹੇ ਦਮਨਕਾਰੀ ਤੇ ਡਰਾਉਣ-ਧਮਕਾਉਣ ਵਾਲੇ ਕਦਮਾਂ ਕਾਰਨ ਕਿਸਾਨ ਆਪਣਾ ਰੁਖ਼ ਹੋਰ ਸਖਤ ਕਰਨ ਲਈ ਮਜਬੂਰ ਹੋਣਗੇ- CM ਕੈਪਟਨ
ਚੰਡੀਗੜ੍ਹ: ਖੇਤੀ ਕਾਨੂੰਨ ਵਿਰੋਧ ਚੱਲ ਰਹੇ ਸੰਘਰਸ਼ ਦੌਰਾਨ ਕਈ ਕਿਸਾਨ ਆਗੂਆਂ ਤੇ ਉਨ੍ਹਾਂ ਦੇ ਹਮਾਇਤੀਆਂ ਨੂੰ ਕੌਮੀ ਜਾਂਚ ਏਜੰਸੀ (ਐਨ.ਆਈ.ਏ.) ਦੇ ਨੋਟਿਸ ਜਾਰੀ ਕਰਨ ਦੀ ਨਿੰਦਾ ਕਰਦਿਆਂ ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਸੋਮਵਾਰ ਨੂੰ ਕਿਹਾ ਕਿ ਡਰਾਉਣ ਧਮਕਾਉਣ ਵਾਲੇ ਅਜਿਹੇ ਹੱਥਕੰਡੇ ਕਿਸਾਨਾਂ ਨੂੰ ਆਪਣੇ ਹੱਕਾਂ ਅਤੇ ਭਵਿੱਖ ਦੀ ਲੜਾਈ ਲੜਨ ਲਈ ਲਏ ਗਏ ਅਹਿਦ ਨੂੰ ਕਮਜ਼ੋਰ ਨਹੀਂ ਕਰ ਸਕਦੇ।
Captain Amarinder Singh
ਭਾਜਪਾ ਦੀ ਅਗਵਾਈ ਵਾਲੀ ਕੇਂਦਰ ਸਰਕਾਰ ਵੱਲੋਂ ਸ਼ਾਂਤਮਈ ਸੰਘਰਸ਼ ਕਰ ਰਹੇ ਕਿਸਾਨਾਂ ਦੇ ਘੋਲ ਨੂੰ ਕਮਜ਼ੋਰ ਕਰਨ ਲਈ ਅਜਿਹੀਆਂ ਦਮਨਕਾਰੀ ਤੇ ਨਿੰਦਣਯੋਗ ਕਾਰਵਾਈਆਂ ਦਾ ਸਹਾਰਾ ਲੈਣ ਦੀ ਨਿਖੇਧੀ ਕਰਦਿਆਂ ਮੁੱਖ ਮੰਤਰੀ ਨੇ ਪੁੱਛਿਆ, ''ਕੀ ਇਹ ਕਿਸਾਨ ਵੱਖਵਾਦੀ ਤੇ ਅਤਿਵਾਦੀ ਜਾਪਦੇ ਹਨ?'' ਉਨ੍ਹਾਂ ਕੇਂਦਰ ਨੂੰ ਸਾਵਧਾਨ ਕਰਦਿਆਂ ਕਿਹਾ ਕਿ ਅਜਿਹੇ ਹੋਛੇ ਢੰਗ-ਤਰੀਕੇ ਕਿਸਾਨਾਂ ਵੱਲੋਂ ਲਏ ਗਏ ਅਹਿਦ ਨੂੰ ਕਮਜ਼ੋਰ ਕਰਨ ਦੀ ਬਜਾਏ ਉਨ੍ਹਾਂ ਨੂੰ ਆਪਣਾ ਰੁਖ਼ ਹੋਰ ਸਖਤ ਕਰਨ ਲਈ ਮਜਬੂਰ ਕਰਨਗੇ।
Farmer Protest
ਉਨ੍ਹਾਂ ਭਾਰਤ ਸਰਕਾਰ ਦੀ ਨੀਅਤ 'ਤੇ ਸਵਾਲ ਉਠਾਉਂਦਿਆਂ ਕਿਹਾ ਕਿ ਅਜਿਹੀਆਂ ਡਰਾਉਣੀਆਂ ਕਾਰਵਾਈਆਂ ਦੇ ਜ਼ਰੀਏ ਉਹ ਕਿਸਾਨਾਂ ਦੇ ਸੰਘਰਸ਼ ਨੂੰ ਦਬਾਉਣ ਉਤੇ ਤੁਲੀ ਹੋਈ ਹੈ। ਕੈਪਟਨ ਅਮਰਿੰਦਰ ਸਿੰਘ ਨੇ ਚਿਤਾਵਨੀ ਦਿੰਦਿਆਂ ਕਿਹਾ ਕਿ ਜੇ ਸਥਿਤੀ ਹੱਥੋਂ ਬਾਹਰ ਨਿਕਲ ਗਈ ਤਾਂ ਇਸ ਉਤੇ ਕਾਬੂ ਪਾਉਣ ਲਈ ਭਾਜਪਾ ਦੇ ਸਭ ਤੋਂ ਸ਼ਕਤੀਸ਼ਾਲੀ ਆਗੂ ਵੀ ਕੁੱਝ ਨਹੀਂ ਕਰ ਸਕਣਗੇ।
NIA
ਮੁੱਖ ਮੰਤਰੀ ਨੇ ਕਿਹਾ ਕਿ ਖਤਰਨਾਕ ਖੇਤੀ ਕਾਨੂੰਨਾਂ ਕਾਰਨ ਪੈਦਾ ਹੋਏ ਸੰਕਟ ਨੂੰ ਹੱਲ ਕਰਨ ਦੀ ਬਜਾਏ ਭਾਜਪਾ ਦੀ ਅਗਵਾਈ ਵਾਲੀ ਕੇਂਦਰ ਸਰਕਾਰ ਅੰਦੋਲਨਕਾਰੀ ਕਿਸਾਨਾਂ ਅਤੇ ਉਨ੍ਹਾਂ ਦੇ ਹਮਾਇਤੀਆਂ ਨੂੰ ਸਤਾਉਣ ਅਤੇ ਤੰਗ ਪ੍ਰੇਸ਼ਾਨ ਕਰਨ ਦੀ ਕੋਸ਼ਿਸ਼ ਕਰ ਰਹੀ ਹੈ। ਉਨ੍ਹਾਂ ਕਿਹਾ ਕਿ ਅਜਿਹੇ ਕਦਮ ਨਾਲ ਕਿਸਾਨ ਹੋਰ ਵੀ ਸਖਤ ਰੁਖ਼ ਅਖਤਿਆਰ ਕਰਨ ਲਈ ਮਜਬੂਰ ਹੋਣਗੇ।
Capt Amrinder Singh
ਮੁੱਖ ਮੰਤਰੀ ਨੇ ਕਿਹਾ ਕਿ ਇਹ ਜ਼ਾਹਰ ਹੈ ਕਿ ਭਾਜਪਾ ਦੀ ਅਗਵਾਈ ਵਾਲੀ ਐਨ.ਡੀ.ਏ. ਸਰਕਾਰ ਨੂੰ ਨਾ ਤਾਂ ਕਿਸਾਨਾਂ ਦੀ ਚਿੰਤਾ ਹੈ ਅਤੇ ਨਾ ਹੀ ਉਨ੍ਹਾਂ ਦੀ ਮਾਨਸਿਕਤਾ ਦੀ ਸਮਝ ਹੈ। ਉਨ੍ਹਾਂ ਕਿਹਾ, ''ਪੰਜਾਬੀ ਸੁਭਾਅ ਤੋਂ ਹੀ ਜੁਝਾਰੂ ਹੁੰਦੇ ਹਨ ਅਤੇ ਉਨ੍ਹਾਂ ਦੀ ਜੂਝਣ ਦੀ ਭਾਵਨਾ ਉਨ੍ਹਾਂ ਨੂੰ ਦੁਨੀਆ ਵਿੱਚ ਸਰਵੋਤਮ ਯੋਧੇ ਬਣਾਉਂਦੀ ਹੈ।'' ਉਨ੍ਹਾਂ ਅੱਗੇ ਕਿਹਾ ਕਿ ਕੇਂਦਰ ਸਰਕਾਰ ਵੱਲੋਂ ਚੁੱਕੇ ਜਾਣ ਵਾਲੇ ਸਖਤ ਕਦਮਾਂ ਨਾਲ ਪੰਜਾਬ ਦੇ ਕਿਸਾਨ ਇਸ ਦੀ ਨਕਰਾਤਮਕ ਪ੍ਰਤੀਕਿਰਿਆ ਦੇਣਗੇ।
PM Modi - Amit Shah
ਕੈਪਟਨ ਅਮਰਿੰਦਰ ਸਿੰਘ ਨੇ ਭਾਰਤ ਸਰਕਾਰ ਵੱਲੋਂ ਕਿਸਾਨਾਂ ਦੀਆਂ ਹੱਕੀ ਤੇ ਜਾਇਜ਼ ਮੰਗਾਂ ਦਾ ਲਗਾਤਾਰ ਵਿਰੋਧ ਕੀਤੇ ਜਾਣ ਅਤੇ ਦਿੱਲੀ ਦੀ ਹੱਡ ਚੀਰਵੀਂ ਠੰਢ ਦਾ ਸਾਹਮਣਾ ਕਰ ਰਹੇ ਕਿਸਾਨਾਂ, ਜਿਨ੍ਹਾਂ ਵਿੱਚੋਂ ਕਈਆਂ ਦੀ ਮੌਤ ਹੋ ਚੁੱਕੀ ਹੈ, ਦੇ ਖਦਸ਼ਿਆਂ ਨੂੰ ਨਾ ਸਮਝਣ ਉਤੇ ਹੈਰਾਨੀ ਜ਼ਾਹਰ ਕੀਤੀ। ਉਨ੍ਹਾਂ ਕਿਹਾ ਕਿ ਨਾ ਸਿਰਫ ਕੇਂਦਰ ਸਰਕਾਰ ਆਪਣੀ ਹਊਮੇ ਕਾਰਨ ਕਾਲੇ ਖੇਤੀ ਕਾਨੂੰਨਾਂ ਨੂੰ ਵਾਪਸ ਨਾ ਲੈਣ ਉਤੇ ਅੜੀ ਹੋਈ ਹੈ ਸਗੋਂ ਉਹ ਕਿਸਾਨਾਂ ਦੀ ਹੱਕੀ ਆਵਾਜ਼ ਨੂੰ ਦਬਾਉਣ ਲਈ ਸ਼ਰ੍ਹੇਆਮ ਧੱਕੇਸ਼ਾਹੀ ਵਾਲਾ ਵਤੀਰਾ ਅਪਣਾ ਰਹੀ ਹੈ।
Captain Amarinder Singh
ਇਸ ਸਬੰਧੀ ਵਿੱਚ ਇਕ ਮਹੀਨਾ ਪਹਿਲਾਂ ਪੰਜਾਬ ਦੇ ਕਈ ਵੱਡੇ ਆੜ੍ਹਤੀਆਂ ਨੂੰ ਆਮਦਨ ਕਰ ਦਾ ਨੋਟਿਸ ਭੇਜੇ ਜਾਣ ਅਤੇ ਹੁਣ ਐਨ.ਆਈ.ਏ. ਵੱਲੋਂ ਨੋਟਿਸ ਭੇਜੇ ਜਾਣ ਦਾ ਹਵਾਲਾ ਦਿੰਦਿਆਂ ਉਨ੍ਹਾਂ ਕਿਹਾ ਕਿ ਇਹ ਕਾਰਵਾਈਆਂ ਕਿਸਾਨਾਂ ਉਤੇ ਆਪਣਾ ਅੰਦੋਲਨ ਵਾਪਸ ਲੈਣ ਲਈ ਦਬਾਅ ਪਾਉਣ ਲਈ ਕੀਤੀਆਂ ਜਾ ਰਹੀਆਂ ਹਨ।
Farmers - PM Modi
ਮੁੱਖ ਮੰਤਰੀ ਨੇ ਇਹ ਵੀ ਕਿਹਾ ਕਿ ਇਹ ਹੋਛੀਆਂ ਕਾਰਵਾਈਆਂ ਕਿਸਾਨਾਂ ਅਤੇ ਆਪਣੀ ਹੋਂਦ ਦੀ ਲੜਾਈ ਲੜ ਰਹੇ ਅੰਨਦਾਤਿਆਂ ਦੀ ਹਮਾਇਤ ਕਰ ਰਹੇ ਲੱਖਾਂ ਹੀ ਭਾਰਤੀਆਂ ਦੀ ਆਵਾਜ਼ ਦਬਾ ਨਹੀਂ ਸਕਦੀਆਂ। ਉਨ੍ਹਾਂ ਕਿਹਾ ਕਿ ਜੇਕਰ ਕੇਂਦਰ ਸਰਕਾਰ ਨੂੰ ਕੋਈ ਸ਼ਰਮ ਹੈ ਤਾਂ ਉਹ ਤੁਰੰਤ ਹੀ ਖੇਤੀ ਕਾਨੂੰਨਾਂ ਨੂੰ ਵਾਪਸ ਲਵੇ ਅਤੇ ਸਾਰੀਆਂ ਸਬੰਧਤ ਧਿਰਾਂ ਖਾਸ ਕਰਕੇ ਕਿਸਾਨਾਂ ਨਾਲ ਬੈਠ ਕੇ ਗੱਲਬਾਤ ਕਰੇ ਤਾਂ ਜੋ ਸਹੀ ਅਰਥਾਂ ਵਿੱਚ ਹਿੱਤਕਾਰੀ ਖੇਤੀਬਾੜੀ ਸੁਧਾਰ ਲਿਆਂਦੇ ਜਾ ਸਕਣ।