
ਭਾਰਤ ਦੀ ਅਸਲੀ ਸੀਮਾ ਅੰਦਰ ਉਸਾਰੇ ਪਿੰਡ ਵਿਚ ਬਣਾਏ 101 ਦੇ ਕਰੀਬ ਘਰ
ਨਵੀਂ ਦਿੱਲੀ : ਭਾਰਤ ਅਤੇ ਚੀਨ ਵਿਚਾਲੇ ਪਿਛਲੇ ਸਾਲ ਚਰਮ ਸੀਮਾ ਤੇ ਪਹੁੰਚੇ ਤਣਾਅ ਵਿਚ ਇਸ ਸਾਲ ਮੁੜ ਵਾਧਾ ਹੋਣ ਦੇ ਆਸਾਰ ਬਣ ਗਏ ਹਨ। ਇਸ ਵਾਰ ਤਣਾਅ ਵਧਣ ਪਿਛੇ ਚੀਨ ਦੀ ਨਵੀਂ ਚਲਾਕੀ ਹੈ ਜੋ ਸੈਟੇਲਾਈਟ ਤਸਵੀਰਾਂ ਜ਼ਰੀਏ ਸਾਹਮਣੇ ਆਈ ਹੈ। ਮੀਡੀਆ ਦੇ ਇਕ ਹਿੱਸੇ ਵਿਚ ਵਾਇਰਲ ਤਸਵੀਰਾਂ ਮੁਤਾਬਕ ਚੀਨ ਨੇ ਅਰੁਣਾਚਲ ਪ੍ਰਦੇਸ਼ ਵਿਚ ਇਕ ਨਵਾਂ ਪਿੰਡ ਵਸਾ ਲਿਆ ਹੈ। ਇਸ ਪਿੰਡ ਵਿਚ 101 ਦੇ ਕਰੀਬ ਨਵੇਂ ਬਣੇ ਘਰ ਵਿਖਾਈ ਦੇ ਰਹੇ ਹਨ। 1 ਨਵੰਬਰ , 2020 ਨੂੰ ਲਈਆਂ ਗਈਆਂ ਇਨ੍ਹਾਂ ਤਸਵੀਰਾਂ ਨੂੰ ਲੈ ਕੇ ਹਲਚਲ ਸ਼ੁਰੂ ਹੋ ਗਈ ਹੈ।
Satellite images
ਸੂਤਰਾਂ ਮੁਤਾਬਕ ਇਹ ਪਿੰਡ ਊਪਰੀ ਸੁਬਨਸ਼ਿਰੀ ਜ਼ਿਲ੍ਹੇ ਦੇ ਤਸਾਰੀ ਚੂ ਨਦੀ ਦੇ ਕੰਡੇ ਉੱਤੇ ਮੌਜੂਦ ਹੈ। ਇਹ ਉਹ ਇਲਾਕਾ ਹੈ, ਜਿੱਥੇ ਦੋਵਾਂ ਦੇਸ਼ਾਂ ਵਿਚਾਲੇ ਲੰਬੇ ਸਮੇਂ ਤੋਂ ਵਿਵਾਦ ਚੱਲ ਰਿਹਾ ਹੈ। ਇਹ ਪਿੰਡ ਹਿਮਾਲਾ ਦੇ ਪੂਰਵੀ ਰੇਂਜ ਵਿਚ ਉਸ ਸਮੇਂ ਬਣਾਇਆ ਗਿਆ ਜਦੋਂ ਕੁੱਝ ਸਮਾਂ ਪਹਿਲਾਂ ਦੋਵਾਂ ਦੇਸ਼ਾਂ ਦੀਆਂ ਫੌਜਾਂ ਵਿਚਾਲੇ ਗਲਵਾਨ ਘਾਟੀ ਵਿਚ ਇਕ ਹਿੰਸਕ ਝੜਪ ਹੋਈ ਸੀ। ਇਸ ਝੜਪ ਵਿਚ ਭਾਰਤ ਦੇ 20 ਜਵਾਨ ਸ਼ਹੀਦ ਹੋ ਗਏ ਸਨ।
Satellite images
ਉਸ ਸਮੇਂ ਚੀਨ ਦੇ ਵੀ ਕਈ ਫੌਜੀ ਹਲਾਕ ਹੋਏ ਸਨ ਜਿਨ੍ਹਾਂ ਬਾਰੇ ਚੀਨ ਨੇ ਆਧਿਕਾਰਿਕ ਤੌਰ ‘ਤੇ ਕਦੇ ਵੀ ਖੁਲਾਸਾ ਨਹੀਂ ਕੀਤਾ। ਇਹ ਵਿਵਾਦ ਕਈ ਦੌਰ ਦੀਆਂ ਮੀਟਿੰਗਾਂ ਤੋਂ ਬਾਅਦ ਵੀ ਅਜੇ ਤੱਕ ਹੱਲ ਨਹੀਂ ਹੋਇਆ। ਕੜਾਕੇ ਦੇ ਠੰਡ ਅਤੇ ਔਖੇ ਹਾਲਾਤਾਂ ਵਿਚ ਦੋਵਾਂ ਦੇਸ਼ਾਂ ਦੇ ਜਵਾਨ ਅਜੇ ਵੀ ਸਰਹੱਦਾਂ ਤੇ ਡਟੇ ਹੋਏ ਹਨ। ਪਰ ਜੇਕਰ ਤਸਵੀਰਾਂ ਵਿਚਲੇ ਦ੍ਰਿਸ਼ ਸਹੀ ਸਾਬਤ ਹੁੰਦੇ ਹਨ ਤਾਂ ਦੋਵਾਂ ਦੇਸ਼ਾਂ ਵਿਚਾਲੇ ਤਣਾਅ ਮੁੜ ਵਧ ਸਕਦਾ ਹੈ।
Satellite images
ਸੂਤਰਾਂ ਮੁਤਾਬਕ ਨਵੀਂ ਤਸਵੀਰ 1 ਨਵੰਬਰ , 2020 ਦੀ ਹੈ। ਇਸ ਦਾ ਮਿਲਾਣ ਜਦੋਂ 26 ਅਗਸਤ 2019 ਦੀ ਤਸਵੀਰ ਨਾਲ ਕੀਤਾ ਜਾਂਦਾ ਹੈ ਤਾਂ ਉਸ ਸਮੇਂ ਉਥੇ ਕੋਈ ਉਸਾਰੀ ਵਿਖਾਈ ਨਹੀਂ ਦਿੱਤੀ। ਇਸ ਤੋਂ ਅੰਦਾਜ਼ਾ ਲਾਇਆ ਜਾ ਰਿਹਾ ਹੈ ਕਿ ਚੀਨ ਨੇ ਇਹ ਉਸਾਰੀ ਪਿਛਲੇ ਇਕ ਸਾਲ ਦੌਰਾਨ ਹੀ ਕੀਤੀ ਹੋਵੇਗੀ।
Satellite images
ਦੂਜੇ ਪਾਸੇ ਸਬੰਧਤ ਮੰਤਰਾਲੇ ਨੇ ਇਨ੍ਹਾਂ ਤਸਵੀਰਾਂ ਨੂੰ ਸਿੱਧੇ ਤੌਰ 'ਤੇ ਖਾਰਿਜ ਨਾ ਕਰਦਿਆ ਰਿਹਾ ਹੈ ਕਿ ਸਾਨੂੰ ਚੀਨ ਵਲੋਂ ਭਾਰਤ ਦੇ ਸਰਹੱਦੀ ਇਲਾਕਿਆਂ ਵਿਚ ਉਸਾਰੀ ਗਤੀਵਿਧੀਆਂ ਤੇਜ ਕਰਨ ਦੀਆਂ ਖ਼ਬਰਾਂ ਮਿਲੀਆਂ ਹਨ। ਚੀਨ ਨੇ ਪਿਛਲੇ ਕੁੱਝ ਸਾਲਾਂ ਵਿਚ ਸਰਹੱਦੀ ਇਲਾਕਿਆਂ ਨੇੜੇ ਉਸਾਰੀ ਗਤੀਵਿਧੀਆਂ ਸ਼ੁਰੂ ਕੀਤੀਆਂ ਹਨ ਜਿਨ੍ਹਾਂ ਤੇ ਨਜ਼ਰ ਰੱਖੀ ਜਾ ਰਹੀ ਹੈ। ਸਰਕਾਰ ਮੁਤਾਬਕ ਉਹ ਸਰਹੱਦਾਂ ਨੇੜੇ ਆਪਣੇ ਇੰਫਰਾਸਟਰਕਚਰ ਨੂੰ ਲਗਾਤਾਰ ਬਿਹਤਰ ਕਰਨ ਨੂੰ ਲੈ ਕੇ ਵਚਨਬੱਧ ਹੈ।