
ਨਾਬਾਲਗ ਲੜਕੀ ਗਰਭਵਤੀ ਹੋ ਗਈ ਸੀ, ਤੇ ਦੋਸ਼ੀ ਨੇ ਗਰਭਪਾਤ ਦਾ ਦਬਾਅ ਵੀ ਪਾਇਆ ਸੀ
ਇਡੁੱਕੀ - ਕੇਰਲ ਦੀ ਇੱਕ ਅਦਾਲਤ ਨੇ ਇੱਕ ਵਿਅਕਤੀ ਨੂੰ ਆਪਣੀ ਨਾਬਾਲਗ ਮਤਰੇਈ ਧੀ ਨਾਲ ਬਲਾਤਕਾਰ ਕਰਨ ਦੇ ਦੋਸ਼ ਵਿਚ ਕੁੱਲ 40 ਸਾਲ ਕੈਦ ਦੀ ਸਜ਼ਾ ਸੁਣਾਈ ਹੈ।
ਇਹ ਮਾਮਲਾ 2017 ਦਾ ਹੈ ਅਤੇ ਨਾਬਾਲਗ ਲੜਕੀ (15) ਬਲਾਤਕਾਰ ਤੋਂ ਬਾਅਦ ਗਰਭਵਤੀ ਹੋ ਗਈ ਸੀ।
ਇਡੁੱਕੀ ਫ਼ਾਸਟ ਟਰੈਕ ਅਦਾਲਤ ਦੇ ਜੱਜ ਟੀ.ਜੀ. ਵਰਗੀਸ ਨੇ ਮੰਗਲਵਾਰ ਨੂੰ 41 ਸਾਲਾ ਵਿਅਕਤੀ ਨੂੰ ਭਾਰਤੀ ਦੰਡ ਵਿਧਾਨ ਦੀਆਂ ਵੱਖ-ਵੱਖ ਧਾਰਾਵਾਂ ਅਤੇ ਜਿਨਸੀ ਅਪਰਾਧਾਂ ਤੋਂ ਬੱਚਿਆਂ ਦੀ ਸੁਰੱਖਿਆ (ਪੋਕਸੋ) ਐਕਟ ਤਹਿਤ ਜੇਲ੍ਹ ਕੱਟਣ ਦੇ ਵੱਖ-ਵੱਖ ਸਮਿਆਂ ਦੀ 40 ਸਾਲ ਦੀ ਸਜ਼ਾ ਸੁਣਾਈ।
ਵਿਸ਼ੇਸ਼ ਸਰਕਾਰੀ ਵਕੀਲ (ਐੱਸ.ਪੀ.ਪੀ.) ਸ਼ਿਜੋ ਮੋਨ ਜੋਸੇਫ਼ ਨੇ ਕਿਹਾ ਕਿ ਕੈਦ ਦੀਆਂ ਵੱਖ-ਵੱਖ ਸਮੇਂ ਦੀਆਂ ਸਜ਼ਾਵਾਂ ਇੱਕੋ ਸਮੇਂ ਚੱਲਣਗੀਆਂ, ਇਸ ਲਈ ਉਸ ਨੂੰ ਸਿਰਫ਼ 10 ਸਾਲ ਦੀ ਜੇਲ੍ਹ ਕੱਟਣੀ ਪਵੇਗੀ।
ਸਰਕਾਰੀ ਵਕੀਲ ਨੇ ਕਿਹਾ ਕਿ ਵਿਅਕਤੀ ਨੇ ਮਤਰੇਈ ਧੀ 'ਤੇ ਗਰਭਪਾਤ ਕਰਵਾਉਣ ਲਈ ਵੀ ਦਬਾਅ ਪਾਇਆ ਸੀ।
ਐਸ.ਪੀ.ਪੀ. ਨੇ ਦੱਸਿਆ ਕਿ ਅਦਾਲਤ ਨੇ ਦੋਸ਼ੀ ਨੂੰ ਇੱਕ ਲੱਖ ਰੁਪਏ ਦਾ ਜੁਰਮਾਨਾ ਵੀ ਲਗਾਇਆ ਹੈ ਅਤੇ ਜ਼ਿਲ੍ਹਾ ਕਾਨੂੰਨੀ ਸੇਵਾਵਾਂ ਅਥਾਰਟੀ ਨੂੰ ਪੀੜਤ ਦੇ ਮੁੜ ਵਸੇਬੇ ਲਈ 50,000 ਰੁਪਏ ਅਦਾ ਕਰਨ ਦੇ ਨਿਰਦੇਸ਼ ਦਿੱਤੇ ਹਨ।
ਸਰਕਾਰੀ ਵਕੀਲ ਨੇ ਦੱਸਿਆ ਕਿ ਇਹ ਅਪਰਾਧ ਪੋਕਸੋ ਐਕਟ ਵਿੱਚ ਸੋਧ ਤੋਂ ਪਹਿਲਾਂ 2017 ਵਿੱਚ ਹੋਇਆ ਸੀ, ਇਸ ਲਈ ਦੋਸ਼ੀ ਨੂੰ ਸਿਰਫ਼ 10 ਸਾਲ ਦੀ ਸਜ਼ਾ ਦਿੱਤੀ ਗਈ।
ਉਨ੍ਹਾਂ ਕਿਹਾ ਕਿ ਐਕਟ 2019 ਵਿੱਚ ਸੋਧ ਤੋਂ ਬਾਅਦ ਇਨ੍ਹਾਂ ਅਪਰਾਧਾਂ ਤਹਿਤ ਘੱਟੋ-ਘੱਟ 20 ਸਾਲ ਦੀ ਸਜ਼ਾ ਦਾ ਪ੍ਰਬੰਧ ਹੈ।