
IMF India Growth Forecast 2025: ਆਈਐਮਐਫ਼ ਅਨੁਸਾਰ 6.5 ਫ਼ੀ ਸਦੀ ਰਹੇਗੀ ਭਾਰਤ ਦੀ ਵਿਕਾਸ ਦਰ
IMF India Growth Forecast 2025: ਅੰਤਰਰਾਸ਼ਟਰੀ ਮੁਦਰਾ ਫ਼ੰਡ (ਆਈਐਮਐਫ਼) ਨੇ ਸ਼ੁਕਰਵਾਰ ਨੂੰ ਭਾਰਤ ਦੇ 2025-26 ਵਿੱਤੀ ਸਾਲ ਲਈ ਵਿਕਾਸ ਦਰ 6.5% ਰਹਿਣ ਦਾ ਅਨੁਮਾਨ ਲਗਾਇਆ ਹੈ। ਹਾਲਾਂਕਿ, ਆਈਐਮਐਫ਼ ਦਾ ਇਹ ਵੀ ਕਹਿਣਾ ਹੈ ਕਿ ਭਾਰਤ ਵਿਚ ਵਿਕਾਸ ਦਰ ਉਮੀਦ ਤੋਂ ਘੱਟ ਰਹੀ ਹੈ ਅਤੇ ਇਸਦਾ ਕਾਰਨ ਉਦਯੋਗਿਕ ਗਤੀਵਿਧੀਆਂ ਵਿਚ ਉਮੀਦ ਤੋਂ ਵੱਧ ਗਿਰਾਵਟ ਹੈ। ਇਸ ਤੋਂ ਪਹਿਲਾਂ ਵਰਲਡ ਬੈਂਕ ਨੇ ਵੀ ਭਾਰਤ ਦੀ ਅਰਥਵਿਵਸਥਾ ਦੀ ਮਜ਼ਬੂਤੀ ’ਤੇ ਭਰੋਸਾ ਜਤਾਇਆ ਹੈ। ਵਿਸ਼ਵ ਬੈਂਕ ਦਾ ਕਹਿਣਾ ਹੈ ਕਿ ਅਪ੍ਰੈਲ 2025 ਤੋਂ ਸ਼ੁਰੂ ਹੋਣ ਵਾਲੇ ਅਗਲੇ ਦੋ ਵਿੱਤੀ ਸਾਲਾਂ ’ਚ ਭਾਰਤ ਦੀ ਆਰਥਕ ਵਿਕਾਸ ਦਰ 6.7 ਫ਼ੀ ਸਦੀ ਸਾਲਾਨਾ ਰਹਿ ਸਕਦੀ ਹੈ।
ਅੰਤਰਰਾਸ਼ਟਰੀ ਮੁਦਰਾ ਫ਼ੰਡ ਨੇ 2025 ਲਈ ਅਪਣੇ ਆਉਟਲੁੱਕ ਵਿਚ ਕਿਹਾ ਹੈ ਕਿ ਭਾਰਤ ਨੂੰ ਸਭ ਤੋਂ ਵੱਧ ਵਿਕਾਸ ਦਰ ਹਾਸਲ ਕਰਨ ਦਾ ਅਨੁਮਾਨ ਹੈ। ਇਹ 2025 ਅਤੇ 2026 ਵਿਚ 6.5% ਦੀ ਰਫ਼ਤਾਰ ਨਾਲ ਵਧੇਗਾ, ਜੋ ਕਿ ਦੂਜੇ ਦੇਸ਼ਾਂ ਦੇ ਮੁਕਾਬਲੇ ਸਭ ਤੋਂ ਵੱਧ ਹੈ। ਆਈਐਮਐਫ਼ ਅਨੁਸਾਰ, ਅਮਰੀਕਾ ਦੀ ਵਿਕਾਸ ਦਰ 2.7%, ਜਰਮਨੀ ਦੀ 0.3%, ਇਟਲੀ ਦੀ 0.7%, ਜਾਪਾਨ ਦੀ 1.1%, ਬ੍ਰਿਟੇਨ ਦੀ 1.6%, ਕੈਨੇਡਾ ਦੀ 2.0%, ਚੀਨ ਦੀ 4.6%, ਰੂਸ ਦੀ 1.4%, ਬ੍ਰਾਜ਼ੀਲ ਦੀ 2.2% ਅਤੇ ਦਖਣੀ ਅਫ਼ਰੀਕਾ ਦੀ ਵਿਕਾਸ ਦਰ ਦਾ 1.5% ’ਤੇ ਰਹਿਣ ਦਾ ਅਨੁਮਾਨ ਹੈ। ਜਦੋਂ ਕਿ ਭਾਰਤ 6.5% ਦੀ ਵਿਕਾਸ ਦਰ ਨਾਲ ਅੱਗੇ ਵਧੇਗਾ।
ਇਸ ਤੋਂ ਪਹਿਲਾਂ ਵਿਸ਼ਵ ਬੈਂਕ ਨੇ ਅਪਣੀ ਗਲੋਬਲ ਆਰਥਕ ਸੰਭਾਵਨਾਵਾਂ ਦੀ ਰਿਪੋਰਟ ਵਿਚ ਕਿਹਾ ਹੈ ਕਿ ਭਾਰਤ ਦੇ ਮਜ਼ਬੂਤ ਵਿਕਾਸ ਦਰ ਦਿਖਾਉਣ ਦੀ ਉਮੀਦ ਹੈ ਅਤੇ ਅਗਲੇ ਦੋ ਸਾਲਾਂ ਤਕ ਦੁਨੀਆ ਦੀ ਸਭ ਤੋਂ ਤੇਜ਼ੀ ਨਾਲ ਵਧ ਰਹੀ ਅਰਥਵਿਵਸਥਾ ਬਣੇ ਰਹਿਣਗੇ।