
ਸੈਨਿਕ ਆਪ੍ਰੇਸ਼ਨ ਅਤੇ ਕੂਟਨੀਤਿਕ ਪਹਿਲ ਮਹੱਤਵਪੂਰਨ ਚੋਣ
ਨਵੀਂ ਦਿੱਲੀ : ਜੰਮੂ- ਕਸ਼ਮੀਰ ਵਿਚ ਸੁਰੱਖਿਆ ਬਲਾਂ 'ਤੇ ਹੋਏ ਸਭ ਤੋਂ ਵੱਡੇ ਅਤਿਵਾਦੀ ਹਮਲਿਆਂ ਵਿਚੋਂ ਇਕ ਵਿਚ ਸੀਆਰਪੀਐਫ਼ ਦੇ ਘੱਟ ਤੋਂ ਘੱਟ 40 ਜਵਾਨ ਸ਼ਹੀਦ ਹੋ ਗਏ। ਪਾਕਿਸਤਾਨ ਦੀ ਅਤਿਵਾਦੀ ਜਥੇਬੰਦੀ ਜੈਸ਼-ਏ-ਮੁਹੰਮਦ ਨੇ ਇਸ ਹਮਲੇ ਦੀ ਜ਼ਿੰਮੇਵਾਰੀ ਲਈ ਹੈ। ਅਤਿਵਾਦੀ ਹਮਲੇ ਨੂੰ ਲੈ ਕੇ ਪੂਰੇ ਦੇਸ਼ ਵਿਚ ਸੋਗ ਦੀ ਲਹਿਰ ਹੈ ਅਤੇ ਸਰਕਾਰ 'ਤੇ ਜਵਾਬੀ ਕਾਰਵਾਈ ਦਾ ਦਬਾਅ ਵੀ ਹੈ। ਇਸ ਸਬੰਧੀ ਗੱਲਬਾਤ ਦੌਰਾਨ ਜਨਰਲ ਬਿਕਰਮ ਸਿੰਘ ਨੇ ਕਿਹਾ ਕਿ ਇਹ ਪਿਛਲੇ ਦੋ ਦਹਾਕਿਆਂ ਤੋਂ ਵੀ ਜ਼ਿਆਦਾ ਸਮੇਂ 'ਚ ਕਸ਼ਮੀਰ ਵਿਚ ਸਭ ਤੋਂ ਭੈੜਾ ਅਤਿਵਾਦੀ ਹਮਲਾ ਹੈ। ਇਹ ਅਤਿਵਾਦੀਆਂ ਦਾ ਹਤਾਸ਼ਾ ਵਿਚ ਕੀਤਾ ਗਿਆ ਕਾਇਰਤਾ ਵਾਲਾ ਕੰਮ ਹੈ।
ਫ਼ਿਲਹਾਲ ਇਕ ਰਾਸ਼ਟਰ ਦੇ ਰੂਪ ਵਿਚ ਸਾਡਾ ਇਕਜੁੱਟ ਰਹਿਣਾ ਜ਼ਰੂਰੀ ਹੈ। ਉਨ੍ਹਾਂ ਕਿਹਾ ਕਿ ਅਜਿਹੇ ਵਿਚ ਆਪਰੇਸ਼ਲ ਬਹੁਤ ਸੋਚ ਸਮਝ ਕੇ ਚਲਾਉਣਾ ਪਏਗਾ ਤਾਂ ਕਿ ਨਿਸ਼ਾਨਾਂ ਵੀ ਸਾਧਿਆ ਜਾਵੇ ਅਤੇ ਅਪਣਾ ਕੋਈ ਨੁਕਸਾਨ ਵੀ ਨਾ ਹੋਵੇ। ਉਨ੍ਹਾਂ ਕਿਹਾ ਕਿ ਪਾਕਿਸਤਾਨ ਨੂੰ ਮੂੰਹਤੋੜ ਜਵਾਬ ਦੇਣ ਦੀਆਂ ਕਈ ਯੋਜਨਾਵਾਂ ਸੈਨਾ ਕੋਲ ਹਨ। ਸਰਕਾਰ ਜਾਣਦੀ ਹੈ ਕਿ ਕਦੋਂ ਅਤੇ ਕਿਵੇਂ ਇਸ ਦਾ ਜਵਾਬ ਦੇਣਾ ਹੈ। ਹੋ ਸਕਦਾ ਹੈ ਕਿ ਕਾਰਵਾਈ ਤੁਰਤ ਨਾ ਹੋਵੇ ਕਿਉਂਕਿ ਪਾਕਿਸਤਾਨ ਇਸ ਸਮੇਂ ਚੁਕੰਨਾ ਹੋਏਗਾ। ਇਸ ਲਈ ਕਾਰਵਾਈ ਲਈ ਥੋੜਾ ਇੰਤਜ਼ਾਰ ਕਰਨਾ ਪੈ ਸਕਦਾ ਹੈ। (ਪੀਟੀਆਈ)