
ਕਿਸਾਨਾਂ ਦੇ ‘ਦਿੱਲੀ ਚਲੋ’ ਮਾਰਚ ਦੇ ਮੱਦੇਨਜ਼ਰ ਬੀਤੇ ਸੋਮਵਾਰ ਰਾਤ ਨੂੰ ‘ਅਚਾਨਕ ਸੀਲ’ ਕਰ ਦਿਤਾ ਗਿਆ ਸੀ ਲਾਲ ਕਿਲ੍ਹਾ
ਨਵੀਂ ਦਿੱਲੀ: ਕਿਸਾਨਾਂ ਦੇ ਮਾਰਚ ਦੇ ਮੱਦੇਨਜ਼ਰ ਸੁਰੱਖਿਆ ਕਾਰਨਾਂ ਤੋਂ ਕਰੀਬ ਇਕ ਹਫਤਾ ਪਹਿਲਾਂ ਸੈਲਾਨੀਆਂ ਲਈ ਬੰਦ ਕੀਤੇ ਗਏ ਇਤਿਹਾਸਕ ਲਾਲ ਕਿਲ੍ਹੇ ਦੇ ਕੰਪਲੈਕਸ ਨੂੰ ਮੁੜ ਖੋਲ੍ਹ ਦਿਤਾ ਗਿਆ ਹੈ। ਅਧਿਕਾਰਤ ਸੂਤਰਾਂ ਨੇ ਐਤਵਾਰ ਨੂੰ ਇਹ ਜਾਣਕਾਰੀ ਦਿਤੀ ।
ਪੁਰਾਣੀ ਦਿੱਲੀ ’ਚ ਮੁਗਲ ਕਾਲ ਦੇ ਵਿਸ਼ਵ ਵਿਰਾਸਤ ਸਥਾਨ ਨੂੰ ਸੁਰੱਖਿਆ ਕਾਰਨਾਂ ਕਰ ਕੇ ਸੋਮਵਾਰ ਰਾਤ ਨੂੰ ‘ਅਚਾਨਕ ਸੀਲ’ ਕਰ ਦਿਤਾ ਗਿਆ ਸੀ। ਭਾਰਤੀ ਪੁਰਾਤੱਤਵ ਸਰਵੇਖਣ (ਏ.ਐੱਸ.ਆਈ.) ਦੇ ਇਕ ਸੀਨੀਅਰ ਅਧਿਕਾਰੀ ਨੇ ਦਸਿਆ ਕਿ ਇਸ ਨੂੰ ਦੋ ਦਿਨ ਪਹਿਲਾਂ ਮੁੜ ਖੋਲ੍ਹਿਆ ਗਿਆ ਸੀ।
ਲਾਲ ਕਿਲ੍ਹਾ ਸੋਮਵਾਰ ਨੂੰ ਸੈਲਾਨੀਆਂ ਲਈ ਨਿਯਮਤ ਤੌਰ ’ਤੇ ਬੰਦ ਰਹਿੰਦਾ ਹੈ, ਇਸ ਲਈ ਉਨ੍ਹਾਂ ਨੂੰ 19 ਫ਼ਰਵਰੀ ਨੂੰ ਕੰਪਲੈਕਸ ’ਚ ਦਾਖਲ ਹੋਣ ਦੀ ਇਜਾਜ਼ਤ ਨਹੀਂ ਮਿਲੇਗੀ। ਕਿਸਾਨਾਂ ਦੇ ‘ਦਿੱਲੀ ਚਲੋ’ ਮਾਰਚ ਦੇ ਮੱਦੇਨਜ਼ਰ ਪੁਲਿਸ ਅਤੇ ਨੀਮ ਫ਼ੌਜੀ ਫ਼ੋਰਸ ਦੀ ਭਾਰੀ ਤਾਇਨਾਤੀ ਦੇ ਮੱਦੇਨਜ਼ਰ ਸੁਰੱਖਿਆ ਕਾਰਨਾਂ ਕਰ ਕੇ ਲਾਲ ਕਿਲ੍ਹੇ ਨੂੰ ਸੈਲਾਨੀਆਂ ਲਈ ਅਸਥਾਈ ਤੌਰ ’ਤੇ ਬੰਦ ਕਰ ਦਿਤਾ ਗਿਆ ਸੀ।
ਸੂਤਰਾਂ ਨੇ ਦਸਿਆ ਕਿ ਸੈਰ-ਸਪਾਟਾ ਸਥਾਨ ਨੂੰ ਦੁਬਾਰਾ ਖੋਲ੍ਹਣ ਲਈ ਅਧਿਕਾਰਤ ਤੌਰ ’ਤੇ ਕੋਈ ਹੁਕਮ ਜਾਰੀ ਨਹੀਂ ਕੀਤਾ ਗਿਆ ਹੈ। ਇਸ ਨੂੰ ਪੁਲਿਸ ਦੇ ਹੁਕਮਾਂ ਅਨੁਸਾਰ ਬੰਦ ਕਰ ਦਿਤਾ ਗਿਆ ਸੀ ਅਤੇ ਉਸ ਅਨੁਸਾਰ ਮੁੜ ਖੋਲ੍ਹਿਆ ਗਿਆ ਹੈ।