
ਈ.ਡੀ. ਹੁਣ ਇਕ ਨਵੀਂ ਪੂਰਕ ਚਾਰਜਸ਼ੀਟ ਦਾਇਰ ਕਰ ਸਕਦੀ ਹੈ
ਨਵੀਂ ਦਿੱਲੀ : ਰਾਸ਼ਟਰਪਤੀ ਦ੍ਰੌਪਦੀ ਮੁਰਮੂ ਨੇ ਆਮ ਆਦਮੀ ਪਾਰਟੀ (ਆਪ) ਦੇ ਨੇਤਾ ਅਤੇ ਦਿੱਲੀ ਦੇ ਸਾਬਕਾ ਮੰਤਰੀ ਸਤੇਂਦਰ ਜੈਨ ’ਤੇ ਮਨੀ ਲਾਂਡਰਿੰਗ ਦੇ ਮਾਮਲੇ ’ਚ ਮੁਕੱਦਮਾ ਚਲਾਉਣ ਦੀ ਮਨਜ਼ੂਰੀ ਦੇ ਦਿਤੀ ਹੈ। ਦਿੱਲੀ ਦੇ 60 ਸਾਲ ਦੇ ਸਾਬਕਾ ਸਿਹਤ ਮੰਤਰੀ ਵਿਰੁਧ ਭਾਰਤੀ ਨਾਗਰਿਕ ਸੁਰੱਖਿਆ ਸੰਹਿਤਾ ਦੀ ਧਾਰਾ 218 ਤਹਿਤ ਮਨਜ਼ੂਰੀ ਮੰਗੀ ਗਈ ਸੀ।
ਸੂਤਰਾਂ ਨੇ ਦਸਿਆ ਕਿ ਗ੍ਰਹਿ ਮੰਤਰਾਲੇ ਨੇ ਰਾਸ਼ਟਰਪਤੀ ਨੂੰ ਬੇਨਤੀ ਕੀਤੀ ਸੀ ਕਿ ਇਨਫੋਰਸਮੈਂਟ ਡਾਇਰੈਕਟੋਰੇਟ (ਈ.ਡੀ.) ਦੀ ਜਾਂਚ ਅਤੇ ਢੁਕਵੇਂ ਸਬੂਤਾਂ ਦੀ ਮੌਜੂਦਗੀ ਦੇ ਆਧਾਰ ’ਤੇ ਜੈਨ ’ਤੇ ਮੁਕੱਦਮਾ ਚਲਾਉਣ ਦੀ ਮਨਜ਼ੂਰੀ ਦਿਤੀ ਜਾਵੇ। ਬੀ.ਐਨ.ਐਸ.ਐਸ. ਦੀ ਧਾਰਾ 218 ਸਰਕਾਰੀ ਕਰਮਚਾਰੀਆਂ ਅਤੇ ਜੱਜਾਂ ਵਿਰੁਧ ਮੁਕੱਦਮਾ ਚਲਾਉਣ ਨੂੰ ਕੰਟਰੋਲ ਕਰਦੀ ਹੈ। ਇਹ ਅਪਣੇ ਅਧਿਕਾਰਤ ਫਰਜ਼ਨਿਭਾਉਂਦੇ ਸਮੇਂ ਕੀਤੇ ਗਏ ਕਥਿਤ ਅਪਰਾਧਾਂ ਲਈ ਦੋਸ਼ੀ ਵਿਰੁਧ ਦੋਸ਼ ਲਗਾਉਣ ਦੀ ਪ੍ਰਕਿਰਿਆ ਦੀ ਰੂਪ ਰੇਖਾ ਤਿਆਰ ਕਰਦਾ ਹੈ।
ਸੂਤਰਾਂ ਨੇ ਦਸਿਆ ਕਿ ਈ.ਡੀ. ਹੁਣ ਇਕ ਨਵੀਂ ਪੂਰਕ ਚਾਰਜਸ਼ੀਟ ਦਾਇਰ ਕਰ ਸਕਦੀ ਹੈ, ਜਿਸ ਵਿਚ ਰਾਸ਼ਟਰਪਤੀ ਦੀ ਮੁਕੱਦਮਾ ਚਲਾਉਣ ਦੀ ਮਨਜ਼ੂਰੀ ਬਾਰੇ ਅਦਾਲਤ ਨੂੰ ਸੂਚਿਤ ਕੀਤਾ ਜਾ ਸਕਦਾ ਹੈ। ਸੰਘੀ ਏਜੰਸੀ ਨੇ ਜੈਨ ’ਤੇ ਕਥਿਤ ਹਵਾਲਾ ਲੈਣ-ਦੇਣ ਨਾਲ ਜੁੜੇ ਮਨੀ ਲਾਂਡਰਿੰਗ ਦੇ ਮਾਮਲੇ ’ਚ ਮਾਮਲਾ ਦਰਜ ਕੀਤਾ ਸੀ ਅਤੇ ਮਈ 2022 ’ਚ ਉਸ ਨੂੰ ਗ੍ਰਿਫਤਾਰ ਕੀਤਾ ਸੀ।
ਜਦੋਂ ਜੈਨ ਨੂੰ ਈ.ਡੀ. ਦੀ ਹਿਰਾਸਤ ’ਚ ਲਿਆ ਗਿਆ ਸੀ ਤਾਂ ਉਨ੍ਹਾਂ ਕੋਲ ਸਿਹਤ, ਸ਼ਕਤੀ ਅਤੇ ਕੁੱਝ ਹੋਰ ਵਿਭਾਗ ਸਨ। ਉਹ ਫਿਲਹਾਲ ਜ਼ਮਾਨਤ ’ਤੇ ਬਾਹਰ ਹੈ ਅਤੇ ਈ.ਡੀ. ਨੇ ਉਸ ’ਤੇ ਚਾਰਜਸ਼ੀਟ ਦਾਇਰ ਕੀਤੀ ਹੈ।