
ਤਾਲਾਬੰਦੀ ਦੌਰਾਨ ਨਵੀਆਂ ਛੋਟਾਂ
ਨਵੀਂ ਦਿੱਲੀ, 17 ਅਪ੍ਰੈਲ: ਸਰਕਾਰ ਨੇ ਕੋਰੋਨਾ ਵਾਇਰਸ ਨਾਲ ਸਿੱਝਣ ਲਈ ਚੱਲ ਰਹੀ ਤਾਲਾਬੰਦੀ ਤੋਂ ਕੁੱਝ ਹੋਰ ਖੇਤਰਾਂ ਨੂੰ ਛੋਟ ਦਿਤੀ ਹੈ। ਇਨ੍ਹਾਂ ਛੋਟਾਂ ਵਿਚ ਪੇਂਡੂ ਖੇਤਰਾਂ ਵਿਚ ਨਿਰਮਾਣ ਗਤੀਵਿਧੀਆਂ ਅਤੇ ਦੇਸ਼ ਭਰ ਵਿਚ ਪਾਣੀ ਦੀ ਸਪਲਾਈ, ਸਫ਼ਾਈ, ਬਿਜਲੀ, ਗ਼ੈਰ ਬੈਂਕਿੰਗ ਵਿੱਤੀ ਸੰਸਥਾਵਾਂ ਅਤੇ ਸਹਿਕਾਰੀ ਕਰਜ਼ਾ ਕਮੇਟੀਆਂ ਨੂੰ ਕੰਮ ਕਰਨ ਦੀ ਪ੍ਰਵਾਨਗੀ ਦੇਣਾ ਸ਼ਾਮਲ ਹੈ।
ਕੇਂਦਰੀ ਗ੍ਰਹਿ ਸਕੱਤਰ ਅਜੇ ਭੱਲਾ ਨੇ ਸਾਰੇ ਰਾਜਾਂ ਨੂੰ ਭੇਜੇ ਦਿਸ਼ਾ-ਨਿਰਦੇਸ਼ਾਂ ਵਿਚ ਕਿਹਾ ਕਿ ਇਮਾਰਤੀ ਲਕੜੀਆਂ ਵਾਲੇ ਦਰੱਖ਼ਤਾਂ ਨੂੰ ਛੱਡ ਕੇ ਜੰਗਲ ਦੇ ਹੋਰ ਦਰੱਖ਼ਤਾਂ, ਇਮਾਰਤੀ ਲਕੜੀਆਂ ਵਾਲੇ ਦਰੱਖ਼ਤਾਂ ਨੂੰ ਛੱਡ ਕੇ ਹੋਰ ਜੰਗਲੀ ਲਕੜਾਂ ਨੂੰ ਇਕੱਠਾ ਕਰਨ, ਕੱਟਣ ਆਦਿ ਲਈ ਆਦਿਵਾਸੀਆਂ ਅਤੇ ਵਣਵਾਸੀਆਂ ਨੂੰ ਤਾਲਾਬੰਦੀ ਤੋਂ ਤਿੰਨ ਮਈ ਤਕ ਛੋਟ ਦਿਤੀ ਜਾਵੇਗੀ।
ਭੱਲਾ ਨੇ ਕਿਹਾ ਕਿ ਪੇਂਡੂ ਖੇਤਰਾਂ ਵਿਚ ਉਸਾਰੀ ਕਾਰਜਾਂ ਦੀ ਵੀ ਪ੍ਰਵਾਨਗੀ ਦਿਤੀ ਜਾ ਰਹੀ ਹੈ। ਇਸ ਤੋਂ ਇਲਾਵਾ ਪਾਣੀ ਦੀ ਸਪਲਾਈ, ਸਫ਼ਾਈ, ਬਿਜਲੀ, ਦੂਰਸੰਚਾਰ ਦੀਆਂ ਲਾਈਨਾਂ ਅਤੇ ਕੇਬਲ ਵਿਛਾਉਣ ਦੀ ਆਗਿਆ ਦਿਤੀ ਜਾ ਰਹੀ ਹੈ। ਬਾਂਸ, ਨਾਰੀਅਲ, ਸੁਪਾਰੀ, ਕੋਕੋ, ਮਸਾਲੇ ਦੀ ਖੇਤੀ, ਕਟਾਈ, ਪੈਕੇਜਿੰਗ, ਵਿਕਰੀ ਅਤੇ ਮੰਡੀਕਰਨ ਨੂੰ ਤਾਲਾਬੰਦੀ ਦੌਰਾਨ ਛੋਟ ਦਿਤੀ ਗਈ ਹੈ। (ਏਜੰਸੀ)