
ਕੋਰੋਨਾ ਵਾਇਰਸ ਨੂੰ ਰੋਕਣ ਲਈ ਲਾਗੂ ਕੀਤੇ ਗਏ ਲੌਕਡਾਊਨ ਕਾਰਨ ਦੇਸ਼ ਦੇ ਕਈ ਸੂਬਿਆਂ ਦੇ ਕੁਝ ਹਿੱਸਿਆਂ ਵਿਚ ਕੋਰੋਨਾ ‘ਤੇ ਕਾਬੂ ਪਾ ਲਿਆ ਗਿਆ ਹੈ।
ਨਵੀਂ ਦਿੱਲੀ: ਕੋਰੋਨਾ ਵਾਇਰਸ ਨੂੰ ਰੋਕਣ ਲਈ ਲਾਗੂ ਕੀਤੇ ਗਏ ਲੌਕਡਾਊਨ ਕਾਰਨ ਦੇਸ਼ ਦੇ ਕਈ ਸੂਬਿਆਂ ਦੇ ਕੁਝ ਹਿੱਸਿਆਂ ਵਿਚ ਕੋਰੋਨਾ ‘ਤੇ ਕਾਬੂ ਪਾ ਲਿਆ ਗਿਆ ਹੈ। ਸਿਹਤ ਮੰਤਰਾਲੇ ਨੇ ਸ਼ਨੀਵਾਰ ਨੂੰ ਕਿਹਾ ਕਿ ਜ਼ਿਲ੍ਹਾ ਅਤੇ ਸੂਬਾ ਪੱਧਰ ‘ਤੇ ਕੀਤੇ ਗਏ ਚੰਗੇ ਕੰਮ ਦਾ ਨਤੀਜਾ ਹੈ ਕਿ 23 ਸੂਬਿਆਂ ਦੇ 47 ਜ਼ਿਲ੍ਹਿਆਂ ਵਿਚ ਘੱਟੋ ਘੱਟ 14 ਦਿਨਾਂ ਵਿਚ ਕੋਰੋਨਾ ਦਾ ਕੋਈ ਨਵਾਂ ਮਰੀਜ ਨਹੀਂ ਮਿਲਿਆ ਹੈ।
Photo
ਸਿਹਤ ਮੰਤਰਾਲੇ ਦੇ ਸੰਯੁਕਤ ਸਕੱਤਰ ਲਵ ਅਗ੍ਰਵਾਲ ਨੇ ਕਿਹਾ ਕਿ ਪੁੰਡੂਚੇਰੀ ਅਤੇ ਕਰਨਾਟਕ ਦੇ ਕੋਡਗੂ ਜ਼ਿਲ੍ਹੇ ਵਿਚ ਪਿਛਲੇ 28 ਦਿਨਾਂ ਤੋਂ ਕੋਈ ਮਾਮਲਾ ਸਾਹਮਣੇ ਨਹੀਂ ਆਇਆ ਹੈ। ਹਾਲਾਂਕਿ 3 ਸੂਬਿਆਂ ਵਿਚ 3 ਜ਼ਿਲ੍ਹੇ ਅਜਿਹੇ ਹਨ ਜਿਥੇ 14 ਦਿਨਾਂ ਤੱਕ ਇਕ ਵੀ ਮਰੀਜ਼ ਨਾ ਮਿਲਣ ਤੋਂ ਬਾਅਦ ਕੋਰੋਨਾ ਦਾ ਮਾਮਲਾ ਸਾਹਮਣੇ ਆਇਆ ਹੈ।
Photo
ਬਿਹਾਰ ਦੀ ਰਾਜਧਾਨੀ ਪਟਨਾ, ਪੱਛਮੀ ਬੰਗਾਲ ਦੇ ਨਾਦੀਆ ਅਤੇ ਹਰਿਆਣਾ ਦੇ ਪਾਣੀਪਤ ਵਿਚ 14 ਦਿਨਾਂ ਦੇ ਜ਼ੀਰੋ ਕੇਸਾਂ ਤੋਂ ਬਾਅਦ ਕੋਰੋਨਾ ਦੇ ਮਰੀਜ਼ ਦੁਬਾਰਾ ਪਾਏ ਗਏ ਹਨ। ਸਿਹਤ ਮੰਤਰਾਲੇ ਨੇ ਦੱਸਿਆ ਕਿ ਬੀਤੇ 24 ਘੰਟਿਆਂ ਵਿਚ 991 ਨਵੇਂ ਮਾਮਲੇ ਸਾਹਮਣੇ ਆਏ ਹਨ ਅਤੇ ਮਰੀਜਾਂ ਦੀ ਗਿਣਤੀ ਵਧ ਕੇ 14378 ਤੱਕ ਪਹੁੰਚ ਗਈ ਹੈ। ਹੁਣ ਤੱਕ 480 ਮਰੀਜਾਂ ਦੀ ਮੌਤ ਹੋ ਚੁੱਕੀ ਹੈ, ਜਦਕਿ 1992 ਠੀਕ ਹੋ ਚੁੱਕੇ ਹਨ। ਦੇਸ਼ ਵਿਚ 11906 ਐਕਟਿਵ ਕੇਸ ਹਨ।
File Photo
ਮੰਤਰਾਲੇ ਨੇ ਦੱਸਿਆ ਕਿ ਭਾਰਤ ਵਿਚ ਕੋਵਿਡ 19 ਕਾਰਨ ਮੌਤ ਦਰ ਕਰੀਬ 3.3 ਪ੍ਰਤੀਸ਼ਤ ਹੈ। ਕੋਵਿਡ 19 ਨਾਲ ਹੋਈਆਂ ਮੌਤਾਂ ਵਿਚ 14.4 ਪ੍ਰਤੀਸ਼ਤ ਮ੍ਰਿਤਕ 45 ਸਾਲ ਤੋਂ ਘੱਟ ਉਮਰ ਦੇ ਸਨ, ਜਦਕਿ 10.3 ਪ੍ਰਤੀਸ਼ਤ ਮਾਮਲਿਆਂ ਵਿਚ 45 ਤੋਂ 60 ਸਾਲ ਦੇ ਵਿਚਕਾਰ ਮਰੀਜ ਸਨ, ਜਦਕਿ 33.1 ਪ੍ਰਤੀਸ਼ਤ ਮਾਮਲਿਆਂ ਵਿਚ ਮ੍ਰਿਤਕ 60 ਤੋਂ 75 ਸਾਲ ਦੇ ਸਨ ਅਤੇ 42.2 ਪ੍ਰਤੀਸ਼ਤ ਮਾਮਲਿਆਂ ਵਿਚ ਮ੍ਰਿਤਕ ਦੀ ਉਮਰ 75 ਸਾਲ ਜਾਂ ਇਸ ਤੋਂ ਵੱਧ ਸੀ।