
ਅਹੁਦਾ ਸੰਭਾਲਣ ਮਗਰੋਂ ਸੂਬੇ ਦੇ ਪਹਿਲੇ ਦੌਰੇ ’ਤੇ ਗਏ ਸਨ ਚੀਫ਼ ਜਸਟਿਸ
ਮੁੰਬਈ : ਭਾਰਤ ਦੇ ਚੀਫ ਜਸਟਿਸ ਬੀ.ਆਰ. ਗਵਈ ਨੇ ਅਹੁਦਾ ਸੰਭਾਲਣ ਮਗਰੋਂ ਮਹਾਰਾਸ਼ਟਰ ਦੇ ਅਪਣੇ ਪਹਿਲੇ ਦੌਰੇ ਮੌਕੇ ਉਨ੍ਹਾਂ ਦਾ ਸਵਾਗਤ ਕਰਨ ਲਈ ਸੂਬੇ ਦੇ ਮੁੱਖ ਸਕੱਤਰ, ਡੀ.ਜੀ.ਪੀ. ਜਾਂ ਸ਼ਹਿਰ ਦੇ ਪੁਲਿਸ ਕਮਿਸ਼ਨਰ ਦੀ ਗੈਰਹਾਜ਼ਰੀ ’ਤੇ ਨਾਰਾਜ਼ਗੀ ਜ਼ਾਹਰ ਕੀਤੀ ਹੈ।
ਗਵਈ ਨੇ 14 ਮਈ ਨੂੰ ਚੀਫ ਜਸਟਿਸ ਵਜੋਂ ਸਹੁੰ ਚੁਕੀ ਸੀ ਅਤੇ ਉਹ ਬਾਰ ਕੌਂਸਲ ਆਫ ਮਹਾਰਾਸ਼ਟਰ ਅਤੇ ਗੋਆ ਦੇ ਸਨਮਾਨ ਸਮਾਰੋਹ ਲਈ ਮੁੰਬਈ ਆਏ ਸਨ। ਸਮਾਗਮ ’ਚ ਗਵਈ ਨੇ ਕਿਹਾ ਕਿ ਉਹ ਅਜਿਹੇ ਛੋਟੇ ਮੁੱਦਿਆਂ ਨੂੰ ਦਰਸਾਉਣਾ ਨਹੀਂ ਚਾਹੁੰਦੇ ਪਰ ਜ਼ੋਰ ਦੇ ਕੇ ਕਿਹਾ ਕਿ ਲੋਕਤੰਤਰ ਦੇ ਤਿੰਨੇ ਥੰਮ੍ਹ ਬਰਾਬਰ ਹਨ ਅਤੇ ਉਨ੍ਹਾਂ ਨੂੰ ਇਕ-ਦੂਜੇ ਨੂੰ ਸਤਿਕਾਰ ਦੇਣਾ ਚਾਹੀਦਾ ਹੈ।
ਗਵਈ ਨੇ ਕਿਹਾ, ‘‘ਜਦੋਂ ਮਹਾਰਾਸ਼ਟਰ ਨਾਲ ਸਬੰਧਤ ਚੀਫ ਜਸਟਿਸ ਅਹੁਦਾ ਸੰਭਾਲਣ ਮਗਰੋਂ ਪਹਿਲੀ ਵਾਰ ਅਪਣੇ ਸੂਬੇ ’ਚ ਆਏ ਹਨ ਤਾਂ ਜੇਕਰ ਸੂਬੇ ਦੇ ਮੁੱਖ ਸਕੱਤਰ, ਡੀ.ਜੀ.ਪੀ. ਜਾਂ ਮੁੰਬਈ ਪੁਲਿਸ ਕਮਿਸ਼ਨਰ ਉੱਥੇ ਨਹੀਂ ਆਉਣਾ ਚਾਹੁੰਦੇ, ਇਹ ਉਨ੍ਹਾਂ ’ਤੇ ਨਿਰਭਰ ਕਰਦਾ ਹੈ ਕਿ ਇਹ ਸਹੀ ਹੈ ਜਾਂ ਨਹੀਂ।’’
ਉਨ੍ਹਾਂ ਕਿਹਾ ਕਿ ਇਹ ਸੰਸਥਾ ਦੇ ਹੋਰ ਅੰਗਾਂ ਵਲੋਂ ਨਿਆਂਪਾਲਿਕਾ ਪ੍ਰਤੀ ਸਤਿਕਾਰ ਦਾ ਸਵਾਲ ਹੈ ਅਤੇ ਉਹ ਪ੍ਰੋਟੋਕੋਲ ਦੀ ਪਾਲਣਾ ’ਤੇ ਜ਼ੋਰ ਨਹੀਂ ਦੇ ਰਹੇ ਹਨ। ਗਵਈ ਨੇ ਕਿਹਾ, ‘‘ਜਦ ਕਿਸੇ ਅੰਗ ਜਾਂ ਸੰਸਥਾ ਦਾ ਮੁਖੀ ਪਹਿਲੀ ਵਾਰ ਸੂਬੇ ’ਚ ਆ ਰਿਹਾ ਹੈ, ਖ਼ਾਸਕਰ ਜਦੋਂ ਉਹ ਵੀ ਉਕਤ ਸੂਬੇ ਨਾਲ ਸਬੰਧਤ ਹੋਵੇ, ਉਨ੍ਹਾਂ ਨੇ ਜੋ ਸਲੂਕ ਵਿਖਾਇਆ ਉਹ ਸਹੀ ਸੀ ਜਾਂ ਨਹੀਂ, ਉਨ੍ਹਾਂ ਨੂੰ ਖੁਦ ਸੋਚਣਾ ਚਾਹੀਦਾ ਹੈ।’’
ਸੀ.ਜੇ.ਆਈ. ਨੇ ਕਿਹਾ ਕਿ ਹਾਲਾਂਕਿ ਉਹ ਅਜਿਹੇ ਛੋਟੇ-ਮੋਟੇ ਮਾਮਲਿਆਂ ’ਚ ਨਹੀਂ ਪੈਣਾ ਚਾਹੁੰਦੇ, ਪਰ ਉਨ੍ਹਾਂ ਨੇ ਇਸ ਦਾ ਜ਼ਿਕਰ ਕਰਨ ਦੀ ਜ਼ਰੂਰਤ ਮਹਿਸੂਸ ਕੀਤੀ ਤਾਂ ਜੋ ਲੋਕਾਂ ਨੂੰ ਇਸ ਬਾਰੇ ਪਤਾ ਲੱਗ ਸਕੇ। ਗਵਈ ਨੇ ਕਿਹਾ, ‘‘ਜੇਕਰ ਮੇਰੀ ਥਾਂ ਕੋਈ ਹੋਰ ਹੁੰਦਾ ਤਾਂ ਧਾਰਾ 142 ਦੇ ਪ੍ਰਬੰਧਾਂ ’ਤੇ ਵਿਚਾਰ ਕੀਤਾ ਜਾਂਦਾ।’’
ਭਾਰਤੀ ਸੰਵਿਧਾਨ ਦੀ ਧਾਰਾ 142 ਸੁਪਰੀਮ ਕੋਰਟ ਨੂੰ ਕਿਸੇ ਵੀ ਮਾਮਲੇ ਜਾਂ ਉਸ ਦੇ ਸਾਹਮਣੇ ਵਿਚਾਰ ਅਧੀਨ ਮਾਮਲੇ ’ਚ ਪੂਰਾ ਨਿਆਂ ਕਰਨ ਲਈ ਜ਼ਰੂਰੀ ਸਮਝੇ ਜਾਣ ਵਾਲੇ ਫਰਮਾਨ ਜਾਂ ਹੁਕਮ ਪਾਸ ਕਰਨ ਦੀ ਸ਼ਕਤੀ ਦਿੰਦੀ ਹੈ। ਇਹ ਅਦਾਲਤ ਨੂੰ ਵਿਅਕਤੀਆਂ ਦੀ ਹਾਜ਼ਰੀ ਸੁਰੱਖਿਅਤ ਕਰਨ ਲਈ ਹੁਕਮ ਦੇਣ ਦੀ ਇਜਾਜ਼ਤ ਵੀ ਦਿੰਦਾ ਹੈ।