ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ‘ਅਨਲਾਕ 1.0’ ਦੌਰਾਨ ਕੋਰੋਨਾ ਵਾਇਰਸ ਨੂੰ ਫੈਲਣ ਤੋਂ ਰੋਕਣ ਬਾਰੇ ਰਾਜਾਂ ਨਾਲ ਵਿਚਾਰ-ਚਰਚਾ ਜਾਰੀ
ਨਵੀਂ ਦਿੱਲੀ, 17 ਜੂਨ : ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ‘ਅਨਲਾਕ 1.0’ ਦੌਰਾਨ ਕੋਰੋਨਾ ਵਾਇਰਸ ਨੂੰ ਫੈਲਣ ਤੋਂ ਰੋਕਣ ਬਾਰੇ ਰਾਜਾਂ ਨਾਲ ਵਿਚਾਰ-ਚਰਚਾ ਜਾਰੀ ਰਖਦਿਆਂ ਬੁਧਵਾਰ ਨੂੰ 14 ਰਾਜਾਂ ਅਤੇ ਕੇਂਦਰ ਸ਼ਾਸਤ ਪ੍ਰਦੇਸ਼ਾਂ ਦੇ ਮੁੱਖ ਮੰਤਰੀਆਂ ਅਤੇ ਉਨ੍ਹਾਂ ਦੇ ਪ੍ਰਤੀਨਿਧਾਂ ਨਾਲ ਗੱਲਬਾਤ ਕੀਤੀ। ਪ੍ਰਧਾਨ ਮੰਤਰੀ ਲਗਾਤਾਰ ਦੂਜੇ ਦਿਨ ਰਾਜਾਂ ਨਾਲ ਆਨਲਾਈਨ ਗੱਲਬਾਤ ਕਰ ਰਹੇ ਹਨ ਜਿਨ੍ਹਾਂ ਵਿਚ ਮਹਾਰਾਸ਼ਟਰ, ਦਿੱਲੀ, ਕਰਨਾਟਕ, ਗੁਜਰਾਤ, ਯੂਪੀ ਅਤੇ ਬਿਹਾਰ ਅਤੇ ਹੋਰ ਰਾਜਾਂ ਦੇ ਮੁੱਖ ਮੰਤਰੀਆਂ ਨੇ ਸ਼ਿਰਕਤ ਕੀਤੀ।
ਇਸ ਗੱਲਬਾਤ ਦੀ ਅਹਿਮੀਅਤ ਇਸ ਲਈ ਵੀ ਹੈ ਕਿਉਂਕਿ ਦੇਸ਼ ਵਿਚ ਕੋਰੋਨਾ ਵਾਇਰਸ ਦੇ ਬਹੁਤੇ ਮਾਮਲੇ ਇਨ੍ਹਾਂ ਵਿਚੋਂ ਹੀ ਕੁੱਝ ਰਾਜਾਂ ਤੋਂ ਸਾਹਮਣੇ ਆਏ ਹਨ। ਪਛਮੀ ਬੰਗਾਲ ਦੀ ਮੁੱਖ ਮੰਤਰੀ ਮਮਤਾ ਬੈਨਰਜੀ ਆਨਲਾਈਨ ਹੋ ਰਹੀ ਬੈਠਕ ਵਿਚ ਹਿੱਸਾ ਨਹੀਂ ਲੈ ਰਹੀ ਕਿਉਂਕਿ ਉਨ੍ਹਾਂ ਦਾ ਨਾਮ ਬੁਲਾਰਿਆਂ ਦੀ ਸੂਚੀ ਵਿਚ ਕਥਿਤ ਰੂਪ ਵਿਚ ਸ਼ਾਮਲ ਨਹੀਂ ਕੀਤਾ ਗਿਆ।
ਪ੍ਰਧਾਨ ਮੰਤਰੀ ਨੇ ਕਲ 21 ਰਾਜਾਂ ਦੇ ਮੁੱਖ ਮੰਤਰੀਆਂ, ਉਪ ਰਾਜਪਾਲਾਂ ਅਤੇ ਪ੍ਰਸ਼ਾਸਕਾਂ ਨਾਲ ਅਰਥਚਾਰੇ ਨੂੰ ਖੋਲ੍ਹਣ ਅਤੇ ਕੋਰੋਨਾ ਵਾਇਰਸ ਦੇ ਮਾਮਲਿਆਂ ਵਿਚ ਵਾਧੇ ਨੂੰ ਰੋਕਣ ਲਈ ਗੱਲਬਾਤ ਕੀਤੀ ਸੀ। ਕਲ ਮੋਦੀ ਨੇ ਆਗੂਆਂ ਨੂੰ ਦਸਿਆ ਸੀ ਕਿ ਅਰਥਚਾਰੇ ਵਿਚ ਸੁਧਾਰ ਦੇ ਸੰਕੇਤ ਦਿਸਣ ਲੱਗੇ ਹਨ ਅਤੇ ਦੇਸ਼ ਕੋਰੋਨਾ ਵਾਇਰਸ ਕਾਰਨ ਲਾਗੂ ਕੀਤੇ ਗਏ ਬੰਦ ਤੋਂ ਉਭਰ ਰਿਹਾ ਹੈ। ਉਨ੍ਹਾਂ ਜੀਵਨ ਅਤੇ ਰੋਜ਼ੀ-ਰੋਟੀ ਦੋਹਾਂ ਵਲ ਧਿਆਨ ਦੇਣ ਲਈ ਆਖਿਆ। (ਏਜੰਸੀ)